ਨਵਾਂਸ਼ਹਿਰ ਵਿਖੇ ‘ਨਵੀਂ ਉਡਾਨ-ਆਜੀਵਿਕਾ ਹਾਟ’ ਦਾ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਉਦਘਾਟਨ

3 ਜਨਵਰੀ ਤੱਕ ਦਿਲਕਸ਼ ਦਸਤਕਾਰੀ ਆਈਟਮਾਂ ਅਤੇ ਖਾਧ ਪਦਾਰਥ ਵਿਕਰੀ ਲਈ ਕੀਤੇ ਕੀਤੇ ਗਏ ਪ੍ਰਦਰਸ਼ਿਤ

ਨਵਾਂਸ਼ਹਿਰ, 1 ਜਨਵਰੀ :(ਐਨ ਟੀ) ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਜ਼ਿਲੇ ਵਿਚ ਸਵੈ-ਸਹਾਈ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵੱਲੋਂ ਨਵੇਂ ਸਾਲ ਦੇ ਮੌਕੇ ਇਕ ਵਿਸ਼ੇਸ਼ ਉਪਰਾਲੇ ਤਹਿਤ ਨਵਾਂਸ਼ਹਿਰ ਵਿਖੇ ਜ਼ਿਲੇ ਦੇ ਸਵੈ-ਸਹਾਈ ਸਮੂਹਾਂ ਦੀਆਂ ਔਰਤਾਂ ਦੁਆਰਾ ਹੱਥੀਂ ਤਿਆਰ ਕੀਤੇ ਗਏ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਇਸ ਤਹਿਤ ਨਵਾਂਸ਼ਹਿਰ ਵਿਖੇ ਮੋਤਾ ਸਿੰਘ ਰੋਡ 'ਤੇ ਰਾਜਾ ਹਸਪਤਾਲ ਦੇ ਸਾਹਮਣੇ 1 ਤੋਂ 3 ਜਨਵਰੀ 2021 ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ 'ਨਵੀਂ ਉਡਾਨ : ਐਸ. ਐਚ. ਜੀ ਹਾਟ' ਖੋਲੀ ਗਈ ਹੈ, ਜਿਸ ਦਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਵੱਲੋਂ ਅੱਜ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨਾਂ ਦੱਸਿਆ ਕਿ ਇਸ ਹਾਟ 'ਤੇ  ਖ਼ਰੀਦਦਾਰੀ ਲਈ ਉਪਲਬੱਧ ਦਸਤਕਾਰੀ ਆਈਟਮਾਂ ਵਿਚ ਬਾਂਸ ਦੀਆਂ ਟੋਕਰੀਆਂ, ਖਿਡੌਣੇ, ਕਢਾਈਦਾਰ ਟੇਬਲ ਦੇ ਕੱਪੜੇ, ਹੱਥੀਂ ਬੁਣੀਆਂ ਉੱਨ ਦੀਆਂ ਪੁਸ਼ਾਕਾਂ, ਰੰਗੀਨ ਮੈਟ, ਸਜਾਵਟੀ ਆਈਟਮਾਂ, ਹੈਂਡਮੇਡ ਬੈਂਗਲਜ਼, ਪਾਲੀਥੀਨ ਹੋਲਡਰ ਅਤੇ ਜਿਊਲਰੀ/ਮੋਬਾਈਲ/ਜੁੱਤੀਆਂ ਲਈ ਪਾਊਚ ਆਦਿ ਤੋਂ ਇਲਾਵਾ ਹੋਰ ਬਹੁਤ ਸਾਮਾਨ ਸ਼ਾਮਿਲ ਹੈ। ਇਸੇ ਤਰਾ ਖਾਣ-ਪੀਣ ਦੀਆਂ ਵਸਤਾਂ ਵਿਚ ਜੈਮ, ਕੁਦਰਤੀ ਸ਼ਹਿਦ, ਅਚਾਰ, ਮੁਰੱਬੇ, ਮਿਕਸ ਆਟਾ, ਮੋਰਿੰਗਾ ਮੈਡੀਸਨਲ ਪਾਊਡਰ ਆਦਿ ਦੀ ਵਿਕਰੀ ਕੀਤੀ ਜਾ ਰਹੀ ਹੈ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਘੱਟ ਕੀਮਤ 'ਤੇ ਵਧੀਆ ਸਾਮਾਨ ਲੈਣ ਲਈ ਉਹ ਇਸ ਆਜੀਵਿਕਾ ਹਾਟ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਮੈਡਮ ਸੰਗ ਮਿੱਤਰਾ ਤੋਂ ਇਲਾਵਾ ਸਵੈ-ਸਹਾਈ ਗਰੁੱਪਾਂ ਦੀਆਂ ਮੈਂਬਰ ਔਰਤਾਂ ਹਾਜ਼ਰ ਸਨ।
ਕੈਪਸ਼ਨ :- ਨਵਾਂਸ਼ਹਿਰ ਵਿਖੇ 'ਆਜੀਵਿਕਾ ਹਾਟ' ਦਾ ਉਦਘਾਟਨ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ।