ਨਵਾਂਸ਼ਹਿਰ ਤੋਂ ਬੱਸਾਂ ਨੂੰ ਝੰਡੀ ਦੇ ਕੇ ਕੀਤਾ ਔਰਤਾਂ ਲਈਮੁਫ਼ਤ ਬੱਸ ਸਫ਼ਰ ਦਾ ਰਸਮੀ ਤੌਰ ’ਤੇ ਆਗਾਜ਼

ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਮਹਿਲਾ ਸਸ਼ਕਤੀਕਰਨ ਵੱਲ ਇਕ ਵੱਡਾ ਕਦਮ-ਡਾ. ਸ਼ੇਨਾ ਅਗਰਵਾਲ
ਨਵਾਂਸ਼ਹਿਰ, 1 ਅਪ੍ਰੈਲ : (ਬਿਊਰੋ) ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਕਰਨ ਦੀ ਸਹੂਲਤ ਪ੍ਰਦਾਨ ਕਰਨਾ ਮਹਿਲਾ ਸਸ਼ਕਤੀਕਰਨ ਵੱਲ ਇਕ ਵੱਡਾ ਕਦਮ ਹੈ, ਜਿਸ ਨਾਲ ਔਰਤਾਂ ਜਿੱਥੇ ਆਰਥਿਕ ਤੌਰ 'ਤੇ ਮਜ਼ਬੂਤ ਹੋਣਗੀਆਂ, ਉੱਥੇ ਉਨ੍ਹਾਂ ਨੂੰ ਸੁਰੱਖਿਅਤ ਸਫ਼ਰ ਦੀ ਸੁਵਿਧਾ ਵੀ ਮੁਹੱਈਆ ਹੋਵੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਐੱਸ. ਐੱਸ. ਪੀ ਅਲਕਾ ਮੀਨਾ ਅਤੇ ਸਹਾਇਕ ਕਮਿਸ਼ਨਰ ਦੀਪਜੋਤ ਕੌਰ ਦੀ ਮੌਜੂਦਗੀ ਵਿਚ ਬੱਸ ਸਟੈਂਡ ਨਵਾਂਸ਼ਹਿਰ ਤੋਂ ਇਸ ਯੋਜਨਾ ਦਾ ਆਗਾਜ਼ ਕਰਦਿਆਂ ਬੱਸਾਂ ਨੂੰ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਹੁਣ ਸਾਰੀਆਂ ਔਰਤਾਂ, ਚਾਹੇ ਉਹ ਕੋਈ ਵੀ ਵਿੱਤੀ ਰੁਤਬਾ ਰੱਖਦੀਆਂ ਹੋਣ, ਸਿਰਫ਼ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਵੀ ਯੋਗ ਸ਼ਨਾਖ਼ਤੀ ਕਾਰਡ ਦਿਖਾ ਕੇ ਸੂਬੇ ਅੰਦਰ ਚੱਲਣ ਵਾਲੀਆਂ ਸਾਰੀਆਂ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਖ਼ਿਲਾਫ਼ ਜੁਰਮ ਨੂੰ ਰੋਕਣ ਲਈ ਉਨ੍ਹਾਂ ਦੀ ਸੁਰੱਖਿਆ ਲਈ ਟਰਾਂਸਪੋਰਟ ਵਿਭਾਗ ਵਾਹਨਾਂ ਦੀ ਟਰੈਕਿੰਗ ਲਈ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿਚ ਜੀ. ਪੀ. ਐੱਸ ਸਿਸਟਮ ਲਗਾਉਣ ਜਾ ਰਿਹਾ ਹੈ। ਇਸ ਤੋਂ ਇਲਾਵਾ ਹੰਗਾਮੀ ਹਾਲਤ ਲਈ ਪੈਨਿਕ ਬਟਨ ਵੀ ਹੋਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ਤੋਂ ਸੂਬਾ ਪੱਧਰ 'ਤੇ ਮੁਫ਼ਤ ਸਫ਼ਰ ਸਹੂਲਤ ਦੇ ਵਰਚੂਅਲ ਤੌਰ 'ਤੇ ਕੀਤੇ ਆਗਾਜ਼ ਸਮਾਗਮ ਵਿਚ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਐੱਸ. ਐੱਸ. ਪੀ ਅਲਕਾ ਮੀਨਾ ਨੇ ਹੋਰਨਾਂ ਸ਼ਖ਼ਸੀਅਤਾਂ ਅਤੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਆਨਲਾਈਨ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਅਤੇ ਹੋਰਨਾਂ ਮੰਤਰੀ ਸਾਹਿਬਾਨ ਦੇ ਵਿਚਾਰ ਸੁਣੇ। 
  ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਹਰਮੇਸ਼ ਕੌਰ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ, ਐਮ. ਸੀ ਸਚਿਨ ਦੀਵਾਨ, ਪੰਜਾਬ ਰੋਡਵੇਜ਼ ਨਵਾਂਸ਼ਹਿਰ ਦੇ ਜੀ. ਐਮ ਇੰਜ. ਸਰਬਜੀਤ ਸਿੰਘ ਖੋਖਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਸੀ. ਡੀ. ਪੀ. ਓ ਬਲਾਚੌਰ ਪੰਕਜ ਸ਼ਰਮਾ, ਸੀ. ਡੀ. ਪੀ. ਓ ਸੜੋਆ ਜਸਵਿੰਦਰ ਕੌਰ, ਸਟੇਸ਼ਨ ਸੁਪਰਡੈਂਟ ਗੁਰਨਾਮ ਸਿੰਘ, ਸਹਾਇਕ ਮਕੈਨੀਕਲ ਇੰਜੀਨੀਅਰ ਗੁਰਤੇਜ ਸਿੰਘ, ਸੁਪਰਡੈਂਟ ਨਿਰਮਲਾ ਦੇਵੀ, ਸਖੀ ਵੱਨ ਸਟਾਪ ਤੋਂ ਦੀਪ ਸ਼ਿਖਾ ਤੇ ਅਮਨਦੀਪ ਤੋਂ ਇਲਾਵਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। 
ਕੈਪਸ਼ਨ : -ਬੱਸ ਸਟੈਂਡ ਨਵਾਂਸ਼ਹਿਰ ਵਿਖੇ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਸਹੂਲਤ ਦਾ ਆਗਾਜ਼ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਐੱਸ. ਐੱਸ. ਪੀ ਅਲਕਾ ਮੀਨਾ, ਸਹਾਇਕ ਕਮਿਸ਼ਨਰ ਦੀਪਜੋਤ ਕੌਰ ਅਤੇ ਹੋਰ ਅਧਿਕਾਰੀ।