ਅੱਜ 1 ਮਈਤੋਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲਣਗੇ ਸੇਵਾ ਕੇਂਦਰ

*ਸੇਵਾਵਾਂ ਹਾਸਲ ਕਰਨ ਵਾਲਿਆਂ ਲਈ ਅਗੇਤੀ ਪ੍ਰਵਾਨਗੀ ਲੈਣੀ ਲਾਜ਼ਮੀ
ਨਵਾਂਸ਼ਹਿਰ, 30 ਅਪ੍ਰੈਲ :- ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲੇ ਦੇ ਸੇਵਾ ਕੇਂਦਰਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਹੁਣ 1 ਮਈ 2021 ਤੋਂ 31 ਮਈ 2021 ਤੱਕ ਸੇਵਾ ਕੇਂਦਰਾਂ ਦੇ ਖੁੱਲਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸੇਵਾ ਕੇਂਦਰਾਂ ਦੇ ਸਟਾਫ ਅਤੇ ਕੰਮਕਾਜ ਲਈ ਆਉਣ ਵਾਲੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸੇਵਾ ਕੇਂਦਰਾਂ ਵਿਚ ਕੀਤੀ ਜਾਂਦੀ ਫੀਸ ਦੀ ਅਦਾਇਗੀ ਵੀ ਡਿਜੀਟਲ ਮੋਡ ਅਤੇ ਪੀ. ਓ. ਐਸ ਮਸ਼ੀਨਾਂ ਰਾਹੀਂ ਹੋਵੇਗੀ। ਉਨਾਂ ਦੱਸਿਆ ਕਿ ਸੇਵਾ ਕੇਂਦਰਾਂ ਦੇ ਸਮੁੱਚੇ ਸਟਾਫ ਲਈ ਵੈਕਸੀਨੇਸ਼ਨ ਸਰਟੀਫਿਕੇਟ ਲਾਜ਼ਮੀ ਕੀਤਾ ਗਿਆ ਹੈ ਅਤੇ ਵੈਕਸੀਨੇਸ਼ਨ ਸਰਟੀਫਿਕੇਟ ਤੋਂ ਬਗੈਰ ਕਿਸੇ ਵੀ ਸਟਾਫ ਮੈਂਬਰ ਨੂੰ ਸੇਵਾ ਕੇਂਦਰਾਂ ਅੰਦਰ ਕੰਮ ਕਰਨ ਦੀ ਆਗਿਆ ਨਹੀਂ ਹੋਵੇਗੀ। ਉਨਾਂ ਕਿਹਾ ਕਿ ਸੇਵਾ ਕੇਂਦਰਾਂ ਵਿਚੋਂ ਕੋਈ ਵੀ ਸੇਵਾ ਲੈਣ ਲਈ ਅਗੇਤੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਉਨਾਂ ਕਿਹਾ ਕਿ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਬਿਨੈਕਾਰ ਨੂੰ ਸੇਵਾ ਪ੍ਰਦਾਨ ਨਹੀਂ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਅਗੇਤੀ ਪ੍ਰਵਾਨਗੀ ਮੋਬਾਈਲ ਐਪ 'ਐਮ-ਸੇਵਾ', 'ਕੋਵਾ', ਵੈੱਬਸਾਈਟ dgrpg.punjab.gov.in/sewa-kendras ਜਾਂ ਮੋਬਾਈਲ ਨੰਬਰ 8968593812 ਅਤੇ 8968593813 ਉੱਤੇ ਸੰਪਰਕ ਕਰਕੇ ਲਈ ਜਾ ਸਕਦੀ ਹੈ। ਉਨਾਂ ਕਿਹਾ ਕਿ ਸੇਵਾ ਕੇਂਦਰਾਂ ਅੰਦਰ ਸਟਾਫ ਅਤੇ ਨਾਗਰਿਕਾਂ ਲਈ ਮਾਸਕ ਪਾਉਣ ਅਤਿ ਲਾਜ਼ਮੀ ਹੈ ਅਤੇ ਸੇਵਾ ਕੇਂਦਰਾਂ ਦੇ ਅੰਦਰ ਸੇਵਾ ਕਾਊਂਟਰਾਂ ਦੀ ਗਿਣਤੀ ਅਨੁਸਾਰ ਹੀ ਪ੍ਰਾਰਥੀ ਜਾ ਸਕਣਗੇ। ਉਨਾਂ ਕਿਹਾ ਕਿ ਬਾਕੀ ਪ੍ਰਾਰਥੀਆਂ ਨੂੰ ਸੇਵਾ ਕੇਂਦਰ ਦੇ ਬਾਹਰ ਉਡੀਕ ਕਰਨੀ ਹੋਵੇਗੀ। ਉਨਾਂ ਕਿਹਾ ਕਿ ਦਸਤਾਵੇਜ਼ ਹਾਸਲ ਕਰਨ ਲਈ ਪ੍ਰਾਰਥੀਆਂ ਨੂੰ ਕੋਰੀਅਰ ਸਰਵਿਸ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ।

ਅਮਰਜੀਤ ਸਿੰਘ ਨੇ ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਵਜੋਂ ਸੰਭਾਲਿਆ ਕਾਰਜ ਭਾਰ

