ਪਟਿਆਲਾ 4 ਅਪ੍ਰੈਲ: (ਬਿਊਰੋ) ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਹੱਲਾਸ਼ੇਰੀ ਤੇ ਅਗਵਾਈ ਸਦਕਾ ਅੱਜ-ਕੱਲ੍ਹ ਜਿੱਥੇ ਸਰਕਾਰੀ ਸਕੂਲਾਂ ਦੇ ਮੁਖੀ ਤੇ ਅਧਿਆਪਕ ਘਰ-ਘਰ ਜਾ ਕੇ, ਆਪੋ-ਆਪਣੇ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਯਤਨਸ਼ੀਲ ਹਨ, ਉੱਥੇ ਬਹੁਤ ਸਾਰੇ ਸਕੂਲਾਂ ਦੇ ਵਿਦਿਆਰਥੀ ਵੀ ਬਰਾਂਡ ਅੰਬੈਸਡਰ ਬਣਕੇ ਦਾਖਲਾ ਮੁਹਿੰਮ 'ਚ ਜੁਟੇ ਹੋਏ ਹਨ। ਇਸ ਦੀ ਮਿਸਾਲ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀਆਂ ਤੋਂ ਮਿਲਦੀ ਹੈ। ਇਸ ਸਕੂਲ ਦੇ ਗਿਆਰਵੀਂ ਤੇ ਬਾਰਵੀਂ ਜਮਾਤ ਦੇ 4-4 ਵਿਦਿਆਰਥੀ ਡਾ. ਸੁਖਦਰਸ਼ਨ ਸਿੰਘ ਚਹਿਲ ਦੀ ਅਗਵਾਈ 'ਚ ਆਪਣੇ ਨੁੱਕੜ ਨਾਟਕ ਰਾਹੀਂ ਸਰਕਾਰੀ ਸਕੂਲਾਂ ਦੀਆਂ ਖੂਬੀਆਂ ਘਰ-ਘਰ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ। ਉਕਤ ਸਕੂਲ ਦੇ ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਡਾ. ਚਹਿਲ ਦੇ ਲਿਖੇ ਤੇ ਨਿਰਦੇਸ਼ਤ ਕੀਤੇ ਨਾਟਕ 'ਤੀਹਰੀ ਖੁਸ਼ੀ' ਨੂੰ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਦੋ ਨਾਟ ਮੰਡਲੀਆਂ ਬਣਾ ਕੇ, ਪਟਿਆਲਾ ਤੇ ਸੰਗਰੂਰ ਜਿਲ੍ਹੇ ਦੇ ਪਿੰਡਾਂ-ਸ਼ਹਿਰਾਂ 'ਚ ਖੇਡ ਰਹੇ ਹਨ। ਪਹਿਲੀ ਟੀਮ 'ਚ ਜਸ਼ਨਪ੍ਰੀਤ ਕੌਰ ਤਾਣਾ, ਹਰਪ੍ਰੀਤ ਸਿੰਘ ਸੂਹਰੋਂ, ਮਨਿੰਦਰ ਸਿੰਘ ਤੇ ਸਿਮਰਤਰਾਜ ਸਿੰਘ ਖਾਲਸਾ, ਦੂਸਰੀ ਟੀਮ 'ਚ ਸ਼ਰਨਦੀਪ ਸਿੰਘ ਚੀਮਾਂ, ਤਨੂਜਾ, ਕਿਰਨ ਤੇ ਸ਼ਰਨਜੀਤ ਸਿੰਘ ਸੰਧੂ ਸ਼ਾਮਲ ਹਨ। ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਪਟਿਆਲਾ ਸੁਖਵਿੰਦਰ ਖੋਸਲਾ ਦਾ ਕਹਿਣਾ ਹੈ ਕਿ ਉਕਤ ਵਿਦਿਆਰਥੀ ਜਿੱਥੇ ਆਪਣੇ ਨਾਟਕ ਦੀ ਪੇਸ਼ਕਾਰੀ ਰਾਹੀਂ ਸਰਕਾਰੀ ਸਕੂਲ 'ਚ ਆਏ ਬਦਲਾਅ, ਸਹੂਲਤਾਂ, ਪ੍ਰਾਪਤੀਆਂ ਤੇ ਸਰਗਰਮੀਆਂ ਬਾਰੇ ਚਾਨਣਾ ਪਾਉਂਦੇ ਹਨ, ਉੱਥੇ ਉਹ ਸਿੱਖਿਆ ਵਿਭਾਗ ਦੇ ਬਰਾਂਡ ਅੰਬੈਸਡਰ ਵੀ ਬਣੇ ਹੋਏ ਹਨ। ਉਹ ਆਪਣੀ ਅਦਾਕਾਰੀ ਰਾਹੀਂ ਲੋਕਾਂ ਨੂੰ ਦਰਸਾਉਂਦੇ ਹਨ ਕਿ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਹਰ ਖੇਤਰ 'ਚ ਅੱਗੇ ਵਧਣ ਦੇ ਮੌਕੇ ਮਿਲਦੇ ਹਨ। ਜਿਲ੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ ਪਟਿਆਲਾ ਪਰਮਿੰਦਰ ਸਿੰਘ ਸਰਾਂ ਦਾ ਕਹਿਣਾ ਹੈ ਕਿ ਮਲਟੀਪਰਪਜ਼ ਸਕੂਲ ਦੇ ਬੱਚਿਆਂ ਦੁਆਰਾ ਕੀਤੇ ਜਾਂਦੇ ਨੁੱਕੜ ਨਾਟਕ ਦੀਆਂ 42 ਪਿੰਡਾਂ 'ਚ ਕੀਤੀਆਂ ਪੇਸ਼ਕਾਰੀਆਂ ਨੂੰ ਹਰ ਥਾਂ ਸਰਾਹਣਾ ਮਿਲਦੀ ਹੈ ਅਤੇ ਉਹ ਸਰਕਾਰੀ ਸਕੂਲਾਂ ਬਾਰੇ ਬਹੁਤ ਵਧੀਆ ਪ੍ਰਚਾਰ ਕਰ ਰਹੇ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਜਾਹਲਾਂ ਦਾ ਕਹਿਣਾ ਹੈ ਕਿ ਉਕਤ ਵਿਦਿਆਰਥੀ ਕਲਾਕਾਰਾਂ ਤੇ ਇਨ੍ਹਾਂ ਦੇ ਉਸਤਾਦ ਡਾ. ਸੁਖਦਰਸ਼ਨ ਸਿੰਘ ਚਹਿਲ ਸ਼ਲਾਘਾ ਤੇ ਸਨਮਾਨ ਦੇ ਹੱਕਦਾਰ ਹਨ।
ਤਸਵੀਰ:- ਮਲਟੀਪਰਪਜ਼ ਸਕੂਲ ਦੇ ਵਿਦਿਆਰਥੀ 'ਤੀਹਰੀ ਖੁਸ਼ੀ' ਨਾਟਕ ਦੀ ਪੇਸ਼ਕਾਰੀ ਕਰਦੇ ਹੋਏ।
ਤਸਵੀਰ:- ਮਲਟੀਪਰਪਜ਼ ਸਕੂਲ ਦੇ ਵਿਦਿਆਰਥੀ 'ਤੀਹਰੀ ਖੁਸ਼ੀ' ਨਾਟਕ ਦੀ ਪੇਸ਼ਕਾਰੀ ਕਰਦੇ ਹੋਏ।