​ ‘ਮਿਸ਼ਨ ਸੁਨਹਿਰੀ ਸ਼ੁਰੂਆਤ’ ਬੇਰੋਜ਼ਗਾਰ ਨੌਜੁਆਨਾਂ ਲਈ ਬਣਿਆ ਆਸ ਦੀ ਕਿਰਨ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਰਜਿਸਟਰ ਹੋਏ 65 ਉਮੀਦਵਾਰਾਂ ਦੀ ਸਿਖਲਾਈ ਆਰੰਭ

ਨਵਾਂਸ਼ਹਿਰ, 1 ਅਗਸਤ : ਪੰਜਾਬ ਸਰਕਾਰ ਵੱਲੋਂ ਰਾਜ ਦੇ ਨੌਜੁਆਨਾਂ ਨੂੰ ਸਰਕਾਰੀ ਦੇ ਨਾਲ-ਨਾਲ ਨਿੱਜੀ ਖ਼ੇਤਰਾਂ 'ਚ ਵੀ ਰੋਜ਼ਗਾਰ ਉਪਲਬਧ ਕਰਵਾਉਣ ਲਈ ਅੱਜ ਤੋਂ ਸ਼ੁਰੂ ਹੋਇਆ 'ਮਿਸ਼ਨ ਸੁਨਹਿਰੀ' ਨੌਜੁਆਨਾਂ ਲਈ ਵੱਡੀ ਆਸ ਬਣ ਕੇ ਆਇਆ ਹੈ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ 'ਮਿਸ਼ਨ ਸੁਨਹਿਰੀ' ਤਹਿਤ ਪੰਜਾਬ ਸਰਕਾਰ ਵੱਲੋਂ ਬਿਜ਼ਨਸ ਪ੍ਰੋਸੈਸ ਆਊਟਸੋਰਸ ਖ਼ੇਤਰ 'ਚ ਸੂਬੇ ਦੇ 1000 ਨੌਜੁਆਨਾਂ ਲਈ ਰੋਜ਼ਗਾਰ ਦੇ ਮੌਕੇ ਆਕਰਸ਼ਕ ਤਨਖਾਹ ਦਰਾਂ 'ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚ 10+2 ਅਤੇ ਗ੍ਰੈਜੂਏਟ ਉਮੀਦਵਾਰਾਂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਨਿੱਜੀ ਖ਼ੇਤਰ ਦੀਆਂ ਕੰਪਨੀਆਂ 'ਚ ਕਸਟਮਰ ਕੇਅਰ ਐਗਜ਼ੀਕਿਊਟਿਵ, ਅਕਾਊਂਟਸ ਐਗਜ਼ੀਕਿਊਟਿਵ ਅਤੇ ਸੇਲਜ਼ ਐਗਜ਼ੀਕਿਊਟਿਵ ਦੀਆਂ ਸੇਵਾਵਾਂ ਲਈ ਚੁਣਿਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼ਹੀਦ ਭਗਤ ਸਿੰਘ ਨਗਰ ਵਿਖੇ ਰਜਿਸਟਰ ਹੋਏ 65 ਉਮੀਦਵਾਰਾਂ ਦੀ 10 ਦਿਨਾਂ ਦੀ ਸਿਖਲਾਈ ਸ਼ੁਰੂ ਕੀਤੀ ਗਈ ਹੈ। ਇਸ ਸਿਖਲਾਈ ਦੌਰਾਨ ਉਮੀਦਵਾਰਾਂ ਨੂੰ ਕਮਿਊਨਿਕੇਸ਼ਨ ਸਕਿੱਲਜ਼, ਇੰਗਲਿਸ਼, ਗ੍ਰਾਹਕਾਂ ਨਾਲ ਵਰਤੋਂ-ਵਿਵਹਾਰ ਆਦਿ 'ਸਾਫ਼ਟ ਸਕਿੱਲਜ਼' ਦੀ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਉਪਰੰਤ 16 ਅਗਸਤ ਤੋਂ ਉਮੀਦਵਾਰਾਂ ਦੀ ਪਲੇਸਮੈਂਟ ਸਬੰਧੀ ਕਾਰਵਾਈ ਅਰੰਭੀ ਜਾਵੇਗੀ। ਇਨ੍ਹਾਂ ਉਮੀਦਵਾਰਾਂ ਨੂੰ 10,000 ਤੋਂ 35,000 ਰੁਪਏ ਪ੍ਰਤੀ ਮਹੀਨਾ ਦਾ 'ਸੈਲਰੀ ਪੈਕੇਜ਼' ਦਿੱਤਾ ਜਾਵੇਗਾ। ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਜੇਕਰ ਜ਼ਿਲ੍ਹੇ ਨਾਲ ਸਬੰਧਤ ਕੋਈ ਹੋਰ ਵੀ ਨੌਜੁਆਨ (12ਵੀਂ/ਗ੍ਰੇਜੂਏਸ਼ਨ) ਇਸ ਕਿੱਤੇ 'ਚ ਜਾਣ ਦੇ ਚਾਹਵਾਨ ਹਨ ਤਾਂ ਉਹ ਤੁਰੰਤ ਬਿਊਰੋ ਦੀ ਹੈਲਪ ਲਾਈਨ ਨੰ: 88727-59915 'ਤੇ ਜਾਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ (ਡੀ ਸੀ ਦਫ਼ਤਰ) ਨਵਾਂਸ਼ਹਿਰ ਦੀ ਤੀਸਰੀ ਮੰਜ਼ਿਲ 'ਤੇ ਸਥਿਤ ਬਿਉਰੋ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ। ਸਿਖਲਾਈ ਸ਼ੁਰੂ ਕਰਨ ਮੌਕੇ ਅਮਿਤ ਕੁਮਾਰ, ਪਲੇਸਮੈਂਟ ਅਫਸਰ ਅਤੇ ਹਰਮਨਦੀਪ ਸਿੰਘ, ਕਰੀਅਰ ਕਾੳੂਂਸਲਰ ਵੀ ਹਾਜ਼ਰ ਸਨ।