ਨਵਾਂਸ਼ਹਿਰ 30 ਅਪ੍ਰੈਲ :- ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਰਸਮੀ ਤੌਰ 'ਤੇ ਨਗਰ ਕੌਂਸਲ ਪ੍ਰਧਾਨ ਵਜੋਂ ਕਾਰਜ ਭਾਰ ਸੰਭਾਲ ਲਿਆ। ਨਗਰ ਕੌਂਸਲ ਦਫ਼ਤਰ ਰਾਹੋਂ ਵਿਖੇ ਅੱਜ ਵਿਧਾਇਕ ਅੰਗਦ ਸਿੰਘ ਅਤੇ ਸਮੂਹ ਕੌਂਸਲਰਾਂ ਦੀ ਮੌਜੂਦਗੀ 'ਚ ਪ੍ਰਧਾਨ ਵਜੋਂ ਚਾਰਜ ਸੰਭਾਲਦਿਆਂ ਅਮਰਜੀਤ ਸਿੰਘ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਭਰੋਸੇ ਨਾਲ ਉਨਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ, ਉਸ 'ਤੇ ਉਹ ਪੂਰੀ ਤਰਾਂ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨਾਂ ਕਿਹਾ ਕਿ ਇਤਿਹਾਸਕ ਸ਼ਹਿਰ ਰਾਹੋਂ ਨੂੰ ਇਕ ਨਮੂਨੇ ਦਾ ਸ਼ਹਿਰ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਨਗਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਸ਼ਹਿਰ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ਜਾਵੇਗਾ। ਇਸ ਮੌਕੇ ਵਿਧਾਇਕ ਅੰਗਦ ਸਿੰਘ ਨੇ ਪ੍ਰਧਾਨ ਅਮਰਜੀਤ ਸਿੰਘ ਨੂੰ ਵਧਾਈ ਦਿੰਦਿਆਂ ਉਨਾਂ ਨੂੰ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਰਾਹੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਜੀਅ-ਜਾਨ ਨਾਲ ਕੰਮ ਕੰਮ ਕਰਨ ਦੀ ਤਾਕੀਦ ਕੀਤੀ। ਉਨਾਂ ਉਮੀਦ ਪ੍ਰਗਟਾਈ ਕਿ ਅਮਰਜੀਤ ਸਿੰਘ ਆਪਣੇ ਸਮੂਹ ਸਾਥੀਆਂ ਨਾਲ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਵਾਉਣਗੇ ਅਤੇ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਯੋਗ ਨਿਪਟਾਰਾ ਕਰਨਗੇ। ਇਸ ਮੌਕੇ ਸਮੂਹ ਕੌਂਸਲਰ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। 
ਕੈਪਸ਼ਨ : -ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਵਜੋਂ ਕਾਰਜ ਭਾਰ ਸੰਭਾਲਦੇ ਹੋਏ ਅਮਰਜੀਤ ਸਿੰਘ। ਨਾਲ ਹਨ ਵਿਧਾਇਕ ਅੰਗਦ ਸਿੰਘ ਅਤੇ ਕੌਂਸਲਰ। 

ਲੋਕਾਂ ਉਤੇ ਅੰਨੇਵਾਹ ਤਸ਼ੱਦਦ ਕਰਕੇ ਚਾਰੇ ਪਾਸੇ ਲੁੱਟ ਮਚਾ ਰਹੀ ਹੈ ਕੈਪਟਨ ਸਰਕਾਰ:- ਸਤਨਾਮ ਸਿੰਘ ਜਲਵਾਹਾ

ਨਵਾਂਸ਼ਹਿਰ 30 ਅਪ੍ਰੈਲ (ਬਿਊਰੋ) ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਮਹਿੰਗੀ ਬਿਜਲੀ ਖਿਲਾਫ ਪਿੰਡ ਪਿੰਡ ਜਾਕੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮਹਿੰਗੀ ਬਿਜਲੀ ਦੀ ਮਾਰ ਤੋਂ ਆਮ ਲੋਕਾਂ ਨੂੰ ਰਾਹਤ ਦਿਵਾਉਣ ਲਈ ਹਲਕਾ ਨਵਾਂਸ਼ਹਿਰ ਤੋਂ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਵੱਲੋਂ ਹਲਕੇ ਵਿੱਚ ਅਲੱਗ-ਅਲੱਗ ਟੀਮਾਂ ਬਣਾਕੇ ਬਿਜਲੀ ਅੰਦੋਲਨ ਤਹਿਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਜਲਵਾਹਾ ਵੱਲੋਂ ਅੱਜ ਨਵਾਂਸ਼ਹਿਰ ਹਲਕੇ ਦੇ ਪਿੰਡ ਸਜਾਵਲਪੁਰ,ਨਾਈਮਜਾਰਾ ਅਤੇ ਸਨਾਵਾ ਵਿਖੇ ਲੋਕਾਂ ਨੂੰ ਬਿਜਲੀ ਦੀ ਲੁੱਟ ਤੋਂ ਜਾਣੂੰ ਕਰਵਾਕੇ ਲੋਕਾਂ ਦੀਆਂ ਸਮੱਸਿਆਂਵਾਂ ਸੁਣੀਆਂ ਅਤੇ ਬਿਜਲੀ ਦੇ ਬਿੱਲ ਸਾੜਕੇ ਸੰਕੇਤਕ ਰੂਪ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਕੈਪਟਨ ਸਰਕਾਰ ਬਾਦਲਾਂ ਨਾਲ ਮਿਲਕੇ ਪੰਜਾਬ ਨੂੰ ਚਾਰੇ ਪਾਸਿਓਂ ਲੁੱਟਣ ਵਿੱਚ ਲੱਗੀ ਹੋਈ ਹੈ ਅਤੇ ਇਨ੍ਹਾਂ ਕਾਂਗਰਸੀ ਅਤੇ ਅਕਾਲੀਆ ਵੱਲੋਂ ਸਾਂਝੇ ਤੌਰ ਉੱਤੇ ਲੁੱਟ ਕਰਕੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਅੱਜ ਪੰਜਾਬ ਦਾ ਹਰ ਵਰਗ ਕਾਂਗਰਸ ਸਰਕਾਰ ਦੀਆਂ ਬੇਹੱਦ ਘਟੀਆ ਅਤੇ ਮਾੜੀਆਂ ਨੀਤੀਆਂ ਕਾਰਨ ਸਿੱਖਿਆ ਮਾਫੀਆ, ਬਿਜਲੀ ਮਾਫ਼ੀਆ, ਰੇਤ ਮਾਫੀਆ ਅਤੇ ਸਿਹਤ ਮਾਫੀਆ ਹੱਥੋਂ ਨਿੱਤ ਦਿਨ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਇਹ ਸਾਰਾ ਮਾਫੀਆ ਤੰਤਰ ਖੁਦ ਕਾਂਗਰਸੀ ਅਤੇ ਅਕਾਲੀ ਲੀਡਰਾਂ ਵੱਲੋਂ ਮਿਲੀਭੁਗਤ ਕਰਕੇ ਖੁੱਲੇਆਮ ਚਲਾਇਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਵੱਡੇ ਝੂਠ ਬੋਲਕੇ ਜਿਸ ਤਰ੍ਹਾਂ ਸਰਕਾਰ ਬਣਾਈ ਅਤੇ ਸੱਤਾ ਵਿਚ ਆਉਣ ਤੋਂ ਬਾਅਦ ਇਕ ਵੀ ਵਾਅਦਾ ਪੂਰਾ ਨਾ ਕਰਨ ਕਰਕੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ ਅਤੇ ਲੋਕ ਹੁਣ ਇਨ੍ਹਾਂ ਕਾਂਗਰਸੀਆਂ ਅਕਾਲੀਆਂ ਅਤੇ ਭਾਜਪਾਈਆਂ ਨੂੰ ਭਵਿੱਖ ਵਿਚ ਕਦੀਂ ਵੀ ਮੂੰਹ ਨਹੀਂ ਲਾਉਣਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਦੋਸ਼ੀ ਬਾਦਲ ਪਰਿਵਾਰ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ।ਪਰ ਹੁਣ ਪੰਜਾਬ ਦੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਕਾਂਗਰਸ ਅਕਾਲੀ ਇਕੋਂ ਸਿੱਕੇ ਦੇ ਦੋ ਪਹਿਲੂ ਹਨ ਅਤੇ ਪਿੰਡਾਂ ਵਿੱਚ ਇਹ ਆਪਣੀ ਕੁਰਸੀ ਖਾਤਿਰ ਭਰਾ ਮਾਰੂ ਜੰਗ ਕਰਾਕੇ ਖੁਦ ਇਕੱਠੇ ਇਕੋਂ ਥਾਲੀ ਵਿਚ ਰੋਟੀ ਖਾਂਦੇ ਹਨ। ਇਸ ਮੌਕੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ, ਬਲਾਕ ਪ੍ਰਧਾਨ ਕੁਲਵੰਤ ਸਿੰਘ ਰਕਾਸਣ, ਸਾਬਕਾ ਸਰਪੰਚ ਜਸਪਾਲ ਸਿੰਘ ਸਜਾਵਲਪੁਰ, ਸਰਪੰਚ ਨਿਰਮਲ ਸਿੰਘ, ਸਾਬਕਾ ਸਰਪੰਚ ਲਛਮਣ ਮਾਨ, ਲਖਵਿੰਦਰ ਧੰਜਲ, ਅਮਰਜੀਤ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ, ਲਖਵਿੰਦਰ ਨਾਈਮਜਾਰਾ, ਕ੍ਰਿਸ਼ਨ ਸਨਾਵਾ,ਗੋਰਵ ਨਾਈਮਜਾਰਾ, ਸੁੱਖਪ੍ਰੀਤ ਜਲਵਾਹਾ, ਹਰਜੀਤ ਸਿੰਘ, ਸੋਹਣ ਸਿੰਘ ਆਦਿ ਸਾਥੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

ਸਿੱਖਿਆ ਤੇ ਅਧਿਆਪਕ ਮਾਰੂ ਫ਼ੈਸਲਿਆਂ ਖਿਲਾਫ਼ ਸਾਂਝੇ ਅਧਿਆਪਕ ਮੋਰਚੇ ਨੇ ਜਤਾਇਆ ਸਖ਼ਤ ਰੋਸ

ਸੈਕੰਡਰੀ ਸਕੂਲਾਂ ਵਿਚ ਪ੍ਰੀ ਨਰਸਰੀ ਤੋਂ ਜਮਾਤਾਂ ਸ਼ੁਰੂ ਕਰਨ ਦਾ ਫ਼ੈਸਲਾ ਰੱਦ ਕਰਨ ਦੀ ਮੰਗ
ਨਵਾਂ ਸ਼ਹਿਰ 29 ਅਪ੍ਰੈਲ :- ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ  ਨਿੱਜੀਕਰਨ ਅਤੇ ਵਪਾਰੀਕਰਨ ਪੱਖੀ, ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਪੰਜਾਬ ਵਿੱਚ ਪ੍ਰੀ ਨਰਸਰੀ ਤੋਂ ਬਾਰ੍ਹਵੀਂ ਜਮਾਤਾਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ਅੰਦਰ ਚਲਾ ਕੇ "ਕੰਪਲੈਕਸ ਸਕੂਲ" ਦਾ ਏਜੰਡਾ ਲਾਗੂ ਕਰਨ ਨੂੰ ਸਿੱਖਿਆ ਵਿਭਾਗ ਦੀ ਅਕਾਰ ਘਟਾਈ, ਪ੍ਰਾਇਮਰੀ ਸਿੱਖਿਆ ਤੰਤਰ ਲਈ ਕੁੱਲ ਤਬਾਹੀ ਅਤੇ ਜਨਤਕ ਸਿੱਖਿਆ ਦੇ ਖਾਤਮੇ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਜਿਲ੍ਹਾ ਪੱਧਰੀ ਰੋਸ ਧਰਨੇ ਦੌਰਾਨ ਮੋਰਚੇ ਦੇ ਆਗੂਆਂ ਕੁਲਦੀਪ ਸਿੰਘ ਦੌੜਕਾ, ਦਲਜੀਤ ਸਿੰਘ ਸਫੀਪੁਰ, ਕਰਨੈਲ ਸਿੰਘ ਰਾਹੋਂ, ਮਨੋਹਰ ਲਾਲ, ਦੇਸ ਰਾਜ ਬੱਜੋਂ, ਜਸਵਿੰਦਰ ਔਜਲਾ, ਹਰਕੇਸ਼ ਲਾਲ ਆਦਿ ਦੀ ਅਗਵਾਈ ਵਿੱਚ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਅਮਰੀਕ ਸਿੰਘ ਰਾਹੀਂ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੂੰ 'ਮੰਗ ਪੱਤਰ' ਭੇਜਦਿਆਂ ਉਕਤ ਫ਼ੈਸਲਿਆਂ 'ਤੇ ਫੌਰੀ ਰੋਕ ਲਗਾਉਣ ਅਤੇ ਗੱਲਬਾਤ ਦੀ ਜਮਹੂਰੀ ਪ੍ਰਕਿਰਿਆ ਰਾਹੀਂ ਸਾਰੇ ਮਸਲੇ ਹੱਲ ਕਰਨ ਦੀ ਪੁਰਜੋਰ ਮੰਗ ਕੀਤੀ ਗਈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ  ਪੰਜਾਬ ਸਰਕਾਰ ਖਿਲਾਫ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ।   ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲਾਂ ਨੂੰ ਚੋਣਵੇਂ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਮਰਜ ਕਰਕੇ ਜਨਤਕ ਸਿੱਖਿਆ ਅਤੇ ਰੁੁਜਗਾਰ ਦੇ ਉਜਾੜੇ ਦੀ ਗਰੰਟੀ ਕਰਦੀ ਰਾਸ਼ਟਰੀ ਸਿੱਖਿਆ ਨੀਤੀ - 2020 ਨੂੰ ਪੰਜਾਬ ਸਰਕਾਰ ਅਤੇ ਇਸ ਦੇ ਸਿੱਖਿਆ ਸਕੱਤਰ ਵੱਲੋਂ ਤੇਜ਼ੀ ਨਾਲ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਨਤਕ ਸਿੱਖਿਆ ਪ੍ਰਬੰਧ, ਰੁਜਗਾਰ ਅਤੇ ਸਿੱਖਿਆ ਵਿਭਾਗ ਦੇ ਉਜਾੜੇ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਭਰ ਦੇ ਅਧਿਆਪਕਾਂ ਅਤੇ ਸੂਝਵਾਨ ਲੋਕਾਂ ਨੂੰ ਮੋਦੀ ਸਰਕਾਰ ਦੀ ਸਿੱਖਿਆ ਨੀਤੀ ਦੇ ਮਾਰੂ ਪ੍ਰਭਾਵਾਂ ਤੋਂ ਸੁਚੇਤ ਰਹਿਣ ਅਤੇ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ ਪਹਿਲੀ ਜੂਨ ਨੂੰ ਸੰਗਰੂਰ ਸ਼ਹਿਰ ਵਿਚ ਹੋਣ ਜਾ ਰਹੇ ਵਿਸ਼ਾਲ ਸੂਬਾਈ ਪ੍ਰਦਰਸ਼ਨ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪ੍ਰਾਇਮਰੀ ਸਮੇਤ ਸਾਰੀਆਂ ਬਦਲੀਆਂ ਨੂੰ ਬਿਨਾ ਸ਼ਰਤ ਲਾਗੂ ਕੀਤਾ ਜਾਵੇ ਅਤੇ ਤੀਜਾ ਰਾਊਂਡ ਵੀ ਜਲਦ ਸ਼ੁਰੂ ਕੀਤਾ ਜਾਵੇ। ਸਕੂਲਾਂ ਵਿੱਚ ਖਾਲੀ ਸਾਰੀਆਂ ਅਸਾਮੀਆਂ ਬਿਨਾ ਦੇਰੀ ਭਰਨ ਦੀ ਸਰਕਾਰੀ ਜਿੰਮੇਵਾਰੀ ਨਿਭਾਉਣੀ ਯਕੀਨੀ ਬਣਾਈ ਜਾਵੇ। ਮਿਡਲ ਸਕੂਲਾਂ ਦੀ ਸੁਤੰਤਰ ਹੋਂਦ ਬਹਾਲ ਕੀਤੀ ਜਾਵੇ ਅਤੇ ਅਸਾਮੀਆਂ ਖਤਮ ਕਰਨ ਦਾ ਫੈਸਲਾ ਵਾਪਿਸ ਲਿਆ ਜਾਵੇ, ਅਧਿਆਪਕਾਂ ਦੀਆਂ ਰਹਿੰਦੀਆਂ ਵਿਕਟੇਮਾਈਜੇਸ਼ਨਾਂ ਤਰੁੰਤ ਰੱਦ ਕੀਤੀਆ ਜਾਣ, ਸਾਰੇ ਕਾਡਰ ਦੀਆਂ ਪੈਡਿੰਗ ਪ੍ਰਮੋਸ਼ਨਾਂ ਲਈ 75 ਫੀਸਦੀ ਕੋਟਾ ਬਹਾਲ ਰੱਖਦਿਆਂ ਤੁਰੰਤ ਕੀਤੀਆ ਜਾਣ। ਬੀ.ਪੀ. ਈ.ਓ. ਦਫਤਰਾਂ ਵਿੱਚ ਸਿਫਟ ਕੀਤੇ 228 ਪੀ.ਟੀ.ਆਈ ਅਧਿਆਪਕ ਮਿਡਲ ਸਕੂਲ ਵਿੱਚ ਵਾਪਸ ਭੇਜੇ ਜਾਣ ਅਤੇ ਪ੍ਰਾਇਮਰੀ ਹੈਡ ਟੀਚਰਾਂ ਦੀਆਂ ਖਤਮ ਕੀਤੀਆਂ 1904 ਪੋਸਟਾਂ ਬਹਾਲ ਕੀਤੀਆਂ ਜਾਣ। ਕਰੋਨਾ ਦੀ ਆੜ ਵਿੱਚ ਆਨਲਾਈਨ ਸਿੱਖਿਆ ਨੂੰ ਅਸਲ ਸਕੂਲੀ ਸਿੱਖਿਆ ਦੇ ਬਦਲ ਵਜੋਂ ਥੋਪਣਾ ਬੰਦ ਕਰਕੇ, ਕਰੋਨਾ ਤੋਂ ਬਚਾਅ ਲਈ ਨਿਰਧਾਰਿਤ ਪ੍ਰਬੰਧਾਂ ਤਹਿਤ ਸਾਰੀਆਂ ਜਮਾਤਾਂ ਲਈ ਸਕੂਲ ਜਲਦ ਖੋਲ੍ਹੇ ਜਾਣ। ਕੋਵਿਡ ਤੋਂ ਗ੍ਰਸਤ ਅਧਿਆਪਕਾਂ ਲਈ 30 ਦਿਨਾਂ ਦੀ ਤਨਖਾਹ ਸਹਿਤ ਛੁੱਟੀ ਦੇਣ ਸਬੰਧੀ ਸਪਸ਼ਟਤਾ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ।  ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਮੰਗ ਕੀਤੀ ਕਿ ਸਮੂਹ ਕੱਚੇ ਅਧਿਆਪਕਾਂ, ਓ.ਡੀ.ਐਲ ਅਧਿਆਪਕਾਂ, ਨਾਨ ਟੀਚਿੰਗ ਮੁਲਾਜ਼ਮਾਂ ਨੂੰ ਵਿਭਾਗ ਵਿਚ ਰੈਗੂਲਰ ਕੀਤਾ ਜਾਵੇ। ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ। ਗ੍ਰਹਿ ਜ਼ਿਲ੍ਹਿਆਂ ਤੋਂ ਬਾਹਰ ਭਰਤੀ ਅਤੇ ਤਰੱਕੀ ਲੈਣ ਵਾਲੇ ਸਾਰੀਆਂ ਕੈਟਾਗਰੀਆਂ ਦੇ ਅਧਿਆਪਕਾਂ ਨੂੰ ਬਦਲੀ ਪ੍ਰਕਿਰਿਆ ਦੌਰਾਨ ਪੱਕੀ ਰਿਹਾਇਸ਼ ਤੋਂ ਸਟੇਸ਼ਨ ਦੀ ਦੂਰੀ ਅਨੁਸਾਰ ਅੰਕਾਂ ਦੀ ਵੇਟੇਜ਼ ਦਿੱਤੀ ਜਾਵੇ। ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਅਤੇ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ਅਤੇ 1 ਜਨਵਰੀ 2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਵੀ ਕੀਤੀ ਗਈ।  ਇਸ ਸਮੇਂ ਤਜਿੰਦਰ ਬਿਰਦੀ, ਕੁਲਵਿੰਦਰ ਖਟਕੜ, ਸੰਤੋਸ਼ ਕੁਮਾਰੀ, ਬਲਕਾਰ ਸਿੰਘ, ਵਿਨੀਤ ਕੁਮਾਰ, ਸ਼ਮਸ਼ੇਰ ਸਿੰਘ, ਰਾਕੇਸ਼ ਕੁਮਾਰ, ਗੁਰਵਿੰਦਰ ਸਿੰਘ, ਬਲਵੀਰ ਰੱਕੜ, ਯਸ਼ਪਾਲ ਸ਼ਰਮਾ, ਵਿਜੈ ਕੁਮਾਰ, ਦੇਸ ਰਾਜ ਬੱਜੋਂ, ਗੁਰਦਿਆਲ ਸਿੰਘ, ਰੇਨੂ ਬਾਲਾ ਆਦਿ ਹਾਜ਼ਰ ਸਨ।

ਉਦਯੋਗਿਕ ਮੰਤਵ ਲਈ ਆਕਸੀਜਨ ਦੀ ਵਰਤੋਂ ’ਤੇ ਪਾਬੰਦੀ


ਨਵਾਂਸ਼ਹਿਰ, 29 ਅਪ੍ਰੈਲ : -ਜ਼ਿਲਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਜ਼ਿਲੇ ਦੀ ਹਦੂਦ ਅੰਦਰ ਆਕਸੀਜਨ ਦੀ ਵਰਤੋਂ ਕਰਨ ਵਾਲੇ ਸਮੂਹ ਉਦਯੋਗਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਉਦਯੋਗਿਕ ਮੰਤਵ ਲਈ ਆਕਸੀਜਨ ਦੀ ਵਰਤੋਂ ਨਹੀਂ ਕਰਨਗੇ ਅਤੇ ਤਰਲ ਆਕਸੀਜਨ ਕੇਵਲ ਮੈਡੀਕਲ ਮੰਤਵ ਲਈ ਹੀ ਵਰਤਿਆ ਜਾਵੇਗਾ। ਇਸ ਤੋਂ ਇਲਾਵਾ ਉਦਯੋਗਾਂ ਵਿਚ ਜਿੰਨੇ ਵੀ ਆਕਸੀਜਨ ਦੇ ਖਾਲੀ ਸਿਲੰਡਰ ਪਏ ਹਨ, ਉਨਾਂ ਦੀ ਰਿਪੋਰਟ ਸਬੰਧਤ ਅਦਾਰੇ ਵੱਲੋਂ ਜ਼ਿਲਾ ਮੈਨੇਜਰ, ਉਦਯੋਗ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਨੂੰ ਤੁਰੰਤ ਕੀਤੀ ਜਾਵੇਗੀ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਦੇਸ਼/ਰਾਜ ਵਿਚ ਮੈਡੀਕਲ ਆਕਸੀਜਨ ਦੀ ਨਿਰਵਿਘਨ ਸਪਲਾਈ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਜਾਰੀ ਹੁਕਮ ਮੁਤਾਬਿਕ ਜ਼ਿਲੇ ਅੰਦਰ ਤਰਲ ਆਕਸੀਜਨ ਅਤੇ ਵੱਖ-ਵੱਖ ਯੂਨਿਟਾਂ ਪਾਸ ਪਏ ਤਰਲ ਆਕਸੀਜਨ ਦੇ ਸਟਾਕ ਨੂੰ ਕੇਵਲ ਮੈਡੀਕਲ ਮੰਤਵ ਲਈ ਹੀ ਵਰਤਿਆ ਜਾਣਾ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਅਤੇ ਆਈ. ਪੀ. ਸੀ 1860 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 
ਫੋਟੋ :-ਡਾ. ਸ਼ੇਨਾ ਅਗਰਵਾਲ, ਜ਼ਿਲਾ ਮੈਜਿਸਟ੍ਰੇਟ। 

