ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀਆਂ ਐਪਾਂ ਸਬੰਧੀ ਗੂਗਲ ਮੀਟ ਰਾਹੀਂ ਦਿੱਤੀ ਟ੍ਰੇਨਿੰਗ

ਜ਼ਿਲੇ ਦੇ ਸਮੂਹ ਈ. ਆਰ. ਓਜ਼, ਸੁਪਰਵਾਈਜ਼ਰਾਂ ਅਤੇ ਬੀ. ਐਲ. ਓਜ਼ ਨੇ ਲਿਆ ਭਾਗ
ਨਵਾਂਸ਼ਹਿਰ, 10 ਅਪ੍ਰੈਲ: ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਗਰੁੜਾ ਐਪ, ਵੋਟਰ ਹੈਲਪ ਲਾਈਨ ਐਪ ਅਤੇ ਦਿਵਿਆਂਗ ਵਿਅਕਤੀਆਂ ਲਈ ਤਿਆਰ ਪੀ. ਡਬਲਿਊ. ਡੀ ਐਪ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਦੇ ਆਦੇਸ਼ਾਂ ਅਨੁਸਾਰ ਜ਼ਿਲੇ ਦੇ ਸਮੂਹ ਈ. ਆਰ. ਓਜ਼, ਸੁਪਰਵਾਈਜ਼ਰਾਂ ਅਤੇ ਬੀ. ਐਲ. ਓਜ਼ ਨੂੰ ਗੂਗਲ ਮੀਟ ਰਾਹੀਂ ਟ੍ਰੇਨਿੰਗ ਦਿੱਤੀ ਗਈ। ਇਸ ਦੌਰਾਨ ਦੱਸਿਆ ਗਿਆ ਕਿ ਗਰੁੜਾ ਐਪ ਰਾਹੀਂ ਬੀ. ਐਲ. ਓਜ਼ ਕਿਵੇਂ ਆਪਣੇ ਭਾਗ ਵਿਚ ਨਵੀਆਂ ਵੋਟਾਂ ਬਣਾਉਣ, ਦਰੁਸਤੀ ਕਰਵਾਉਣ ਆਦਿ ਕੰਮ ਆਪਣੇ ਮੋਬਾਈਲ ਨੰਬਰ ਨਾਂਲ ਲਾਗਇਨ ਕਰ ਕੇ ਖ਼ੁਦ ਕਰ ਸਕਦੇ ਹਨ ਅਤੇ ਵੋਟਰ ਹੈਲਪ ਰਾਹੀਂ ਵੋਟਰ ਆਪਣੀ ਵੋਟ ਖ਼ੁਦ ਅਪਲਾਈ, ਨਾਮ ਆਦਿ ਵਿਚ ਦਰੁਸਤੀ, ਆਪਣੀ ਵੋਟ ਚੈੱਕ ਅਤੇ ਈ-ਐਪਿਕ ਡਾਊਨਲੋਡ ਕਰ ਸਕਦੇ ਹਨ। ਇਸ ਮੌਕੇ ਇਹ ਵੀ ਹਦਾਇਤ ਕੀਤੀ ਗਈ ਕਿ ਵਿਧਾਨ ਸਭਾ ਚੋਣ ਹਲਕਿਆਂ ਵਿਚ ਤਾਇਨਾਤ ਸਮੂਹ ਸੁਪਰਵਾਈਜ਼ਰ ਅਤੇ ਬੀ. ਐਲ.ਓਜ਼ ਆਪਣੇ ਵੋਟਰਾਂ ਨੂੰ ਵੋਟਰ ਹੈਲਪ ਲਾਈਨ ਸਬੰਧੀ ਜਾਗਰੂਕ ਕਰਨ ਅਤੇ ਵੋਟਰਾਂ ਦੇ ਮੋਬਾਈਲ ਫੋਨ ਵਿਚ ਐਪ ਡਾਊਨਲੋਡ ਕਰਵਾ ਕੇ ਵੋਟਰ ਨੂੰ ਇਸ ਐਪ ਸਬੰਧੀ ਜਾਣਕਾਰੀ ਦੇਣਗੇ ਕਿ ਕਿਸ ਤਰਾਂ ਉਹ ਆਪਣੀ ਵੋਟ ਚੈੱਕ ਕਰ ਸਕਦੇ ਹਨ ਅਤੇ ਚੋਣਾਂ ਸਬੰਧੀ ਪੂਰੀ ਜਾਣਕਾਰੀ ਐਪ ਰਾਹੀਂ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਵੋਟਰ ਉਕਤ ਐਪਾਂ ਰਾਹੀਂ ਵੋਟ ਦੂਸਰੀ ਥਾਂ 'ਤੇ ਅਸਾਨੀ ਨਾਲ ਟਰਾਂਸਫਰ ਵੀ ਕਰ ਸਕਦੇ ਹਨ, ਜਿਸ ਲਈ ਉਨਾਂ ਨੂੰ ਵਾਰ-ਵਾਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ। ਇਸ ਤੋਂ ਇਲਾਵਾ ਸਾਰੇ ਦਿਵਿਆਂਗ ਵਿਅਕਤੀਆਂ ਦੀਆਂ ਵੋਟਾਂ ਬਣਾਉਣ ਅਤੇ ਵੋਟਰ ਸੂਚੀ ਵਿਚ ਮਾਰਕ ਕਰਨ ਲਈ ਵੀ ਸਮੂਹ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਗਈ। ਇਸੇ ਤਰਾਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬੇਘਰੇ ਵਿਅਕਤੀਆਂ ਦੀ ਪਹਿਚਾਣ ਕਰਨ ਉਪਰੰਤ ਉਨਾਂ ਦੀਆਂ ਵੋਟਾਂ ਬਣਾਉਣ ਲਈ ਵੀ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਗਈ।