ਡਿਪਟੀ ਕਮਿਸ਼ਨਰ ਵੱਲੋਂ ਧਾਰਮਿਕ ਸੰਸਥਾਵਾਂ ਅਤੇ ਜਨਤਕ ਪ੍ਰਤੀਨਿਧਾਂ ਨੂੰ ਕੋਵਿਡ ਟੀਕਾਕਰਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਅਪੀਲ

9 ਅਪ੍ਰੈਲ ਨੂੰ ਪਟਿਆਲਾ, ਰਾਜਪੁਰਾ ਤੇ ਨਾਭਾ ਵਿਖੇ ਲਾਏ ਜਾਣਗੇ ਮੈਗਾ ਟੀਕਾਕਰਣ ਕੈਂਪ
ਪਟਿਆਲਾ, 5 ਅਪ੍ਰੈਲ:(ਬਿਊਰੋ)ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ 'ਚ ਕੋਵਿਡ ਟੀਕਾਕਰਣ ਲਈ ਲੋਕਾਂ 'ਚ ਪਾਈ ਜਾ ਰਹੀ ਝਿਜਕ ਨੂੰ ਦੂਰ ਕਰਨ ਦੇ ਮੰਤਵ ਨਾਲ ਧਾਰਮਿਕ ਸੰਸਥਾਵਾਂ ਅਤੇ ਜਨਤਕ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪੱਧਰ 'ਤੇ ਲੋਕਾਂ ਨੂੰ ਟੀਕਾਕਰਣ ਪ੍ਰਤੀ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟੀਕਾਕਰਣ ਮੁਹਿੰਮ ਨੂੰ ਤੇਜ਼ ਕਰਨ ਲਈ ਆਊਟਰੀਚ ਕੈਂਪ ਦਾ ਲੜੀ ਅਰੰਭੀ ਗਈ ਹੈ, ਜਿਸ ਤਹਿਤ ਅੱਜ ਪਟਿਆਲਾ ਜ਼ਿਲ੍ਹੇ 'ਚ 17 ਥਾਵਾਂ 'ਤੇ ਮੋਬਾਇਲ ਟੀਮਾਂ ਵੱਲੋਂ ਦੋ ਹਜ਼ਾਰ ਤੋਂ ਵਧੇਰੇ ਲੋਕਾਂ ਦਾ ਕੋਵਿਡ ਤੋਂ ਬਚਾਅ ਲਈ ਟੀਕਾਕਰਣ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਵੱਲੋਂ ਖੁਦ ਵੀ ਨਿਗਮ ਕਮਿਸ਼ਨਰ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਅਤੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੂੰ ਨਾਲ ਲੈਕੇ ਨਗਰ ਨਿਗਮ ਦਫ਼ਤਰ ਵਿਖੇ ਲਗਾਏ ਗਏ ਆਊਟਰੀਚ ਕੈਂਪ, ਵਾਰਡ ਨੰਬਰ 48 ਅਤੇ ਵਾਰਡ ਨੰਬਰ 35 (ਨਿਊ ਅਫ਼ਸਰ ਕਲੋਨੀ) ਵਿਖੇ ਬਾਅਦ ਦੁਪਹਿਰ ਟੀਕਾਕਰਣ ਮੁਹਿੰਮ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਇਸ ਮੌਕੇ ਇਨ੍ਹਾਂ ਦੋਵਾਂ ਵਾਰਡਾਂ ਦੇ ਕਾਊਸਲਰਾਂ ਯੋਗਿੰਦਰ ਸਿੰਘ ਯੋਗੀ ਸੀਨੀਅਰ ਡਿਪਟੀ ਮੇਅਰ ਅਤੇ ਕਾਊਸਲਰ ਸੰਤੋਸ਼ ਰਾਣੀ ਨੂੰ ਕਿਹਾ ਕਿ ਉਹ ਆਪਣੇ ਵਾਰਡ ਦੇ ਹਰੇਕ ਟੀਕਾਕਰਣ ਲਈ ਯੋਗ ਵਿਅਕਤੀ ਨੂੰ ਇਨ੍ਹਾਂ ਕੈਂਪਾਂ ਤੱਕ ਲੈਕੇ ਆਉਣ ਤਾਂ ਜੋ ਕੋਵਿਡ ਖ਼ਿਲਾਫ਼ ਵਿੱਢੀ ਜੰਗ 'ਚ ਜਿੱਤ ਹਾਸਲ ਕੀਤੀ ਜਾ ਸਕੇ।
ਸ੍ਰੀ ਕੁਮਾਰ ਅਮਿਤ ਨੇ ਇਸ ਤੋਂ ਬਾਅਦ ਦੱਸਿਆ ਕਿ ਪਟਿਆਲਾ ਜ਼ਿਲ੍ਹੇ 'ਚ ਕੋਵਿਡ ਟੀਕਾਕਰਣ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 9 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਪਟਿਆਲਾ, ਰਾਜਪੁਰਾ ਅਤੇ ਨਾਭਾ ਵਿਖੇ ਮੈਗਾ ਟੀਕਾਕਰਣ ਕੈਂਪ ਉਲੀਕੇ ਗਏ ਹਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਟੀਕਾਕਰਣ ਲਈ ਯੋਗ ਲੋਕਾਂ ਨੂੰ ਆਉਣ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਦੀ ਦੂਸਰੀ ਲਹਿਰ ਨੂੰ ਹਲਕੇ ਢੰਗ ਨਾਲ ਨਾ ਲੈਣ ਬਲਕਿ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੋਵਿਡ ਸਾਵਧਾਨੀਆਂ ਦੀ ਪਾਲਣਾ ਕਰਨ ਦੇ ਨਾਲ ਨਾਲ ਟੀਕਾਕਰਣ ਵੀ ਜ਼ਰੂਰ ਕਰਵਾਉਣ।
ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਨਿਗਮ ਕਮਿਸ਼ਨਰ ਪੂਨਮਦੀਪ ਕੌਰ, ਏ.ਡੀ.ਸੀ. (ਜ) ਪੂਜਾ ਸਿਆਲ ਗਰੇਵਾਲ ਅਤੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਦੀ ਹਾਜ਼ਰੀ 'ਚ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਕੋਵਿਡ ਤੋਂ ਬਚਾਅ ਦਾ ਟੀਕਾ ਲਗਵਾਉਂਦੇ ਹੋਏ।