ਪ੍ਰਾਈਵੇਟ ਹਸਪਤਾਲਾਂ ਨੂੰ ਤਰਲ ਆਕਸੀਜਨ ਸਬੰਧੀ ਹਦਾਇਤਾਂ ਜਾਰੀ


ਨਵਾਂਸ਼ਹਿਰ, 29 ਅਪ੍ਰੈਲ : -ਜ਼ਿਲਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਪ੍ਰਾਈਵੇਟ ਹਸਪਤਾਲਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਵੀ ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਉਨਾਂ ਕੋਲ ਪਏ ਤਰਲ ਗੈਸ ਸਿਲੰਡਰਾਂ ਦੀ ਮੰਗ ਕੀਤੀ ਜਾਵੇ, ਤਾਂ ਉਹ ਇਨਾਂ ਸਿਲੰਡਰਾਂ ਨੂੰ ਤੁਰੰਤ ਸਿਵਲ ਸਰਜਨ ਨੂੰ ਮੁਹੱਈਆ ਕਰਵਾਉਣਗੇ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜ਼ਿਲੇ ਵਿਚ ਪ੍ਰਾਈਵੇਟ ਹਸਪਤਾਲਾਂ ਨੇ ਤਰਲ ਗੈਸ ਦੇ ਸਿਲੰਡਰ ਰੱਖੇ ਹੋਏ ਹਨ, ਪਰੰਤੂ ਉਨਾਂ ਵੱਲੋਂ ਉਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਅਤੇ ਆਈ. ਪੀ. ਸੀ 1860 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।  ਡਾ. ਸ਼ੇਨਾ ਅਗਰਵਾਲ, ਜ਼ਿਲਾ ਮੈਜਿਸਟ੍ਰੇਟ। 

ਸਰਕਾਰੀ ਰਾਜਿੰਦਰਾ ਹਸਪਤਾਲ 'ਚ ਦੋ ਕੋਵਿਡ ਮਰੀਜਾਂ ਦੀ ਐਮਰਜੈਂਸੀ ਸਫ਼ਲਤਾ ਪੂਰਵਕ ਸਰਜਰੀ

ਦੋਵੇਂ ਮਰੀਜ ਉਪਰੇਸ਼ਨ ਤੋਂ ਬਾਅਦ ਬਿਲਕੁਲ ਤੰਦਰੁਸਤ-ਡਾ. ਰੇਖੀ
ਪਟਿਆਲਾ, 28 ਅਪ੍ਰੈਲ:- ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਕੋਵਿਡ ਵਾਰਡ 'ਚ ਆਏ ਦੋ ਮਰੀਜਾਂ ਦੀ ਅਤਿ ਲੋੜੀਂਦੀ ਐਮਰਜੈਂਸੀ ਸਰਜਰੀ ਸਫ਼ਲਤਾ ਪੂਰਵਕ ਕੀਤੀ ਗਈ। ਇਹ ਦੋਵੇਂ ਮਰੀਜ ਹੁਣ ਬਿਲਕੁਲ ਤੰਦਰੁਸਤ ਹਨ ਅਤੇ ਸਿਹਤਯਾਬੀ ਵੱਲ ਵਧ ਰਹੇ ਹਨ। ਇਨ੍ਹਾਂ ਦੋਵਾਂ ਮਰੀਜਾਂ ਦੇ ਹੰਗਾਮੀ ਹਾਲਤ 'ਚ ਇਹ ਉਪਰੇਸ਼ਨ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਦੀ ਅਗਵਾਈ ਹੇਠਲੀ ਸਰਜਰੀ ਵਿਭਾਗ ਦੀ ਯੂਨਿਟ-4 ਦੇ ਡਾਕਟਰਾਂ ਵੱਲੋਂ ਪ੍ਰੋਫੈਸਰ ਡਾ. ਸੁਸ਼ੀਲ ਮਿੱਤਲ ਦੀ ਦੇਖ-ਰੇਖ ਹੇਠਾਂ ਸੀਨੀਅਰ ਰੈਜੀਡੈਂਟ ਡਾ. ਗਗਨਦੀਪ ਸਿੰਘ ਦੀ ਟੀਮ ਨੇ ਕੀਤੇ।
ਇਨ੍ਹਾਂ ਸਰਜਰੀਆਂ ਬਾਰੇ ਜਾਣਕਾਰੀ ਦਿੰਦਿਆਂ ਐਮ.ਐਸ. ਡਾ. ਐਚ.ਐਸ. ਰੇਖੀ ਨੇ ਦੱਸਿਆ ਕਿ ਰਾਜਪੁਰਾ ਵਾਸੀ ਲਖਵੀਰ ਸਿੰਘ ਨੂੰ ਅਪੈਂਡੇਸਾਈਟਿਸ ਦੀ ਗੰਭੀਰ ਤਕਲੀਫ਼ ਸੀ ਜਦਕਿ ਗੁਰਪ੍ਰੀਤ ਸਿੰਘ ਨਾਮ ਦਾ ਮਰੀਜ ਆਦੇਸ਼ ਹਸਪਤਾਲ ਬਠਿੰਡਾ ਤੋਂ ਰੈਫ਼ਰ ਹੋ ਕੇ ਇੱਥੇ ਆਇਆ ਸੀ, ਜਿਸ ਦੀ ਪੇਟ 'ਚ ਪਸ ਭਰੀ ਹੋਈ ਸੀ, ਜੋ ਕਿ ਗੁਰਦਿਆਂ ਦੇ ਆਲੇ-ਦੁਆਲੇ ਹੋਕੇ ਪੇਟ 'ਚੋਂ ਹੁੰਦੀ ਹੋਈ, ਗੁਦਾ ਦੇ ਆਲੇ-ਦੁਆਲੇ ਪਹੁੰਚੀ ਹੋਈ ਸੀ, ਜਿਸ ਦੀ ਕਿ ਹੰਗਾਮੀ ਹਾਲਤ 'ਚ ਸਰਜਰੀ ਕੀਤੇ ਜਾਣ ਦੀ ਲੋੜ ਸੀ। ਡਾ. ਰੇਖੀ ਨੇ ਦੱਸਿਆ ਕਿ ਇਹ ਦੋਵੇਂ ਮਰੀਜ ਇਸ ਵੇਲੇ ਤੰਦਰੁਸਤ ਹੋ ਰਹੇ ਹਨ ਅਤੇ ਇਨ੍ਹਾਂ ਨੂੰ ਲਗਾਤਾਰ ਸਰਜਨ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਇਨ੍ਹਾਂ ਦੇ ਉਪਰੇਸ਼ਨ ਵਾਲੇ ਟਾਂਕੇ ਖੋਲ੍ਹ ਕੇ ਕੋਵਿਡ-19 ਪ੍ਰੋਟੋਕਾਲ ਮੁਤਾਬਕ ਆਈਸੋਲੇਸ਼ਨ ਸਮਾਂ ਖ਼ਤਮ ਹੁੰਦਿਆਂ ਹੀ ਛੁੱਟੀ ਦੇ ਦਿੱਤੀ ਜਾਵੇਗੀ। ਡਾ. ਹਰਨਾਮ ਸਿੰਘ ਰੇਖੀ ਨੇ ਅੱਗੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਖੇਤਰ ਦਾ ਇਕਲੌਤਾ ਅਜਿਹਾ ਸਰਕਾਰੀ ਹਸਪਤਾਲ ਹੈ, ਜਿੱਥੇ ਕੋਵਿਡ ਮਰੀਜਾਂ ਦੀਆਂ ਹੰਗਾਮੀ ਹਾਲਤ 'ਚ ਸਰਜਰੀਆਂ ਕੀਤੀਆਂ ਜਾਂਦੀ ਹਨ। ਇਸ ਤੋਂ ਇਲਾਵਾ ਇੱਥੇ ਗੁਰਦਿਆਂ ਦੇ ਰੋਗਾਂ ਤੋਂ ਪੀੜਤ ਕੋਵਿਡ ਪਾਜਿਟਿਵ ਮਰੀਜਾਂ ਦੇ ਡਾਇਲਿਸਿਸ ਵੀ ਕੋਵਿਡ ਵਾਰਡ 'ਚ ਹੀ ਕੀਤੇ ਜਾਂਦੇ ਹਨ। ਡਾ. ਰੇਖੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਦੀ ਅਗਵਾਈ ਹੇਠ ਰਾਜਿੰਦਰਾ ਹਸਪਤਾਲ ਦੇ ਡਾਕਟਰ ਅਤੇ ਹੋਰ ਸਿਹਤ ਅਮਲੇ ਦੇ ਮੈਂਬਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਦੀ ਅਗਵਾਈ ਹੇਠ ਕੋਵਿਡ ਮਰੀਜਾਂ ਨੂੰ ਬਿਹਤਰ ਇਲਾਜ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧਤਾ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ।
ਫੋਟੋ ਕੈਪਸ਼ਨ:- ਸਰਕਾਰੀ ਰਾਜਿੰਦਰਾ ਹਸਪਤਾਲ ਦੀ ਕੋਵਿਡ ਵਾਰਡ 'ਚ ਦਾਖਲ ਮਰੀਜਾਂ ਦੀ ਅਤਿ-ਲੋੜੀਂਦੀ ਸਰਜਰੀ ਕਰਨ ਲਈ ਤਿਆਰ ਡਾਕਟਰਾਂ ਦੀ ਟੀਮ।

