ਬੁਲਾਰਿਆਂ ਨੇ ਮੋਦੀ ਸਰਕਾਰ ਉੱਤੇ ਕੀਤੇ ਤਿੱਖੇ ਵਾਰ ਸਰਕਾਰ
ਨਵਾਂਸ਼ਹਿਰ 5 ਅਪ੍ਰੈਲ (ਬਿਊਰੋ) ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਉੱਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤੀ ਖ਼ੁਰਾਕ ਨਿਗਮ ਦੇ ਸਹਾਇਕ ਜਨਰਲ ਮੈਨੇਜਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ । ਕਿਸਾਨ ਜਥੇਬੰਦੀਆਂ ਵੱਲੋਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਇਹ ਘਿਰਾਓ ਕੀਤਾ ਗਿਆ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਮੋਰਚੇ ਦੇ ਆਗੂਆਂ ਹਰਮੇਸ਼ ਸਿੰਘ ਢੇਸੀ, ਕੁਲਦੀਪ ਸਿੰਘ ਸੁੱਜੋਂ, ਸੁਤੰਤਰ ਕੁਮਾਰ, ਭੁਪਿੰਦਰ ਸਿੰਘ ਵੜੈਚ, ਚਰਨਜੀਤ ਸਿੰਘ ਦੌਲਤਪੁਰ, ਗੁਰਬਖ਼ਸ਼ ਕੌਰ ਸੰਘਾ, ਨਿਰਮਲ ਸਿੰਘ ਜਲਾਹ ਮਾਜਰਾ, ਸਤਨਾਮ ਸਿੰਘ ਗੁਲਾਟੀ, ਜਰਨੈਲ ਸਿੰਘ ਜਾਫ਼ਰ ਪੁਰ, ਮੁਕੰਦ ਲਾਲ, ਮਾਸਟਰ ਕਰਨੈਲ ਸਿੰਘ, ਸੁਰਜੀਤ ਕੌਰ ਉਟਾਲ ,ਸੰਦੀਪ ਕੌਰ ਅਤੇ ਬਲਿਹਾਰ ਸਿੰਘ ਭੰਗਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਕਿਸਾਨੀ ਉੱਤੇ ਚੁਤਰਫ਼ਾ ਹਮਲੇ ਕਰਨ ਤੇ ਉੱਤਰ ਆਈ ਹੈ।ਕਿਸਾਨ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਰੀਬ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ਉੱਤੇ ਬੈਠੇ ਹਨ। ਤਿੰਨ ਸੌ ਤੋਂ ਵੱਧ ਕਿਸਾਨ ਚਹੁਰਾ ਹੋ ਚੁੱਕੇ ਹਨ ਪਰ ਕੇਂਦਰ ਦੀ ਫਾਸ਼ੀਵਾਦੀ ਸਰਕਾਰ ਕੰਨਾਂ ਵਿਚ ਕੌੜਾ ਤੇਲ ਪਾਈ ਬੈਠੀ ਹੈ।ਮੋਦੀ ਸਰਕਾਰ ਨੇ ਐਫ.ਸੀ ਆਈ ਰਾਹੀਂ ਨਵੇਂ ਹੁਕਮ ਜਾਰੀ ਕਰਕੇ ਕਿਸਾਨਾਂ ਲਈ ਨਵੀਂ ਪ੍ਰੇਸ਼ਾਨੀ ਖੜੀ ਕੀਤੀ ਹੈ। ਪੰਜਾਬ ਅੰਦਰ 35 ਹਜ਼ਾਰ ਆੜ੍ਹਤੀਆਂ ਅਤੇ 2 ਲੱਖ ਤੋਂ ਵੀ ਵੱਧ ਮਜ਼ਦੂਰਾਂ ਦਾ ਕੰਮਕਾਰ ਖ਼ਤਮ ਕੀਤਾ ਜਾ ਰਿਹਾ। ਇਹ ਕਿਸਾਨੀ ਘੋਲ ਹੁਣ ਇਕੱਲਾ ਕਿਸਾਨੀ ਦਾ ਨਾ ਹੋਕੇ ਜਨ ਅੰਦੋਲਨ ਬਣ ਚੁੱਕਾ ਹੈ ਜੋ ਲਾਜ਼ਮੀ ਜੇਤੂ ਹੋਕੇ ਨਿਕਲੇਗਾ।ਬੁਲਾਰਿਆਂ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਬਿਜਲੀ ਬਿੱਲ2020 ਨੂੰ ਅੱਗੇ ਨਾ ਵਧਾਉਣ ਦਾ ਵਾਅਦਾ ਕਰਕੇ ਮੋਦੀ ਸਰਕਾਰ ਵੱਲੋਂ ਇਸ ਨੂੰ ਸੰਸਦ ਵਿਚ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਆਰਥਿਕਤਾ ਦੇਸ਼ ਦੀਆਂ ਦੂਜੀਆਂ ਆਰਥਿਕਤਾਵਾਂ ਦੀ ਰੀੜ੍ਹ ਦੀ ਹੱਡੀ ਹੈ ਜੇਕਰ ਖੇਤੀ ਆਰਥਿਕਤਾ ਤਬਾਹ ਹੁੰਦੀ ਹੈ ਤਾਂ ਦੇਸ਼ ਦੀ ਸਮੁੱਚੀ ਆਰਥਿਕਤਾ ਤਬਾਹ ਹੋ ਜਾਵੇਗੀ । ਇਸ ਸਚਾਈ ਨੂੰ ਸਮਝਦਿਆਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਲੋਕ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਆਰ ਪਾਰ ਦੀ ਲੜਾਈ ਲੜ ਰਹੇ ਹਨ ਇਸ ਲੜਾਈ ਅੱਗੇ ਮੋਦੀ ਸਰਕਾਰ ਨੂੰ ਹਾਰ ਮੰਨਣ ਲਈ ਮਜਬੂਰ ਹੋਣਾ ਹੀ ਪਵੇਗਾ। ਇਸ ਮੌਕੇ ਗੁਰਦੀਪ ਸਿੰਘ ਉੜਾਪੜ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਪੇਸ਼ ਕੀਤੀਆਂ।