ਗੁਰਦੁਆਰਾ ਮੰਜੀ ਸਾਹਿਬ ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਲਿਆ ਜਾਇਜ਼ਾ

ਨਵਾਂਸ਼ਹਿਰ, 9 ਅਪ੍ਰੈਲ : (ਬਿਊਰੋ) ਵਿਧਾਇਕ ਅੰਗਦ ਸਿੰਘ ਨੇ ਹਲਕੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਦੌਰਾਨ ਗੁਰਦੁਆਰਾ ਮੰਜੀ ਸਾਹਿਬ ਵਾਲੀ ਸੜਕ ਦੇ ਚੱਲ ਰਹੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ। ਇਸ ਸੜਕ ਦਾ ਨਿਰਮਾਣ ਕਾਰਜ ਪਿਛਲੇ ਕਾਫੀ ਸਮੇਂ ਤੋਂ ਲਟਕਿਆ ਹੋਇਆ ਸੀ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੌਰਾਨ ਉਨਾਂ ਹਦਾਇਤ ਕੀਤੀ ਕਿ ਨਿਰਮਾਣ ਕਾਰਜਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਇਨਾਂ ਲਈ ਉੱਚ ਮਿਆਰੀ ਮਟੀਰੀਅਲ ਵਰਤਿਆ ਜਾਵੇ। ਇਸ ਦੌਰਾਨ ਉਨਾਂ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਉਨਾਂ ਦੇ ਹੱਲ ਲਈ ਮੌਕੇ 'ਤੇ ਹੀ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਉਨਾਂ ਕਿਹਾ ਕਿ ਨਵਾਂਸ਼ਹਿਰ ਹਲਕੇ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਅਤੇ ਹਲਕੇ ਵਿਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ। ਉਨਾਂ ਕਿਹਾ ਕਿ ਹਲਕਾ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਾਰੀਆਂ ਮੁੱਖ ਸੜਕਾਂ ਦੀ ਨੁਹਾਰ ਬਦਲੀ ਗਈ ਹੈ ਅਤੇ ਪਿੰਡਾਂ ਦੀਆਂ ਸੜਕਾਂ ਦਾ ਕਾਇਆ ਕਲਪ ਕੀਤਾ ਜਾ ਰਿਹਾ ਹੈ। ਇਸੇ ਤਰਾਂ ਇਲਾਕੇ ਦੇ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਪਾਸੇ ਲਾਉਣ ਲਈ ਕਈ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਇਸ ਮੌਕੇ ਵਾਰਡ ਨੰਬਰ 19 ਦੇ ਕੌਂਸਲਰ ਜਸਵੀਰ ਕੌਰ, ਗੁਰਮਿੰਦਰ ਸਿੰਘ ਬਡਵਾਲ, ਬਲਵਿੰਦਰ ਭੁੰਬਲਾ, ਹੈਪੀ ਭਾਟੀਆ, ਜਤਿੰਦਰ ਬਾਲੀ, ਰਾਜਵਿੰਦਰ ਹੀਰ, ਕੁਲਵਿੰਦਰ ਅਟਵਾਲ, ਬਹਾਦਰ ਸਿੰਘ, ਨਿਰਮਲ ਸਿੰਘ, ਕੁਲਵੀਰ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਮਹੇ ਅਤੇ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨ :- ਗੁਰਦੁਆਰਾ ਮੰਜੀ ਸਾਹਿਬ ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਅੰਗਦ ਸਿੰਘ।