ਪਟਿਆਲਾ ਪੁਲਿਸ ਨੇ ਭਗੌੜੇ ਮੁਜਰਿਮਾਂ ਖਿਲਾਫ ਸਖਤ ਰੁਖ ਅਖ਼ਤਿਆਰ ਕੀਤਾ

ਇੱਕ ਹੋਰ ਭਗੌੜੇ ਅਪਰਾਧੀ ਦੀ ਪੰਜ ਏਕੜ ਖੇਤੀਬਾੜੀ ਜ਼ਮੀਨ ਜ਼ਬਤ
 ਪਟਿਆਲਾ, 3 ਅਪ੍ਰੈਲ- ਅਪਰਾਧਿਕ ਅਤੇ ਹੋਰ ਮਾਮਲਿਆਂ ਵਿੱਚ ਭਗੌੜੇ ਵਿਅਕਤੀਆਂ ਖਿਲਾਫ ਕੀਤੀ ਜਾ ਰਹੀ ਸਖ਼ਤੀ ਨੂੰ ਜਾਰੀ ਰੱਖਦਿਆਂ, ਪਟਿਆਲਾ ਪੁਲਿਸ ਨੇ ਕੱਲ੍ਹ 1.25 ਕਰੋੜ ਰੁਪਏ ਮੁੱਲ ਦੀ ਜਾਇਦਾਦ ਨੂੰ ਜ਼ਬਤ ਕੀਤਾ।   ਇਹ ਜਾਣਕਾਰੀ ਦਿੰਦਿਆਂ ਸ੍ਰੀ ਵਿਕਰਮ ਜੀਤ ਦੁੱਗਲ, ਐਸ ਐਸ ਪੀ ਪਟਿਆਲਾ ਨੇ ਦੱਸਿਆ ਕਿ ਮੁਲਜ਼ਮ ਜਤਿੰਦਰ ਸਿੰਘ ਨਿਵਾਸੀ ਪਿੰਡ ਧਨੌਰੀ ਨੂੰ 28 ਮਾਰਚ, 2016 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਉਸ ਵਿਰੁੱਧ ਸਾਲ 2011 ਵਿੱਚ ਥਾਣਾ ਸਦਰ ਸਮਾਣਾ ਵਿਖੇ ਆਈ ਪੀ ਸੀ ਦੀ ਧਾਰਾ 452,325,323,324,341, 506 ਤਹਿਤ ਕੇਸ ਦਰਜ ਕੀਤਾ ਗਿਆ ਸੀ।  ਜਦੋਂ ਉਹ ਆਤਮ ਸਮਰਪਣ ਕਰਨ ਵਿੱਚ ਅਸਫਲ ਰਿਹਾ, ਤਦ ਉਸਦੇ ਵਿਰੁੱਧ ਸੀਆਰ ਪੀ ਸੀ ਦੀ ਧਾਰਾ 299 ਅਧੀਨ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਅੰਤ ਵਿੱਚ ਉਸਦੀ ਪੰਜ ਏਕੜ ਖੇਤੀ ਵਾਲੀ ਜ਼ਮੀਨ ਦੀ ਜਾਇਦਾਦ ਜ਼ਬਤ ਕਰ ਲਈ ਗਈ।   ਪਟਿਆਲਾ ਦੇ ਸਾਰੇ ਭਗੌੜੇ ਦੋਸ਼ੀਆਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਐਸ ਐਸ ਪੀ ਸ੍ਰੀ ਦੁੱਗਲ ਨੇ ਕਿਹਾ ਕਿ ਜੇਕਰ ਉਹ ਆਤਮ ਸਮਰਪਣ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਆਪਣੀ ਜਾਇਦਾਦ ਗਵਾਉਣੀ ਪਏਗੀ।