-ਡੀ.ਆਈ.ਜੀ. ਬਲਜੋਤ ਸਿੰਘ ਰਾਠੌੜ ਤੇ ਏ.ਆਈ.ਜੀ. ਹਰਮੀਤ ਸਿੰਘ ਹੁੰਦਲ ਦੀ ਅਗਵਾਈ 'ਚ 100 ਤੋਂ ਵਧੇਰੇ ਬੂਟੇ ਲਗਾਏ

ਜਨਰਲ ਪੁਲਿਸ, ਰੇਲਵੇਜ਼ ਦੇ ਦਫ਼ਤਰ 'ਚ ਵਣ ਮਹਾਂਉਤਸਵ ਮਨਾਇਆ
ਜੀ.ਆਰ.ਪੀ. ਦੇ 11 ਥਾਣਿਆਂ ਸਮੇਤ ਸਾਰੀਆਂ ਚੌਂਕੀਆਂ 'ਚ ਲਗਾਏ ਬੂਟੇ
ਬੱਚਿਆਂ ਨੂੰ ਬੂਟੇ ਲਗਾਉਣ ਤੇ ਸੰਭਾਲ ਕਰਨ ਲਈ ਪ੍ਰੇਰਤ ਕੀਤਾ ਜਾਵੇ-ਹਰਮੀਤ ਸਿੰਘ ਹੁੰਦਲ
ਪਟਿਆਲਾ, 5  ਅਗਸਤ : -  ਜਨਰਲ ਪੁਲਿਸ, ਰੇਲਵੇਜ਼, ਪੰਜਾਬ ਦੇ ਪਟਿਆਲਾ ਸਥਿਤ ਸਦਰ ਦਫ਼ਤਰ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਜੀ.ਆਰ.ਪੀ. ਯੂਨਿਟ ਪਟਿਆਲਾ ਵੱਲੋਂ ਡੀ.ਆਈ.ਜੀ. ਬਲਜੋਤ ਸਿੰਘ ਰਾਠੌਰ ਤੇ ਏ.ਆਈ.ਜੀ. ਜੀ.ਆਰ.ਪੀ. ਤੇ ਕਾਂਊਟਰ ਇੰਟੈਲੀਜੈਂਸ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਦਫਤਰ ਸਦਰ ਜੀ.ਆਰ.ਪੀ. ਸਮੇਤ ਥਾਣਿਆਂ ਤੇ ਚੌਂਕੀਆਂ 'ਚ 100 ਤੋਂ ਵਧੇਰੇ ਬੂਟੇ ਲਗਾਏ ਗਏ।
ਸ. ਰਾਠੌੜ ਨੇ ਦੱਸਿਆ ਕਿ 11 ਥਾਣਿਆਂ ਸਮੇਤ ਸਾਰੀਆਂ ਚੌਂਕੀਆਂ 'ਚ ਮੁਨਾਸਬ ਜਗ੍ਹਾ 'ਤੇ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀ.ਜੀ.ਪੀ. ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਧੀਕ ਡਾਇਰੈਕਟਰ ਜਨਰਲ ਪੁਲਿਸ, ਰੇਲਵੇਜ਼, ਐਮ.ਐਫ. ਫ਼ਾਰੂਕੀ ਦੀ ਅਗਵਾਈ ਹੇਠ ਵਾਤਾਵਰਣ ਨੂੰ ਸਵੱਛ ਕਰਨ ਸਬੰਧੀ ਵਣ ਮਹਾਉਤੱਸਵ ਮਨਾਇਆ ਗਿਆ ਹੈ।
ਏ.ਆਈ.ਜੀ. ਜੀ.ਆਰ.ਪੀ. ਤੇ ਕਾਂਊਟਰ ਇੰਟੈਲੀਜੈਂਸ ਹਰਮੀਤ ਸਿੰਘ ਹੁੰਦਲ ਨੇ ਕਿਹਾ ਕਿ ਅਸੀਂ ਆਪਣੀ ਅਗਲੀ ਪੀੜੀ ਨੂੰ ਕੀ ਦੇ ਕੇ ਜਾਵਾਂਗੇ, ਤਹਿਤ ਇਹ ਬੂਟੇ ਲਗਾਏ ਜਾ ਰਹੇ ਹਨ। ਏ.ਆਈ.ਜੀ. ਹੁੰਦਲ ਨੇ ਕਿਹਾ ਕਿ ਹਰ ਵਿਅਕਤੀ ਇੱਕ-ਇੱਕ ਫ਼ਲਦਾਰ ਤੇ ਬੀਜ ਵਾਲਾ ਬੂਟਾ ਜਰੂਰ ਲਗਾਵੇ ਤਾਂ ਕਿ ਸਾਡੇ ਪੰਛੀਆਂ ਲਈ ਰਹਿਣ ਨੂੰ ਥਾਂ ਮਿਲ ਸਕੇ। ਖਾਸ ਕਰਕੇ ਸਾਡੇ ਬੱਚੇ ਬੂਟੇ ਜਰੂਰ ਲਗਾਉਣ ਅਤੇ ਇਨ੍ਹਾਂ ਨੂੰ ਸੰਭਾਲਣ ਦਾ ਉਪਰਾਲਾ ਵੀ ਕਰਨ। ਇਸ ਮੌਕੇ ਡੀ.ਐਸ.ਪੀ ਪ੍ਰਸਾਸ਼ਨ ਦਵਿੰਦਰ ਸਿੰਘ, ਦਫਤਰ ਸੁਪਰਡੈਂਟ ਸਰਬਜੀਤ ਕੌਰ ਤੇ ਹੋਰ ਅਮਲਾ ਹਾਜਰ ਸੀ।