ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਗੁਰੂ ਨਾਨਕ ਮਿਸ਼ਨ ਸੇਵਾ ਕੰਪਲੈਕਸ ਦਾ ਉਦਘਾਟਨ

ਸੋਸਾਇਟੀ ਦੀਆਂ ਸਾਰੀਆਂ ਚੈਰੀਟੇਬਲ ਸੇਵਾਵਾਂ ਇੱਕੋ ਛੱਤ ਹੇਠਾਂ
ਫੁੱਲ ਬਾਡੀ ਪੈਕੇਜ ਹੁਣ ਕੇਵਲ 480 ਰੁਪਏ ਵਿਚ ਹੋਵੇਗਾ
ਨਵਾਂਸ਼ਹਿਰ 4 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ) ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵੱਲੋਂ ਅੱਜ ਓਸ਼ੋ ਧਾਰਾ ਹਸਪਤਾਲ ਦੇ ਨਜ਼ਦੀਕ ਚੰਡੀਗੜ੍ਹ ਰੋਡ ਵਿਖੇ ਨਵੀਂ ਬਿਲਡਿੰਗ ਗੁਰੂ ਨਾਨਕ ਮਿਸ਼ਨ ਸੇਵਾ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਭਾਈ ਤਰਲੋਚਨ ਸਿੰਘ ਖਟਕੜ ਕਲਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਉਪਰੰਤ ਹਲਕਾ ਵਿਧਾਇਕ ਸ: ਅੰਗਦ ਸਿੰਘ ਨੇ ਸਮੂਹ ਸੰਗਤਾਂ,  ਸੰਸਥਾਵਾਂ ਅਤੇ  ਨਵੇਂ ਚੁਣੇ ਗਏ ਨਗਰ ਕੌਂਸਲਰਾਂ ਦੀ ਹਾਜ਼ਰੀ ਵਿੱਚ ਕੰਪਲੈਕਸ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਸ: ਅੰਗਦ ਸਿੰਘ ਨੇ ਕਿਹਾ  ਕਿ ਕੋਰੋਨਾ ਕਾਲ ਅਤੇ ਲਾਕ ਡਾਊਨ  ਦੌਰਾਨ ਜਿੱਥੇ ਇਲਾਕੇ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਲੋੜਵੰਦਾਂ ਦੀ ਸਹਾਇਤਾ ਲਈ ਵੱਡਾ ਯੋਗਦਾਨ ਪਾਇਆ ਗਿਆ ਉੱਥੇ ਇਸ ਖੇਤਰ ਵਿਚ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਨੇ ਕਿਹਾ ਕਿ ਸਮਾਜ ਭਲਾਈ ਦੇ ਕੰਮਾਂ ਵਿਚ ਅੱਗੇ ਆਉਣ ਵਾਲੀਆਂ ਸੰਸਥਾਵਾਂ ਲਈ ਉਹ ਪੰਜਾਬ ਸਰਕਾਰ ਅਤੇ ਨਗਰ ਪਾਲਿਕਾ ਵੱਲੋਂ ਹਰ ਤਰਾਂ ਦੀ ਸਹਾਇਤਾ ਪਹੁੰਚਾਉਣ ਲਈ ਵਚਨਬੱਧ ਹਨ ਅਤੇ ਉਹ ਨਿੱਜੀ ਤੌਰ ਤੇ ਇੰਨਾ ਸੰਸਥਾਵਾਂ ਦੀ ਮਦਦ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਪਿਛਲੇ ਡੇਢ ਸਾਲ ਦੇ ਵਕਫ਼ੇ ਦੌਰਾਨ  ਲੋੜਵੰਦਾਂ ਦੀ ਸਹਾਇਤਾ ਲਈ ਬਹੁਤ ਸਾਰੇ ਸਥਾਈ ਅਤੇ ਅਸਥਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਜਿੰਨਾ ਵਿਚ ਚੈਰੀਟੇਬਲ ਡਿਸਪੈਂਸਰੀ, ਹੋਮਿਓਪੈਥਿਕ ਡਿਸਪੈਂਸਰੀ, ਖ਼ੂਨ ਜਾਂਚ ਲੈਬਾਰਟਰੀ ਅਤੇ ਅੱਖਾਂ ਦੇ ਅਪਰੇਸ਼ਨ ਕੈਂਪ ਆਦਿਕ ਸਫਲਤਾਪੂਰਵਕ ਚੱਲ ਰਹੇ ਹਨ। ਉਨਾ ਦੱਸਿਆ ਕਿ ਹੁਣ ਇਸ ਨਵੇਂ ਕੰਪਲੈਕਸ ਵਿਚ ਸੁਸਾਇਟੀ ਵੱਲੋਂ ਜਲਦੀ ਲੋੜਵੰਦਾਂ ਲਈ ਮਿਨੀ ਹਸਪਤਾਲ ਅਤੇ ਕੰਪਿਊਟਰਾਈਜ਼ਡ ਸੇਵਾ ਕੇਂਦਰ ਦੇ ਨਾਲ ਨਾਲ ਆਮ ਲੋਕਾਂ ਦੀ ਭਲਾਈ ਲਈ ਹੋਰ ਪ੍ਰੋਜੈਕਟ ਵੀ ਵਿਚਾਰ ਅਧੀਨ ਹਨ।  