ਕਿਰਤੀ ਕਿਸਾਨ ਯੂਨੀਅਨ ਦਾ ਜੱਥਾ ਕੇ ਐਮ ਪੀ ਰੋਡ ਜਾਮ ਕਰਨ ਲਈ ਦਿੱਲੀ ਨੂੰ ਰਵਾਨਾ

ਨਵਾਂਸ਼ਹਿਰ 9 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ) ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ 10 ਅਪ੍ਰੈਲ ਨੂੰ ਕੇ ਐਮ ਪੀ ਰੋਡ ਦਿੱਲੀ ਨੂੰ ਜਾਮ ਕਰਨ ਦੇ ਦਿੱਤੇ ਸੱਦੇ ਵਿਚ ਸ਼ਮੂਲੀਅਤ ਕਰਨ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਦਾ ਤਿੰਨ ਬੱਸਾਂ ਅਤੇ ਤਿੰਨ ਕਾਰਾਂ ਦਾ ਜੱਥਾ ਰਿਲਾਇੰਸ ਦੇ ਸੁਪਰ ਸਟੋਰ ਨਵਾਂਸ਼ਹਿਰ ਅੱਗਿਓਂ ਦਿੱਲੀ ਲਈ ਰਵਾਨਾ ਹੋਇਆ।ਯੂਨੀਅਨ ਦੇ ਝੰਡਿਆਂ ਨਾਲ ਲੈਸ ਇਹ ਕਾਫਲਾ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਮਹਿਰਮ ਪੁਰ, ਤਰਸੇਮ ਸਿੰਘ ਬੈਂਸ,ਜਗਤਾਰ ਸਿੰਘ ਭਿੰਡਰ, ਸੋਹਣ ਸਿੰਘ ਅਟਵਾਲ ਸਾਧੂ ਸਿੰਘ ਚੂਹੜ ਪੁਰ ,ਮਨਜੀਤ ਕੌਰ ਅਲਾਚੌਰ ਦੀ ਅਗਵਾਈ ਵਿਚ ਰਵਾਨਾ ਹੋਇਆ।ਇਸ ਮੌਕੇ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਕੇ ਐਮ ਪੀ ਰੋਡ ਦਿੱਲੀ ਨੂੰ ਜਾਮ ਕਰਨਾ ਸੰਘਰਸ਼ ਦਾ ਇਕ ਪੜਾਅ ਹੈ ਅਤੇ ਮੋਦੀ ਸਰਕਾਰ ਨੂੰ ਚੇਤਾਵਨੀ ਦੇਣਾਂ ਹੈ ਕਿ ਨਾ  ਕਿਸਾਨੀ ਸੰਘਰਸ਼ ਮੱਠਾ ਪਿਆ ਹੈ ਨਾ ਹੀ ਕਿਸਾਨਾਂ ਦਾ ਜਜ਼ਬਾ।ਕਿਸਾਨਾਂ ਦਾ ਰੋਹ ਆਏ ਦਿਨ ਹੋਰ ਵੀ ਪ੍ਰਚੰਡ ਹੁੰਦਾ ਜਾ ਰਿਹਾ ਹੈ।ਇਸ ਮਾਰਗ ਜਾਮ ਦੀ ਸਫਲਤਾ ਮੋਦੀ ਸਰਕਾਰ ਦੇ ਸਾਰੇ ਭਰਮ ਭੁਲੇਖੇ ਤੋੜ ਸੁੱਟੇਗੀ।ਮੋਦੀ ਸਰਕਾਰ ਕੂੜ ਪ੍ਰਚਾਰ ਕਰ ਰਹੀ ਹੈ ਕਿ ਕਿਸਾਨ ਹੰਭ ਹਾਰ ਚੁੱਕੇ ਹਨ ਪਰ ਕਿਸਾਨਾਂ ਦਾ ਹਰ ਨਵਾਂ ਪੈਂਤੜਾ ਇਸ ਸਰਕਾਰ ਦੇ ਹਰ ਛਲ੍ਹ ਫਰੇਬ ਦਾ ਮੂੰਹ ਤੋੜ ਜਵਾਬ ਦੇ ਰਿਹਾ ਹੈ।