ਸੰਯੁਕਤ ਕਿਸਾਨ ਮੋਰਚਾ ਅਤੇ ਇਫਟੂ ਨੇ ਨਵਾਂਸ਼ਹਿਰ ਵਿਚ ਕੌਮਾਂਤਰੀ ਮਈ ਦਿਵਸ ਅਤੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਲੋਕ ਡਾਊਨ ਅਤੇ ਕਰਫ਼ਿਊ ਹਟਾ ਕੇ ਸਿਹਤ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੀ ਕੀਤੀ ਮੰਗ
ਨਵਾਂਸ਼ਹਿਰ 1 ਮਈ (ਬਿਊਰੋ) ਅੱਜ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫਟੂ)ਵੱਲੋਂ ਦੁਸਹਿਰਾ ਗਰਾਉਂਡ ਨਵਾਂਸ਼ਹਿਰ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ ਜਿਸ ਵਿਚ ਮਜ਼ਦੂਰਾਂ ਕਿਸਾਨਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਭੁਪਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ,ਡੀ ਐਲ ਏ ਦੇ ਸੂਬਾ ਕਨਵੀਨਰ ਦਲਜੀਤ ਸਿੰਘ ਐਡਵੋਕੇਟ, ਇਫਟੂ ਦੇ ਆਗੂਆਂ ਅਵਤਾਰ ਸਿੰਘ ਤਾਰੀ, ਗੁਰਦਿਆਲ ਰੱਕੜ, ਪ੍ਰਵਾਸੀ ਮਜ਼ਦੂਰ ਯੂਨੀਅਨ ਦੇ ਆਗੂ ਪ੍ਰਵੀਨ ਕੁਮਾਰ ਨਿਰਾਲਾ, ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਗੁਰਬਖ਼ਸ਼ ਕੌਰ ਸੰਘਾ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਜਸਬੀਰ ਦੀਪ, ਆਟੋ ਵਰਕਰਜ਼ ਯੂਨੀਅਨ ਦੇ ਆਗੂ ਬਿੱਲਾ ਗੁੱਜਰ, ਪ੍ਰੋਫੈਸਰ ਰਾਕੇਸ਼ ਵਰਮਾ ਜਲੰਧਰ, ਜਰਨੈਲ ਸਿੰਘ ਖ਼ਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਵਿਚ ਬਹੁਤ ਵੱਡੀ ਮਹੱਤਤਾ ਰੱਖਦਾ ਹੈ। ਅੱਜ ਮਨੁੱਖੀ ਅਧਿਕਾਰਾਂ ਲਈ ਆਪਣੇ ਸੀਸ ਦਾ ਬਲੀਦਾਨ ਦੇਣ ਵਾਲੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਦਿਹਾੜਾ ਹੈ। ਅੱਜ ਦੁਨੀਆ ਭਰ ਵਿਚ ਮਨਾਇਆ ਜਾ ਰਿਹਾ ਮਈ ਦਿਵਸ ਮਨਾਇਆ ਜਾ ਰਿਹਾ ਹੈ । ਅੱਜ ਦਾ ਦਿਨ ਸਾਨੂੰ ਸੁਨੇਹਾ ਦਿੰਦਾ ਹੈ ਕਿ ਆਓ ਅੱਜ ਅਸੀਂ ਮਨੁੱਖੀ ਅਧਿਕਾਰਾਂ ਲਈ ਅਤੇ ਕਿਰਤ ਦੀ ਲੁੱਟ ਵਿਰੁੱਧ ਤਿੱਖੇ ਸੰਘਰਸ਼ ਕਰਨ ਲਈ ਪ੍ਰਣ ਕਰੀਏ। ਸਰਕਾਰਾਂ ਕਰੋਨਾ ਦਾ ਡਰ ਦੇ ਕੇ ਲੋਕਾਂ ਲੋਕ ਡਾਊਨ ਅਤੇ ਕਰਫ਼ਿਊ ਲਾਕੇ ਛੋਟੇ ਕਾਰੋਬਾਰ ਬਰਬਾਦ ਕਰ ਰਹੀ ਹੈ ਲੋਕ ਵਿਰੋਧੀ ਨੀਤੀਆਂ ਅਤੇ ਪੂੰਜੀਵਾਦੀ ਅਤੇ ਸਾਮਰਾਜੀ ਪੱਖੀ ਨੀਤੀਆਂ ਲਾਗੂ ਕਰ ਰਹੀਆਂ ਹਨ। ਕਰੋਨਾ ਨੇ ਸਰਕਾਰਾਂ ਦੇ ਸਿਹਤ ਸੁਰੱਖਿਆ ਸਬੰਧੀ ਸਾਰੇ ਦਾਅਵੇ ਝੂਠੇ ਸਾਬਤ ਕਰ ਦਿੱਤੇ ਹਨ। ਭਾਰਤ ਵਿਚ ਰੋਜ਼ਾਨਾ ਇਕ ਲੱਖ ਟਨ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਹੈ, ਜਿਸ ਵਿਚੋਂ 80ਫ਼ੀਸਦੀ ਆਕਸੀਜਨ ਪਾਈਪਾਂ ਰਾਹੀਂ ਸਟੀਲ ਅਤੇ ਲੋਹ ਸਨਅਤ ਨੂੰ ਸਪਲਾਈ ਹੁੰਦੀ ਹੈ, 15 ਫ਼ੀਸਦੀ ਟੈਂਕਰਾਂ ਰਾਹੀਂ ਸਪਲਾਈ ਹੁੰਦੀ ਹੈ,ਜਦਕਿ ਸਿਰਫ਼ 5 ਫ਼ੀਸਦੀ ਹੀ ਸਿਲੰਡਰਾਂ ਰਾਹੀਂ ਸਪਲਾਈ ਹੁੰਦੀ ਹੈ। ਸਰਕਾਰਾਂ ਇਕ ਸਾਲ ਵਿਚ ਸਿਲੰਡਰਾਂ ਵਾਲੀ ਆਕਸੀਜਨ ਦਾ ਵੀ ਭੰਡਾਰ ਨਹੀਂ ਕਰ ਸਕੀ ਜੋ ਸਰਕਾਰ ਦੀ ਨਾਲਾਇਕੀ ਸਾਬਤ ਕਰਦੀ ਹੈ। ਵੈਂਟੀਲੇਟਰ ਦਵਾਈਆਂ ਅਤੇ ਵੈਕਸੀਨ ਦਾ ਵੀ ਲੋੜੀਂਦਾ ਪ੍ਰਬੰਧ ਵੀ ਨਹੀਂ ਕੀਤਾ। ਡਾਕਟਰਾਂ ਅਤੇ ਨਰਸਾਂ ਦੀ ਵੀ ਭਰਤੀ ਨਹੀਂ ਕੀਤੀ ਗਈ।ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਦੇ ਰਹਿਮੋ-ਕਰਮ ਉੱਤੇ ਛੱਡ ਦਿੱਤਾ ਗਿਆ ਜੋ ਮਰੀਜ਼ਾਂ ਕੋਲੋਂ ਚਾਂਦੀ ਕੁੱਟ ਰਹੇ ਹਨ। ਬੁਲਾਰਿਆਂ ਨੇ ਲੋਕ ਡਾਊਨ ਅਤੇ ਕਰਫ਼ਿਊ ਲਾਉਣ ਦੀ ਥਾਂ ਲੋਕਾਂ ਨੂੰ ਚੇਤਨ ਕਰਨ,ਵੈਕਸੀਨ, ਦਾਈਆਂ, ਆਕਸੀਜਨ ਅਤੇ ਵੈਂਟੀਲੇਟਰਾਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਪੁਨੀਤ ਬਛੌੜੀ, ਮੱਖਣ ਸਿੰਘ ਭਾਨ ਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ, ਹਰੀ ਰਾਮ ਰਸੂਲਪੁਰੀ,ਮਨਜੀਤ ਕੌਰ ਅਲਾਚੌਰ, ਸਿਮਰਨਜੀਤ ਕੌਰ ਸਿੰਮੀ ਨੇ ਵੀ ਸੰਬੋਧਨ ਕੀਤਾ।