ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆ 'ਚ ਚਾਰ ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਲਿਆ ਹਿੱਸਾ


ਪਟਿਆਲਾ 3 ਜਨਵਰੀ: (ਐਨ ਟੀ) ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ (ਐਸ.ਸੀ.ਈ.ਆਰ.ਟੀ.) ਪੰਜਾਬ ਵੱਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ। ਜਿਸ ਤਹਿਤ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ 4083 ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ ਦਸਵੀਂ ਜਮਾਤ ਦੇ 2005 ਅਤੇ ਅੱਠਵੀਂ ਜਮਾਤ ਦੇ 2078 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਕਰਵਾਈ ਗਈ ਰਾਜ ਪੱਧਰ 'ਤੇ ਕਰਵਾਈ ਗਈ ਉਕਤ ਪ੍ਰੀਖਿਆ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਪੂਰੇ ਅਨੁਸ਼ਾਸ਼ਤ ਤਰੀਕੇ ਨਾਲ ਨੇਪਰੇ ਚੜ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਰਾਹੀਂ ਕੁਆਲੀਫ਼ਾਈ ਕਰਨ ਵਾਲੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਸਵੀਂ ਜਮਾਤ ਤੱਕ ਅਤੇ ਦਸਵੀਂ ਜਮਾਤ ਵਾਲੇ ਵਿਦਿਆਰਥੀਆਂ ਨੂੰ 12ਵੀਂ ਜਮਾਤ ਤੱਕ 200 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਮਿਲਦਾ ਹੈ। ਡੀ.ਈ.ਓ. (ਸੈ.) ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ 'ਚ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਕਤ ਪ੍ਰੀਖਿਆਵਾਂ ਸਬੰਧੀ ਤਿਆਰੀ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਸੀ। ਜਿਸ ਤਹਿਤ ਵਿਭਾਗ ਦੇ ਅਧਿਕਾਰੀਆਂ, ਸਕੂਲ ਮੁਖੀਆਂ ਤੇ ਅਧਿਆਪਕਾਂ 'ਤੇ ਅਧਾਰਤ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਲਈ ਮਿਆਰੀ ਸਮੱਗਰੀ ਮੁਹੱਈਆ ਕਰਵਾਈ ਗਈ ਸੀ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਉਕਤ ਪ੍ਰੀਖਿਆਵਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਸੀ। ਵਿਦਿਆਰਥੀਆਂ ਦੇ ਬਡੀ ਗਰੁੱਪ ਬਣਾਏ ਗਏ ਸਨ ਅਤੇ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਮਾਹਿਰਾਂ ਰਾਹੀਂ ਵਿਦਿਆਰਥੀਆਂ ਨੂੰ ਉਕਤ ਪ੍ਰੀਖਿਆ ਲਈ ਆਨਲਾਈਨ ਵਿਸ਼ੇਸ਼ ਸਿਖਲਾਈ ਦਿੱਤੀ ਗਈ ਸੀ। ਜਿਸ ਤੋਂ ਵਧੀਆ ਨਤੀਜੇ ਆਉਣ ਦੀ ਉਮੀਦ ਬੱਝਦੀ ਹੈ। ਸ੍ਰੀਮਤੀ ਹਰਿੰਦਰ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਦੌਰਾਨ ਨਿਰੀਖਣ ਲਈ ਵੱਖ-ਵੱਖ ਨੋਡਲ ਅਫ਼ਸਰਾਂ ਦੀ ਦੇਖ-ਰੇਖ 'ਚ ਵਿਸ਼ੇਸ਼ ਚੈਕਿੰਗ ਟੀਮਾਂ ਬਣਾਈਆਂ ਗਈਆਂ ਸਨ।
ਤਸਵੀਰ:- ਮਲਟੀਪਰਪਜ਼ ਸਕੂਲ ਪਟਿਆਲਾ ਵਿਖੇ ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆ ਦਾ ਨਿਰੀਖਣ ਕਰਦੇ ਹੋਏ ਪ੍ਰਿੰ. ਤੋਤਾ ਸਿੰਘ ਚਹਿਲ।