ਮੁਫ਼ਤ ਬੱਸ ਸਫ਼ਰ ਸਹੂਲਤ ਮਿਲਣ ’ਤੇ ਔਰਤਾਂ ਦੇ ਚਿਹਰਿਆਂ ’ਤੇ ਆਈ ਰੌਣਕ

ਨਵਾਂਸ਼ਹਿਰ, 3 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਕਰਨ ਦੀ ਸਹੂਲਤ ਮਿਲਣ ਨਾਲ ਔਰਤਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਇਸ ਫ਼ੈਸਲੇ ਨੇ ਉਨਾਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ। ਨਵਾਂਸ਼ਹਿਰ ਬੱਸ ਅੱਡੇ ਤੋਂ ਆਪਣੀ ਮੰਜ਼ਿਲ ਵੱਲ ਰਵਾਨਾ ਮੌਕੇ ਵੱਖ-ਵੱਖ ਔਰਤਾਂ ਨੇ ਇਸ ਸਬੰਧੀ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੁੱਕਿਆ ਗਿਆ ਇਹ ਕਦਮ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਵਿਚ ਸਹਾਈ ਹੋਵੇਗਾ। ਉਨਾਂ ਕਿਹਾ ਕਿ ਇਹ ਸਹੂਲਤ ਪ੍ਰਦਾਨ ਕਰਨਾ ਇਕ ਇਤਿਹਾਸਕ ਫ਼ੈਸਲਾ ਹੈ, ਜਿਸ ਨਾਲ ਸੂਬੇ ਦੀਆਂ ਔਰਤਾਂ ਜਿਥੇ ਆਰਥਿਕ ਤੌਰ 'ਤੇ ਮਜ਼ਬੂਤ ਹੋਣਗੀਆਂ, ਉਥੇ ਉਨਾਂ ਨੂੰ ਸੁਰੱਖਿਅਤ ਸਫ਼ਰ ਦੀ ਸੁਵਿਧਾ ਵੀ ਮਿਲੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਮਹਿਲਾ ਸਸ਼ਕਤੀਕਰਨ ਵੱਲ ਇਕ ਵੱਡਾ ਕਦਮ ਹੈ। ਇਸ ਫ਼ੈਸਲੇ ਨਾਲ ਖਾਸ ਕਰਕੇ ਵਿਦਿਆਰਥਣਾਂ ਬਾਗੋ-ਬਾਗ ਨਜ਼ਰ ਆਈਆਂ। ਨਵਾਂਸ਼ਹਿਰ ਤੋਂ ਹੋਰਨੀਂ ਥਾਈਂ ਰੋਜ਼ਾਨਾ ਪੜਨ ਜਾਂਦੀਆਂ ਅਤੇ ਹੋਰਨਾਂ ਸ਼ਹਿਰਾਂ ਤੋਂ ਇਥੇ ਪੜਨ ਆਉਂਦੀਆਂ ਵਿਦਿਆਰਣਾਂ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਸਹੂਲਤ ਪ੍ਰਦਾਨ ਕਰਕੇ 'ਬੇਟੀ ਬਚਾਓ, ਬੇਟੀ ਪੜਾਓ' ਦੇ ਨਾਅਰੇ ਨੂੰ ਅਸਲ ਮਾਅਨਿਆਂ ਵਿਚ ਸਾਰਥਕ ਕੀਤਾ ਹੈ, ਜਿਸ ਨਾਲ ਉਨਾਂ ਦੇ ਆਤਮ ਵਿਸ਼ਵਾਸ ਵਿਚ ਵਾਧਾ ਹੋਇਆ ਹੈ। ਉਨਾਂ ਦਾ ਕਹਿਣਾ ਸੀ ਕਿ ਬੱਸਾਂ ਵਿਚ ਟ੍ਰੈਕਿੰਗ ਸਿਸਟਮ ਅਤੇ ਪੈਨਿਕ ਬਟਨ ਲੱਗਣ ਨਾਲ ਉਨਾਂ ਲਈ ਸੁਰੱਖਿਅਤ ਸਫ਼ਰ ਯਕੀਨੀ ਬਣੇਗਾ। 
  ਇਸ ਸਬੰਧੀ ਜ਼ਿਲਾ ਪ੍ਰੀਸ਼ਦ ਦੀ ਚੇਅਰਪਰਸਨ ਹਰਮੇਸ਼ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਇਤਿਹਾਸਕ ਫ਼ੈਸਲੇ ਨਾਲ ਔਰਤਾਂ ਨੂੰ ਵੱਡਾ ਲਾਭ ਮਿਲਿਆ ਹੈ ਅਤੇ ਇਹ ਮਹਿਲਾ ਵਰਗ ਲਈ ਇਕ ਵੱਡਾ ਤੋਹਫ਼ਾ ਹੈ। ਉਨਾਂ ਕਿਹਾ ਕਿ ਖਾਸ ਕਰਕੇ ਇਹ ਸਹੂਲਤ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਤਾਂ ਵਰਦਾਨ ਸਾਬਿਤ ਹੋਵੇਗੀ ਅਤੇ ਉਨਾਂ ਦੀਆਂ ਆਵਾਜਾਈ ਨਾਲ ਸਬੰਧਤ ਦਿੱਕਤਾਂ ਦੂਰ ਹੋਣਗੀਆਂ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾ ਦੀ ਬਿਹਤਰੀ ਲਈ ਅਨੇਕਾਂ ਕਦਮ ਚੁੱਕੇ ਹਨ ਅਤੇ ਸੂਬਾ ਵਾਸੀਆਂ ਨਾਲ ਕੀਤੇ ਵਾਅਦੇ ਪੜਾਅਵਾਰ ਪੂਰੇ ਕਰਦਿਆਂ ਸੂਬੇ ਨੂੰ ਮਾੜੇ ਵਿੱਤੀ ਹਾਲਾਤ ਵਿਚੋਂ ਕੱਢ ਕੇ ਤਰੱਕੀ ਦੀ ਰਾਹ 'ਤੇ ਲਿਆਂਦਾ ਹੈ।