ਇਹ ਘੋਲ ਹਰ ਹਾਲਾਤ ਵਿਚ ਜੇਤੂ ਹੋਕੇ ਨਿਕਲੇਗਾ ਅਤੇ ਮੋਦੀ ਸਰਕਾਰ ਨੂੰ ਆਖਰ ਹਾਰ ਦਾ ਮੂੰਹ ਦੇਖਣਾ ਪਵੇਗਾ।ਯੂਨੀਅਨ ਦੇ ਇਸਤਰੀ ਵਿੰਗ ਦੇ ਆਗੂ ਮਨਜੀਤ ਕੌਰ ਨੇ ਕਿਹਾ ਕਿ ਔਰਤਾਂ ਇਸ ਘੋਲ ਵਿਚ ਕਿਸਾਨ ਵੀਰਾਂ ਦਾ ਵੱਧ ਚੜ੍ਹਕੇ ਸਾਥ ਦੇ ਰਹੀਆਂ ਹਨ ਉਹ ਆਪਣੇ ਕਿਸਾਨ ਵੀਰਾਂ ਦੀ ਪਿੱਠ ਨਹੀਂ ਲੱਗਣ ਦੇਣਗੀਆਂ।
   ਕਾਫਲੇ ਨੂੰ ਰਵਾਨਾ ਕਰਦਿਆਂ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ, ਜਸਬੀਰ ਦੀਪ,ਬੂਟਾ ਸਿੰਘ ਨੇ ਕਿਹਾ ਕਿ ਅੱਜ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਚੋਂ ਕਿਰਤੀ ਕਿਸਾਨ ਯੂਨੀਅਨ ਦੇ ਕਈ ਕਾਫਲੇ ਦਿੱਲੀ ਲਈ ਰਵਾਨਾ ਹੋਏ ਹਨ।ਨਵਾਂਸ਼ਹਿਰ ਤੋਂ ਇਲਾਵਾ ਉੜਾਪੜ, ਲੰਗੜੋਆ, ਬੰਗਾ, ਔੜ,ਭਾਨਮਜਾਰਾ ਤੋਂ ਵੀ ਕਾਫਲੇ ਦਿੱਲੀ ਲਈ ਗਏ ਹਨ, ਕੁਝ ਰਾਤ ਸਮੇਂ ਦਿੱਲੀ ਵੱਲ ਵਹੀਰਾਂ ਘੱਤਣਗੇ।ਮੋਦੀ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਮਿਲਕੇ ਕਿਸਾਨੀ ਘੋਲ ਨੂੰ ਢਾਹ ਲਾਉਣ ਦੇ ਇਰਾਦੇ ਨਾਲ ਕਰੋਨਾ ਦੇ ਨਾਂਅ ਹੇਠ ਪੰਜਾਬ ਅੰਦਰ ਰਾਤ ਦਾ ਕਰਫਿਊ ਲਾਕੇ ਡਰ ਦਾ ਮਾਹੌਲ ਪੈਂਦਾ ਕਰ ਰਹੀਆਂ ਹਨ।ਸਕੂਲ ਕਾਲਜ ਬੰਦ ਕਰਕੇ ਨਵੀਂ ਪੀੜ੍ਹੀ ਨੂੰ ਬੌਧਿਕ ਕੰਗਾਲੀ ਵੱਲ ਧੱਕ ਰਹੀਆਂ ਹਨ ਪਰ ਇਹਨਾਂ ਦੇ ਲੋਕ ਵਿਰੋਧੀ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ।
ਕੈਪਸ਼ਨ:ਰਿਲਾਇੰਸ ਸਟੋਰ ਨਵਾਂਸ਼ਹਿਰ ਅੱਗਿਓਂ ਦਿੱਲੀ ਲਈ ਰਵਾਨਾ ਹੁੰਦਾ ਹੋਇਆ ਕਿਰਤੀ ਕਿਸਾਨ ਯੂਨੀਅਨ ਦਾ ਜੱਥਾ।