ਵਾਤਾਵਰਣ ਅਤੇ ਸਵੱਛਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਸਾਇਟੀ ਵੱਲੋਂ ਮਿਊਂਸੀਪਲ ਪਬਲਿਕ ਪਾਰਕ ਦੀ ਸੇਵਾ ਸੰਭਾਲ ਵੀ ਅਰੰਭ ਕੀਤੀ ਜਾ ਰਹੀ ਹੈ। ਸੁਸਾਇਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਅੱਜ ਤੋਂ ਚੈਰੀਟੇਬਲ ਖ਼ੂਨ ਜਾਂਚ ਲੈਬਾਰਟਰੀ ਵਿਖੇ ਬਲੱਡ ਟੈਸਟਾਂ ਦੇ ਰੇਟ ਹੋਰ ਘਟਾਏ ਗਏ ਹਨ। ਫੁੱਲ ਬਾਡੀ ਪੈਕੇਜ ਹੁਣ ਕੇਵਲ 480 ਰੁਪਏ ਵਿਚ ਹੋਵੇਗਾ ਅਤੇ ਥਾਇਰੇਡ ਟੈਸਟ ਤੋਂ ਬਗੈਰ 350 ਰੁਪਏ ਵਿਚ ਇਕ ਨਵੇਂ ਫੁੱਲ ਬਾਡੀ ਪੈਕੇਜ ਦੀ ਵੀ ਅੱਜ ਤੋਂ ਸ਼ੁਰੂਆਤ ਕੀਤੀ ਗਈ ਹੈ । ਸੁਸਾਇਟੀ ਵੱਲੋਂ ਇਸ ਮੌਕੇ ਨਵੇਂ ਚੁਣੇ ਗਏ ਨਗਰ ਕੌਂਸਲਰਾਂ ਅਤੇ ਸਮਾਜ ਸੇਵਾ ਵਿਚ ਯੋਗਦਾਨ ਪਾਉਣ ਵਾਲੀਆਂ ਨਵਾਂਸ਼ਹਿਰ ਅਤੇ ਇਲਾਕੇ ਦੀਆਂ  ਸੰਸਥਾਵਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਉਦਘਾਟਨੀ ਸਮਾਗਮ ਵਿਚ ਸਚਿਨ ਦੀਵਾਨ, ਪਰਮ ਸਿੰਘ ਖ਼ਾਲਸਾ, ਚੇਤ ਰਾਮ ਰਤਨ, ਰਮਨਪ੍ਰੀਤ ਸਿੰਘ ਥਿਆੜਾ, ਬਾਬਾ ਨਾਰੰਗ ਸਿੰਘ, ਗੁਰਚਰਨ ਅਰੋੜਾ, ਦੀਦਾਰ ਸਿੰਘ ਡੀ ਐੱਸ ਪੀ, ਸਤਨਾਮ ਸਿੰਘ ਜਲਵਾਹਾ, ਸੁਖਦੇਵ ਸਿੰਘ ਮਾਨ, ਜਸਪਾਲ ਸਿੰਘ ਗਿੱਦਾ, ਡਾਕਟਰ ਜੱਤੀ, ਜਸਵੀਰ ਕੌਰ ਬਡਵਾਲ,  ਪ੍ਰਵੀਨ ਭਾਟੀਆ, ਗੁਰਮੁੱਖ ਸਿੰਘ ਨੌਰਥ, ਪਰਮਜੀਤ ਕੌਰ, ਸੁਸਾਇਟੀ ਦੇ ਸਰਪ੍ਰਸਤ ਬਲਵੰਤ ਸਿੰਘ ਸੋਇਤਾ, ਉੱਤਮ ਸਿੰਘ ਸੇਠੀ, ਜਗਦੀਪ ਸਿੰਘ, ਜਗਜੀਤ ਸਿੰਘ ਬਾਟਾ, ਇੰਦਰਜੀਤ ਸਿੰਘ ਬਾਹੜਾ, ਗੁਰਦੇਵ ਸਿੰਘ, ਯਸ਼ਪਾਲ ਸਿੰਘ ਹਾਫਿਜ਼ਾਬਾਦੀ, ਗਿਆਨ ਚੰਦ, ਰਮਣੀਕ ਸਿੰਘ,  ਮਨਪ੍ਰੀਤ ਸਿੰਘ ਮਾਨ,  ਇੰਦਰਜੀਤ ਸਿੰਘ ਜੇ ਐਫ ਯੂ, ਨਵਦੀਪ ਸਿੰਘ, ਰਤਨ ਜੈਨ, ਤਰਲੋਚਨ ਸਿੰਘ, ਸੁਰਜੀਤ ਸਿੰਘ ਮਹਿਤਪੁਰੀ, ਅਜੀਤ ਸਿੰਘ ਸਰਪੰਚ, ਬਲਵੀਰ ਸਿੰਘ ਦੇਵਗਨ, ਸੁਰਿੰਦਰ ਸਿੰਘ ਸੋਇਤਾ, ਮਨਜੀਤ ਸਿੰਘ ਰਾਹੋਂ, ਪ੍ਰਿਤਪਾਲ ਸਿੰਘ ਹਵੇਲੀ, ਤਰਲੋਚਨ ਸਿੰਘ ਖਟਕੜ, ਪਲਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਜੀਂਦੋਵਾਲ ਵੀ ਸ਼ਾਮਲ ਸਨ।