ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਚੰਗੀ ਸੇਧ ਦਿੰਦੇ ਗੀਤਾਂ ਦੀ ਬੇਹੱਦ ਲੋੜ-ਅਲਕਾ ਮੀਨਾ

ਐਸ. ਐਸ. ਪੀ ਨੇ 'ਨਸ਼ਿਆਂ 'ਚ ਕਰੀਂ ਨਾ ਤਬਾਹ' ਗੀਤ ਦੀ ਸਮੁੱਚੀ ਟੀਮ ਨੂੰ ਕੀਤਾ ਸਨਮਾਨਿਤ 
ਨਵਾਂਸ਼ਹਿਰ, 3 ਅਪ੍ਰੈਲ : (ਬਿਊਰੋ) ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਚੰਗੀ ਸੇਧ ਦਿੰਦੇ ਗੀਤਾਂ ਦੀ ਇਸ ਸਮੇਂ ਬੇਹੱਦ ਲੋੜ ਹੈ, ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰਨਾਂ ਸਮਾਜਿਕ ਅਲਾਮਤਾਂ ਤੋਂ ਦੂਰ ਰੱਖਿਆ ਜਾ ਸਕੇ। ਇਹ ਪ੍ਰਗਟਾਵਾ ਐਸ. ਐਸ. ਪੀ ਅਲਕਾ ਮੀਨਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੇ ਜ਼ਿਲਾ ਕੋਆਰਡੀਨੇਟਰ ਵਿਵਹਾਰ ਪਰਿਵਰਤਨ ਮੰਗ ਗੁਰਪ੍ਰਸ਼ਾਦ   ਸਿੰਘ ਉਰਫ਼ ਮੰਗਾ ਮਹਿਮਾਨ ਦੇ ਗੀਤ 'ਨਸ਼ਿਆਂ 'ਚ ਕਰੀਂ ਨਾ ਤਬਾਹ' ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਿਕਾਰਡ ਕਰਵਾਇਆ ਗਿਆ ਇਹ ਗੀਤ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਕਿਹਾ ਕਿ ਬੇਹੱਦ ਚਰਚਾ ਦਾ ਵਿਸ਼ਾ ਬਣਿਆ ਇਹ ਗੀਤ ਨਸ਼ਾ ਗ੍ਰਸਤ ਮਰੀਜ਼ਾਂ ਅਤੇ ਭੈੜੀ ਸੰਗਤ ਵਿਚ ਪੈ ਕੇ ਕੁਰਾਹੇ ਪਏ ਲੋਕਾਂ ਲਈ ਵੱਡਾ ਪ੍ਰੇਰਣਾ ਸਰੋਤ ਬਣੇਗਾ। ਉਨਾਂ ਕਿਹਾ ਕਿ ਕਿਸੇ ਕਾਰਨ ਨਸ਼ਿਆਂ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਇਸ ਗੀਤ ਤੋਂ ਸੇਧ ਲੈਣ ਦੀ ਲੋੜ ਹੈ।   ਉਨਾਂ ਇਸ ਮੌਕੇ ਮੰਗ ਗੁਰਪ੍ਰਸ਼ਾਦ   ਸਿੰਘ ਤੋਂ ਇਲਾਵਾ ਇਸ ਗੀਤ ਵਿਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਣ ਵਾਲਿਆਂ ਲੈਕਚਰਾਰ ਸੁਰਜੀਤ ਸਿੰਘ ਮਝੂਰ ਅਤੇ ਆਜ਼ਾਦ ਰੰਗ ਮੰਗ ਫਗਵਾੜਾ ਦੇ ਕਲਾਕਾਰਾਂ ਦੀ ਸ਼ਲਾਘਾ ਕਰਦਿਆਂ ਉਨਾਂ ਦਾ ਸਨਮਾਨ ਕੀਤਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਰਿਕਾਰਡ ਕਰਵਾਏ ਇਸ ਗੀਤ ਨੂੰ ਘਰ-ਘਰ ਪਹੁੰਚਾਇਆ ਜਾਵੇ।   ਡੀ. ਐਸ. ਪੀ ਲਖਵੀਰ ਸਿੰਘ ਨੇ ਇਸ ਮੌਕੇ ਕਿਹਾ ਕਿ ਇਸ ਗੀਤ ਜ਼ਰੀਏ ਨਸ਼ਾ ਮੁਕਤ ਭਾਰਤ ਅਭਿਆਨ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਨਸ਼ਾ ਗ੍ਰਸਤ ਮਰੀਜ਼ਾਂ ਨੂੰ ਮੁੱਖ ਧਾਰਾ ਨਾਂਲ ਜੋੜਨ ਦਾ ਮਿਲੇਗਾ। ਉਨਾਂ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਪੁਲਿਸ ਪ੍ਰਸ਼ਾਸਨ ਦਿਨ-ਰਾਤ ਕੰਮ ਕਰ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਨਸ਼ਾ ਸਪਲਾਈ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਉਨਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। 
ਕੈਪਸ਼ਨ : -'ਨਸ਼ਿਆਂ 'ਚ ਕਰੀਂ ਨਾ ਤਬਾਹ' ਗੀਤ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਐਸ. ਐਸ. ਪੀ ਅਲਕਾ ਮੀਨਾ। ਨਾਲ ਹਨ ਡੀ. ਐਸ. ਪੀ ਲਖਵੀਰ ਸਿੰਘ, ਮੰਗ ਗੁਰਪ੍ਰਸ਼ਾਦ, ਸੁਰਜੀਤ ਸਿੰਘ ਮਝੂਰ ਅਤੇ ਆਜ਼ਾਦ ਰੰਗਮੰਗ ਦੇ ਕਲਾਕਾਰ।