ਜੰਗਲਾਤ ਵਿਭਾਗ ਨੇ 120 ਏਕੜ ਰਕਬੇ ’ਚੋਂ ਨਾਜਾਇਜ਼ ਕਬਜ਼ਾ ਛੁਡਵਾਇਆ


ਨਵਾਂਸ਼ਹਿਰ, 6 ਜਨਵਰੀ : (ਐਨ ਟੀ) ਜੰਗਲਾਤ ਵਿਭਾਗ ਵੱਲੋਂ ਅੱਜ ਬੁਰਜ ਟਹਿਲ ਦਾਸ ਵਿਖੇ ਜੰਗਲ ਦੇ 120 ਏਕੜ ਰਕਬੇ ਵਿਚੋਂ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਜੰਗਲਾਤ ਅਫ਼ਸਰ ਸਤਿੰਦਰ ਸਿੰਘ ਨੇ ਦੱਸਿਆ ਕਿ ਦਰਿਆ ਤੋਂ ਪਾਰ ਲੁਧਿਆਣੇ ਵਾਲੇ ਪਾਸੇ ਸਰਕਾਰੀ ਜੰਗਲ ਤੋਂ ਪੁਲਿਸ ਦੀ ਮੌਜੂਦਗੀ ਵਿਚ ਇਹ ਨਾਜਾਇਜ਼ ਕਬਜ਼ਾ ਹਟਾਇਆ ਗਿਆ। ਉਨਾਂ ਦੱਸਿਆ ਕਿ ਇਸ ਦੌਰਾਨ ਸਬੰਧਤ ਕਾਨੂੰਗੋ ਅਤੇ ਪਟਵਾਰੀ ਵੱਲੋਂ ਮੌਕੇ 'ਤੇ ਨਿਸ਼ਾਨਦੇਹੀ ਕਰ ਕੇ ਬੁਰਜੀਆਂ ਲਗਾਈਆਂ ਗਈਆਂ ਅਤੇ ਜੰਗਲਾਤ ਮਹਿਕਮੇ ਵੱਲੋਂ ਉਥੇ ਬੂਟ ਵੀ ਲਗਾਏ ਗਏ। ਉਨਾਂ ਦੱਸਿਆ ਕਿ ਉਸ ਜਗਾ 'ਤੇ ਹੋਰ ਬੂਟੇ ਲਗਾ ਕੇ ਜਲਦ ਹੀ ਤਾਰ ਲਗਾ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਕਾਫੀ ਸਮੇਂ ਤੋਂ ਇਸ ਸਰਕਾਰੀ ਜਗਾ 'ਤੇ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜਿਸ ਨੂੰ ਅੱਜ ਸ਼ਾਂਤੀਪੂਰਨ ਢੰਗ ਨਾਲ ਹਟਾ ਦਿੱਤਾ ਗਿਆ। ਉਨਾਂ ਕਿਹਾ ਕਿ ਜੂਨ-ਜੁਲਾਈ ਵਿਚ ਇਸ ਇਲਾਕੇ ਦੇ ਵੱਧ ਤੋਂ ਵੱਧ ਰਕਬੇ ਨੂੰ ਹਰਿਆ-ਭਰਿਆ ਬਣਾਉਣ ਲਈ ਵੱਡੀ ਪੱਧਰ 'ਤੇ ਪਲਾਂਟੇਸ਼ਨ ਕੀਤੀ ਜਾਵੇਗੀ। ਇਸ ਮੌਕੇ ਵਣ ਰੇਂਜ ਅਫ਼ਸਰ ਗੁਰਦਾਸ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਜੰਗਲਾਤ ਮਹਿਕਮੇ ਦੇ ਕਰਮਚਾਰੀ ਹਾਜ਼ਰ ਸਨ।  
ਕੈਪਸ਼ਨ :-ਬੁਰਜ ਟਹਿਲ ਦਾਸ ਵਿਖੇ ਜੰਗਲ ਵਿਚੋਂ ਨਾਜਾਇਜ਼ ਕਬਜ਼ਾ ਛੁਡਵਾਉਣ ਮੌਕੇ ਜ਼ਿਲਾ ਜੰਗਲਾਤ ਅਫ਼ਸਰ ਸਤਿੰਦਰ ਸਿੰਘ, ਵਣ ਰੇਂਜ ਅਫ਼ਸਰ ਗੁਰਦਾਸ ਸਿੰਘ ਤੇ ਹੋਰ ਅਧਿਕਾਰੀ।