ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨਵੇਂ ਵਰ੍ਹੇ ਦੀ ਆਮਦ ਮੌਕੇ ਧਾਰਮਿਕ ਸਥਾਨਾਂ 'ਤੇ ਹੋਏ ਨਤਮਸਤਕ

ਨਵੇਂ ਸਾਲ 'ਚ ਲੋਕਾਂ ਦੀ ਸਿਹਤਯਾਬੀ ਲਈ ਕੀਤੀ ਅਰਦਾਸ

ਪਟਿਆਲਾ, 1 ਜਨਵਰੀ: (ਐਨ ਟੀ) ਪਟਿਆਲਾ ਡਵੀਜਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਅੱਜ ਨਵੇਂ ਸਾਲ ਦੇ ਮੌਕੇ 'ਤੇ ਸ਼ਹਿਰ ਦੇ ਇਤਿਹਾਸਕ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਏ ਅਤੇ ਨਵੇਂ ਵਰ੍ਹੇ 'ਚ ਲੋਕਾਂ ਦੀ ਸਿਹਤਯਾਬੀ, ਤਰੱਕੀ, ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਕਾਮਨਾ ਕੀਤੀ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਅਤੇ ਪ੍ਰਾਚੀਨ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਪੁੱਜੇ ਕਮਿਸ਼ਨਰ ਸ੍ਰੀ ਗੈਂਦ ਨੂੰ ਪ੍ਰਬੰਧਕਾਂ ਵੱਲੋਂ ਸਿਰੋਪਾਓ ਅਤੇ ਮਾਤਾ ਦੇ ਪ੍ਰਸ਼ਾਦ ਦੀ ਬਖਸ਼ਿਸ਼ ਵੀ ਕੀਤੀ ਗਈ। ਸ੍ਰੀ ਚੰਦਰ ਗੈਂਦ ਨੇ ਇਸ ਮੌਕੇ ਆਖਿਆ ਕਿ ਸਾਲ 2020 ਦੌਰਾਨ ਕੋਵਿਡ-19 ਨੇ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਲਪੇਟ 'ਚ ਲਿਆ ਉੱਥੇ ਬਹੁਤ ਸਾਰੀਆਂ ਕੀਮਤੀ ਜਾਨਾਂ ਵੀ ਲੈ ਲਈਆਂ। ਬਿਮਾਰੀ ਅਸਲੋਂ ਨਵੀਂ ਹੋਣ ਕਾਰਨ ਅਤੇ ਇਸ ਦਾ ਕੋਈ ਇਲਾਜ ਨਾ ਹੋਣ ਕਾਰਨ, ਸਮੁੱਚੀ ਲੋਕਾਈ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਨਵੇਂ ਵਰ੍ਹੇ 'ਚ ਕੋਵਿਡ ਦੀ ਦਵਾਈ ਦੇ ਸਮੁੱਚੀ ਮਾਨਵਤਾ 'ਤੇ ਸਫ਼ਲ ਹੋਣ ਦੀ ਉਮੀਦ ਨਾਲ ਅੱਜ ਉਹ ਸਮੁੱਚੇ ਲੋਕਾਂ ਦੀ ਤੰਦਰੁਸਤੀ ਲਈ ਅਰਦਾਸ ਕਰਨ ਆਏ ਹਨ। ਸ੍ਰੀ ਗੈਂਦ ਨੇ ਨਵੇਂ ਵਰ੍ਹੇ 'ਤੇ ਲੋਕਾਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਹਰ ਦਿਨ ਨਵੀਂ ਉਮੀਦ ਅਤੇ ਆਸ ਦੀ ਕਿਰਨ ਨਾਲ ਆਉਂਦਾ ਹੈ। ਜ਼ਿੰਦਗੀ 'ਚ ਅੱਗੇ ਵਧਣ ਲਈ ਸਾਨੂੰ ਹਾਂ-ਪੱਖੀ ਧਾਰਨਾਵਾਂ ਅਤੇ ਵਿਚਾਰਾਂ ਦੀ ਵਧੇਰੇ ਲੋੜ ਹੈ, ਇਸ ਲਈ ਮੁਸ਼ਕਿਲਾਂ ਭਰੇ ਸਮੇਂ ਤੋਂ ਬਾਹਰ ਆਉਣ ਦੀ ਆਸ ਨਾਲ ਸਾਨੂੰ ਨਵੇਂ ਵਰ੍ਹੇ ਦਾ ਸਵਾਗਤ ਕਰਨਾ ਚਾਹੀਦਾ ਹੈ। ਬਾਅਦ ਵਿੱਚ ਡਵੀਜ਼ਨਲ ਕਮਿਸ਼ਨਰ ਦਫ਼ਤਰ ਵਿਖੇ ਦਫ਼ਤਰੀ ਸਟਾਫ਼ ਵੱਲੋਂ ਨਵੇਂ ਸਾਲ 'ਤੇ ਦਿੱਤੀਆਂ ਸ਼ੁਭ ਕਾਮਨਾਵਾਂ ਕਬੂਲਦੇ ਹੋਏ, ਸ੍ਰੀ ਚੰਦਰ ਗੈਂਦ ਨੇ ਸਮੂਹ ਸਟਾਫ਼ ਨੂੰ ਨਵੇਂ ਸਾਲ ਦੌਰਾਨ ਲੋਕਾਂ ਦੀ ਮੁਸ਼ਕਿਲਾਂ ਅਤੇ ਪਿਛਲੇ ਸਾਲ ਕੋਵਿਡ ਕਾਰਨ ਲੰਬਿਤ ਹੋਏ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਨਿਪਟਾਉਣ ਲਈ ਪ੍ਰੇਰਿਆ।