ਪਟਿਆਲਾ, 2 ਅਗਸਤ: 'ਸਿੰਗਲ ਯੂਜ਼ ਪਲਾਸਟਿਕ' ਦੀ ਵਰਤੋਂ 'ਤੇ ਲੱਗੀ ਪੂਰਨ ਪਾਬੰਦੀ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਥੇ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ 5 ਅਗਸਤ ਨੂੰ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਬਾਰੇ ਇੱਕ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਏ.ਡੀ.ਸੀ. ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਸਿੰਗਲ ਯੂਜ਼ ਪਲਾਸਟਿਕ' ਦੀ ਵਰਤੋਂ ਰੋਕਣ ਲਈ ਸੂਬਾ ਪੱਧਰੀ ਮੁਹਿੰਮ ਦੀ ਸ਼ੁਰੂਆਤ ਕਰਨਗੇ ਅਤੇ ਇਸੇ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ। ਗੌਤਮ ਜੈਨ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਉਪਰ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਵਾਤਾਵਰਨ ਪੱਖੀ ਇਸ ਮਹੱਤਵਪੂਰਨ ਫੈਸਲੇ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੀ ਸਿੰਗਲ ਯੂਜ਼ ਪਲਾਸਟਿਕ 'ਤੇ ਵੀ ਪੂਰਣ ਰੋਕ ਲਗਾਈ ਗਈ ਹੈ। ਇਸ ਵਿਸ਼ੇਸ ਫੈਸਲੇ ਅਤੇ ਇਸ ਦੇ ਅਸਰ ਬਾਰੇ ਆਮ ਲੋਕਾ ਨੂੰ ਜਾਣੂ ਕਰਾਉਂਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ 5 ਅਗਸਤ ਨੂੰ ਜਿਲ੍ਹਾ ਪੱਧਰ ਤੇ ਜਾਗਰੂਕਤਾ ਸਮਾਗਮ ਕੀਤਾ ਜਾ ਰਿਹਾ ਹੈ। ਇਸ ਮੌਕੇ ਸਿੰਗਲ ਯੂਜ਼ ਪਲਾਸਟਿਕ'ਤੇ ਲਾਈ ਪਾਬੰਦੀ ਪ੍ਰਤੀ ਜਾਗਰੂਕਤਾ ਦੇ ਨਾਲ-ਨਾਲ ਲੋਕਾਂ ਨੂੰ ਇਸ ਦੇ ਬਦਲ ਵੀ ਦੱਸੇ ਜਾਣਗੇ। ਅੱਜ ਦੀ ਇਸ ਮੀਟਿੰਗ ਮੌਕੇ ਏ.ਡੀ.ਸੀ. ਨੇ ਇਸ ਸਮਾਗਮ ਨੂੰ ਸਫਲਤਾਪੂਰਨ ਨੇਪਰੇ ਚਾੜ੍ਹਨ ਲਈ ਪੰਜਾਬ ਪ੍ਰਦੂਸਨ ਰੋਕਥਾਮ ਬੋਰਡ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਕਾਰਜਸਾਧਕ ਅਫ਼ਸਰਾਂ ਨੂੰ ਵਿਸ਼ੇਸ ਜਿੰਮੇਵਾਰੀਆਂ ਸੌਪੀਆਂ। ਉਨਾਂ ਕਿਹਾ ਕਿ ਇਸ ਜਾਗਰੂਕਤਾ ਸਮਾਗਮ ਵਿੱਚ ਸਮਾਜ ਸੇਵੀ ਸੰਸਥਾਵਾਂ, ਸਕੁਲਾਂ ਅਤੇ ਕਾਲਜਾਂ ਤੋਂ ਵਿਦਿਆਰਥੀ ਅਤੇ ਆਮ ਜਨਤਾ ਵਿਸੇਸ਼ ਤੌਰ 'ਤੇ ਹਾਜਰ ਹੋਣਗੇ। ਇਸ ਮੌਕੇ ਸਹਾਇਕ ਵਧੀਕ ਡਿਪਟੀ ਕਮਿਸ਼ਨਰ (ਜ) ਕਿਰਨ ਸ਼ਰਮਾ ਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਜਨ ਹਿਤ ਸੰਮਤੀ ਦੇ ਨੁਮਾਇੰਦੇ ਮੌਜੂਦ ਸਨ।