ਡਿਪਟੀ ਕਮਿਸ਼ਨਰ ਵੱਲੋਂ ਨਸ਼ਾ ਮੁਕਤ ਅਭਿਆਨ ਤਹਿਤ ਮੰਗ ਗੁਰਪ੍ਰਸ਼ਾਦ ਸਿੰਘ ਮੰਗਾ ਦਾ ਗੀਤ ਜਾਰੀ


ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਜਿਹੇ ਗੀਤ ਸਮੇਂ ਦੀ ਲੋੜ :- ਡਾ. ਸ਼ੇਨਾ ਅਗਰਵਾਲ
ਨਵਾਂਸ਼ਹਿਰ, 1 ਅਪਰੈਲ :(‍ਸਭਿਆਚਾਰਕ ਪ੍ਰਤੀਨਿਧੀ) ਜ਼ਿਲਾ ਪ੍ਰਸ਼ਾਸਨ ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਰਿਕਾਰਡ ਕਰਵਾਏ ਗਏ ਜ਼ਿਲਾ ਕੋਆਰਡੀਨੇਟਰ ਵਿਵਹਾਰ ਪਰਿਵਰਤਨ ਅਤੇ ਡਿਪਟੀ ਨੋਡਲ ਅਫ਼ਸਰ ਨਸ਼ਾ ਮੁਕਤ ਭਾਰਤ ਅਭਿਆਨ ਮੰਗ ਗੁਰਪ੍ਰਸ਼ਾਦ ਸਿੰਘ ਮੰਗਾ ਦੇ ਲਿਖੇ ਅਤੇ ਗਾਏ ਗੀਤ ਨੂੰ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ  ਜਾਰੀ ਕੀਤਾ ਗਿਆ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਸ ਮੌਕੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਜਿਹੇ ਗੀਤ ਸਮੇਂ ਦੀ ਲੋੜ ਹਨ। ਉਨਾਂ ਕਿਹਾ ਕਿ ਇਹ ਗੀਤ ਨਸ਼ਾ ਗ੍ਰਸਤ ਮਰੀਜ਼ਾਂ ਅਤੇ ਭੈੜੀ ਸੰਗਤ ਵਿਚ ਪੈ ਕੇ ਗ਼ਲਤ ਰਾਹ ਅਖ਼ਤਿਆਰ ਕਰਨ ਵਾਲਿਆਂ ਲਈ ਵੱਡਾ ਪ੍ਰੇਰਣਾ ਸਰੋਤ ਬਣੇਗਾ। ਉਨਾਂ ਕਿਹਾ ਕਿ ਕਿਸੇ ਕਾਰਨ ਨਸ਼ਿਆਂ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਇਸ ਗੀਤ ਤੋਂ ਸੇਧ ਲੈਣ ਦੀ ਲੋੜ ਹੈ, ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਨੇ ਕਿਹਾ ਕਿ ਪੰਜਾਬ ਪੱਧਰ 'ਤੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਇਹ ਹੁਣ ਤੱਕ ਦਾ ਪਹਿਲਾ ਗੀਤ ਹੈ, ਜੋ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਹ ਗੀਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨਸ਼ਿਆਂ ਖਿਲਾਫ਼ ਛੇੜੀ ਗਈ ਜੰਗ ਵਿਚ ਮੀਲ ਪੱਥਰ ਸਾਬਿਤ ਹੋਵੇਗਾ। ਉਨਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਹਥਿਆਰਾਂ, ਨਸ਼ਿਆਂ ਅਤੇ ਹੋਰ ਗ਼ਲਤ ਕੰਮਾਂ ਵੱਲ ਪ੍ਰੇਰਿਤ ਕਰਦੇ ਗੀਤਾਂ ਤੋਂ ਪਿੱਛੇ ਪਰਤਣਾ ਚਾਹੀਦਾ ਹੈ ਅਤੇ ਅਜਿਹੇ ਸੁਚੱਜੇ ਅਤੇ ਸਿਹਤਮੰਦ ਗੀਤਾਂ ਤੋਂ ਚੰਗੀ ਸੇਧ ਲੈਣੀ ਚਾਹੀਦੀ ਹੈ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਇਸ ਮੌਕੇ ਕਿਹਾ ਕਿ ਸਿਹਤ ਵਿਭਾਗ ਦੇ ਜ਼ਿਲਾ ਕੋਆਰਡੀਨੇਟਰ ਮੰਗ ਗੁਰਪ੍ਰਸ਼ਾਦ ਸਿੰਘ ਦੀ ਨਸ਼ਾ ਵਿਰੋਧੀ ਪ੍ਰੋਗਰਾਮਾਂ ਵਿਚ ਅਣਥੱਕ ਮਿਹਨਤ ਤੋਂ ਇਲਾਵਾ ਇਹ ਗੀਤ ਉਨਾਂ ਦੀ ਇਕ ਨਿਵੇਕਲੀ ਪਹਿਲਕਦਮੀ ਹੈ, ਜਿਸ ਲਈ ਸਿਹਤ ਵਿਭਾਗ ਉਨਾਂ 'ਤੇ ਮਾਣ ਮਹਿਸੂਸ ਕਰਦਾ ਹੈ। ਉਨਾਂ ਕਿਹਾ ਕਿ ਅਜਿਹੇ ਗੀਤਾਂ ਦੁਆਰਾ ਸਮਾਜ ਵਿਚ ਚੰਗੇ ਕਾਰਜਾਂ ਦੀ ਸਥਾਪਤੀ ਅਤੇ ਚੰਗੇ ਗੀਤਾਂ ਦੀ ਸਿਰਜਣਾ ਦੀ ਪਰਤ ਪਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਪੈਂਫਲਿਟ ਵਿਚ ਵੀ ਮੰਗ ਗੁਰਪ੍ਰਸ਼ਾਦ ਸਿੰਘ ਦਾ ਨਸ਼ਿਆਂ ਖਿਲਾਫ਼ ਜਾਗਰੂਕ ਕਰਦਾ ਲੇਖ ਅਤੇ ਗੀਤ ਸ਼ਾਮਿਲ ਕਰਨਾ ਮਾਣ ਵਾਲੀ ਗੱਲ ਹੈ। ਇਸ ਮੌਕੇ ਡੀ. ਐਸ. ਪੀ ਲਖਵੀਰ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਪ੍ਰਾਜੈਕਟ ਡਾਇਰੈਕਟਰ ਚਮਨ ਸਿੰਘ, ਗਾਈਡੈਂਸ ਕਾਊਂਸਲਰ ਬਲਦੀਸ਼ ਲਾਲ, ਏ. ਐਸ. ਆਈ ਹੁਸਨ ਲਾਲ, ਯੂਥ ਆਗੂ ਅਮਨਿੰਦਰ ਸਿੰਘ, ਕੋਚ ਮਲਕੀਤ ਸਿੰਘ, ਜਤਿੰਦਰ ਸਿੰਘ ਤੇ ਹੋਰ ਹਾਜ਼ਰ ਸਨ।
ਕੈਪਸ਼ਨ :- ਨਸ਼ਾ ਮੁਕਤ ਅਭਿਆਨ ਤਹਿਤ ਮੰਗ ਗੁਰਪ੍ਰਸ਼ਾਦ ਸਿੰਘ ਦਾ ਨਸ਼ਿਆਂ ਖਿਲਾਫ਼ ਗੀਤ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ।  ਨਾਲ ਹਨ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ,  ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਤੇ ਹੋਰ।