ਇਫਟੂ ਵੱਲੋਂ ਅੰਬੇਡਕਰ ਜਯੰਤੀ ਮਨਾਉਣ ਲਈ ਭੱਠਾ ਮਜ਼ਦੂਰਾਂ ਦੀਆਂ ਮੀਟਿੰਗਾਂ

ਨਵਾਂਸ਼ਹਿਰ 6 ਅਪ੍ਰੈਲ :  (ਵਿਸ਼ੇਸ਼ ਪ੍ਰਤੀਨਿਧੀ) ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫਟੂ) ਵੱਲੋਂ 14 ਅਪ੍ਰੈਲ ਨੂੰ ਦੁਸਹਿਰਾ ਗਰਾਊਂਡ ਨਵਾਂਸ਼ਹਿਰ ਵਿਖੇ ਮਨਾਈ ਜਾ ਰਹੀ ਡਾਕਟਰ ਭੀਮ ਰਾਓ ਅੰਬੇਡਕਰ ਜਯੰਤੀ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ।ਇਸ ਸਬੰਧੀ ਅੱਜ ਇਲਾਕੇ ਦੇ ਇੱਟਾਂ ਦੇ ਭੱਠਿਆਂ ਉੱਤੇ ਮਜ਼ਦੂਰਾਂ ਦੀਆਂ ਮੀਟਿੰਗਾਂ ਕਰਾਈਆਂ ਗਈਆਂ ਜਿਨ੍ਹਾਂ ਵਿਚ ਭਾਰੀ ਗਿਣਤੀ ਵਿਚ ਮਜ਼ਦੂਰ ਸ਼ਾਮਲ ਹੋਏ। ਇਹ ਮੀਟਿੰਗਾਂ ਰਾਮਗੜ੍ਹ, ਸੋਇਤਾ,ਪੱਲੀਆਂ ਕਲਾਂ, ਪੱਲੀਆਂ ਖ਼ੁਰਦ ਅਤੇ ਬੈਰਸੀਆਂ ਪਿੰਡਾਂ ਦੇ ਭੱਠਿਆਂ ਉੱਤੇ ਕੀਤੀਆਂ ਗਈਆਂ ਜਿਨ੍ਹਾਂ ਨੂੰ ਇਫਟੂ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ ਤਾਰੀ,ਭੱਠਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਰੱਕੜ ਅਤੇ ਭਰਤ ਨੇ ਸੰਬੋਧਨ ਕੀਤਾ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਸਾਬਤ ਹੋ ਚੁੱਕੀ ਹੈ ਜਿਸ ਨੇ ਮਜ਼ਦੂਰ ਹਿੱਤੂ ਕਾਨੂੰਨ ਖ਼ਤਮ ਕਰਕੇ ਇਹਨਾਂ ਦੀ ਥਾਂ ਮਜ਼ਦੂਰ ਵਿਰੋਧੀ ਚਾਰ ਕਿਰਤ ਕਾਨੂੰਨ ਲਾਗੂ ਕਰ ਦਿੱਤੇ ਹਨ, ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਤੋਂ ਵਧਾਕੇ 12 ਘੰਟੇ ਕਰ ਦਿੱਤੀ ਹੈ।ਮਜ਼ਦੂਰਾਂ ਦੇ ਯੂਨੀਅਨ ਬਣਾਉਣ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੇ ਮੁੱਢਲੇ ਅਤੇ ਸੰਵਿਧਾਨਕ ਹੱਕਾਂ ਉੱਤੇ ਸੱਟ ਮਾਰੀ ਹੈ।ਉਨ੍ਹਾਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਦੇ ਲਿਖੇ ਸੰਵਿਧਾਨ ਦੀਆਂ ਮੱਦਾਂ ਇਕ ਇਕ ਕਰਕੇ ਖ਼ਤਮ ਕੀਤੀਆਂ ਜਾ ਰਹੀਆਂ ਹਨ।ਮਜ਼ਦੂਰਾਂ ਦੇ ਬੱਚਿਆਂ ਕੋਲੋਂ ਉਨ੍ਹਾਂ ਦਾ ਪੜ੍ਹਾਈ ਕਰਨ ਦਾ ਹੱਕ ਖੋਹਿਆ ਜਾ ਰਿਹਾ ਹੈ। ਮੰਨੂੰ ਸਿਮ੍ਰਿਤੀ ਦੀ ਸਮਝ ਲਾਗੂ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੀ ਮੋਦੀ ਸਰਕਾਰ ਦੇ ਕਦਮਾਂ ਨਾਲ ਕਦਮ ਮਿਲਾਕੇ ਚੱਲ ਰਹੀ ਹੈ। ਇਹਨਾਂ ਦੋਵਾਂ ਸਰਕਾਰਾਂ ਵੱਲੋਂ ਕਰੋਨਾ ਦਾ ਡਰ ਦੇ ਕੇ ਪਿਛਲੇ ਸਾਲ ਵਾਲਾ ਡਰਾਉਣਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਜਦੋਂ ਖਾਸਕਰ ਪ੍ਰਵਾਸੀ ਮਜ਼ਦੂਰਾਂ ਨੂੰ ਬਹੁਤ ਹੀ ਮਾੜੇ ਦਿਨ ਦੇਖਣੇ ਪਏ ਸਨ । ਉਨ੍ਹਾਂ ਨੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ 14 ਅਪ੍ਰੈਲ ਨੂੰ ਨਵਾਂਸ਼ਹਿਰ ਵਿਖੇ ਵੱਡੀ ਗਿਣਤੀ ਵਿਚ ਪਹੁੰਚਣ। ਇਹਨਾਂ ਮੀਟਿੰਗਾਂ ਨੂੰ ਨਿਖਿਲ, ਓਮ ਪਾਲ ਅਤੇ ਓਂਕਾਰ ਮਜ਼ਦੂਰ ਆਗੂਆਂ ਨੇ ਵੀ ਸੰਬੋਧਨ ਕੀਤਾ।ਇਹਨਾਂ ਮੀਟਿੰਗਾਂ ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ।
 ਕੈਪਸ਼ਨ:ਪਿੰਡ ਪੱਲੀਆਂ ਦੇ ਭੱਠੇ ਉੱਤੇ ਇਫਟੂ ਦੇ ਆਗੂ ਅਤੇ ਮਜਦੂਰ