ਆਟੋ ਚਾਲਕਾਂ ਨੇ ਕਰੋਨਾ ਦੇ ਨਾਂਅ ਹੇਠ ਲਾਈਆਂ ਪਾਬੰਦੀਆਂ ਹਟਾਉਣ ਦੀ ਕੀਤੀ ਮੰਗ

ਨਵਾਂਸ਼ਹਿਰ  28 ਅਪ੍ਰੈਲ:- ਅੱਜ ਨਿਊ ਆਟੋ ਵਰਕਰਜ਼ ਯੂਨੀਅਨ ਨੇ ਮੀਟਿੰਗ ਕਰਕੇ ਪੰਜਾਬ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲਾ ਮੀਤ ਪ੍ਰਧਾਨ ਬਿੱਲਾ ਗੁੱਜਰ ਨੇ ਕਿਹਾ ਕਿ ਪੰਜਾਬ ਸਰਕਾਰ ਬੇਲੋੜੀਆਂ ਪਾਬੰਦੀਆਂ ਲਾਕੇ ਕਰੋਨਾ ਬਿਮਾਰੀ ਨਾਲ ਘੱਟ ਅਤੇ ਲੋਕਾਂ ਵਿਰੁੱਧ ਵੱਧ ਲੜਾਈ ਲੜ ਰਹੀ ਹੈ।ਉਹਨਾਂ ਕਿਹਾ ਕਿ ਇਹਨਾਂ ਪਾਬੰਦੀਆਂ ਕਾਰਨ ਆਟੋ ਦੀ ਸਵਾਰੀ ਬਹੁਤ ਘਟ ਗਈ ਹੈ। ਬੈਂਕਾਂ ਦੀਆਂ ਕਿਸ਼ਤਾਂ ਦੇਣੀਆਂ ਔਖੀਆਂ ਹੋ ਗਈਆਂ ਹਨ,ਟੈਕਸਾਂ ਦੀ ਭਰਮਾਰ ਹੈ। ਸਕੂਲ ਬੰਦ ਹੋਣ ਕਾਰਨ ਬੱਚਿਆਂ ਦੀਆਂ ਮੋਟੀਆਂ ਟਿਊਸ਼ਨ ਫੀਸਾਂ ਦੇਣੀਆਂ ਪੈ ਰਹੀਆਂ ਹਨ। ਨਿੱਤ ਵਰਤੋਂ ਦੀਆਂ ਚੀਜਾਂ ਦੀ ਸ਼ਰੇਆਮ ਬਲੈਕ ਹੋ ਰਹੀ ਹੈ ਜਿਸ ਉੱਤੇ ਸਰਕਾਰ ਕੋਈ ਕੰਟਰੋਲ ਨਹੀਂ ਕਰ ਰਹੀ। ਪੰਜਾਬ ਸਰਕਾਰ ਦੇ ਹੁਕਮਾਂ ਉੱਤੇ ਪੁਲਸ ਮੋਟੇ ਜੁਰਮਾਨੇ ਕਰਕੇ ਸਰਕਾਰ ਦਾ ਖਜਾਨਾ ਭਰਨ ਲਈ ਦਿਨ ਰਾਤ ਇਕ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੌਕਡਾਉਨ ਅਤੇ ਕਰਫਿਊ ਹਟਾਕੇ ਸਿਹਤ ਵਿਭਾਗ ਦੀ ਮਜਬੂਤੀ ਵੱਲ ਧਿਆਨ ਦੇਵੇ, ਵੈਕਸੀਨ ਅਤੇ ਦਵਾਈਆਂ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਲੋਕਾਂ ਵਿਚ ਚੇਤਨਾ ਪੈਦਾ ਕਰਨ ਦਾ ਕੰਮ ਕਰੇ। ਉਹਨਾਂ ਕਿਹਾ ਕਿ ਉਹਨਾਂ ਦੀ ਜਥੇਬੰਦੀ ਪਹਿਲੀ ਮਈ ਨੂੰ ਦੁਸਹਿਰਾ ਗਰਾਉਂਡ ਨਵਾਂਸ਼ਹਿਰ ਵਿਖੇ ਮਨਾਏ ਜਾ ਰਹੇ ਮਜਦੂਰ ਦਿਵਸ ਵਿਚ ਭਰਵੀਂ ਸ਼ਮੂਲੀਅਤ ਕਰੇਗੀ।

ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਵੱਲੋਂ "ਗੁਰੂ ਕੀ ਰਸੋਈ" ਨਿਸ਼ਕਾਮ ਟਿਫਨ ਸੇਵਾ ਦਾ ਸ਼ੁੱਭ ਆਰੰਭ

ਨਵਾਂਸ਼ਹਿਰ ਵਿਖੇ ਬੇਸਹਾਰਾ ਬਜ਼ੁਰਗਾਂ ਅਤੇ ਨਿਆਸਰੇ ਦਿਵਿਆਂਗ ਵਿਅਕਤੀਆਂ ਲਈ ਸ਼ਲਾਘਾਯੋਗ ਉਪਰਾਲਾ
ਨਵਾਂਸ਼ਹਿਰ, 28 ਅਪ੍ਰੈਲ :- ਨਵਾਂਸ਼ਹਿਰ ਵਿਖੇ ਅੱਜ ਬੇਸਹਾਰਾ ਬਜ਼ੁਰਗਾਂ ਅਤੇ ਨਿਆਸਰੇ ਦਿਵਿਆਂਗਜਨ ਲਈ ਨਿਸ਼ਕਾਮ ਟਿਫਨ ਸੇਵਾ 'ਗੁਰੂ ਕੀ ਰਸੋਈ' ਦਾ ਸ਼ੁੱਭ ਆਰੰਭ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਵੱਲੋਂ ਕੀਤਾ ਗਿਆ। ਇਸ ਮੌਕੇ ਸੀ. ਜੇ. ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ, ਸਿਵਲ ਜੱਜ (ਸੀਨੀਅਰ ਡਵੀਜ਼ਨ) ਰਮਨ ਸ਼ਰਮਾ ਅਤੇ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਜਸਬੀਰ ਸਿੰਘ ਮਹਿੰਦੀਰੱਤਾ ਉਨਾਂ ਦੇ ਨਾਲ ਸਨ। ਇਸ ਦੌਰਾਨ ਜ਼ਿਲਾ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਬੇਸਹਾਰਾ, ਨਿਆਸਰਿਆਂ ਅਤੇ ਦਿਵਿਆਂਗ ਲੋੜਵੰਦ ਵਿਅਕਤੀਆਂ ਲਈ ਕੀਤੀ ਜਾ ਰਹੀ ਮੁਫ਼ਤ ਟਿਫਨ ਸੇਵਾ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਕਿਹਾ ਕਿ ਇਸ ਸੇਵਾ ਦੇ ਦਾਇਰੇ ਨੂੰ ਹੋਰ ਵਧਾਇਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੋਵਿਡ ਮਹਾਮਾਰੀ ਨਾਲ ਜੂਝ ਰਹੇ ਦੇਸ਼ ਦੇ ਮੋਢੇ ਨਾਲ ਮੋਂਢਾ ਲਗਾ ਕੇ ਅਤੇ ਕੋਵਿਡ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਸਵੈ ਸੇਵੀ ਸੰਸਥਾਵਾਂ ਨੂੰ ਵੱਧ-ਚੜ ਕੇ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਦੇਸ਼ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਆਕਸੀਜਨ ਅਤੇ ਪਲਾਜ਼ਮਾ ਦੀ ਸਪਲਾਈ ਇਸ ਸਮੇਂ ਦੀ ਮੁੱਖ ਲੋੜ ਹੈ, ਜਿਸ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਸਮੱਸਿਆ ਦੇ ਹੱਲ ਲਈ ਵੀ ਯੋਗ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਪ੍ਰਬੰਧਕ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਗੁਰੂ ਕੀ ਰਸੋਈ ਟਿਫਨ ਸੇਵਾ ਗੁਰਜਿੰਦਰ ਸਿੰਘ ਕੈਨੇਡਾ, ਜਸਪਾਲ ਸਿੰਘ ਦਿੱਲੀ ਅਤੇ ਕੁਲਵੰਤ ਸਿੰਘ ਖੈਰੜ ਅੱਛਰਵਾਲ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ ਅਤੇ ਇਸ ਵੇਲੇ 25 ਦੇ ਕਰੀਬ ਟਿਫਨ ਲੋੜਵੰਦਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਸੁਰਜੀਤ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸਚਿਨ ਦੀਵਾਨ, ਸੁਰਜੀਤ ਸਿੰਘ, ਅਮਰੀਕ ਸਿੰਘ, ਜਸਪਾਲ ਸਿੰਘ, ਜਗਜੀਤ ਸਿੰਘ ਸੈਣੀ, ਰਾਜਨ ਅਰੋੜਾ, ਡੀ. ਐਸ. ਪੀ ਦੀਦਾਰ ਸਿੰਘ, ਜਗਜੀਤ ਸਿੰਘ ਬਾਟਾ, ਜਸਵਿੰਦਰ ਸਿੰਘ ਸੈਣੀ, ਗਿਆਨ ਚੰਦ, ਗੁਰਦੇਵ ਸਿੰਘ, ਭਾਈ ਮਨਜੀਤ ਸਿੰਘ, ਮਨਪ੍ਰੀਤ ਸਿੰਘ ਮਾਹਲ, ਸੁਖਵਿੰਦਰ ਸਿੰਘ ਥਾਂਦੀ, ਬਲਵੰਤ ਸਿੰਘ, ਅਮਰਜੀਤ ਸਿੰਘ ਖਾਲਸਾ, ਇੰਦਰਜੀਤ ਸਿੰਘ ਤੇ ਹੋਰ ਹਾਜ਼ਰ ਸਨ।  

Virus-free. www.avast.com

ਡਵੀਜ਼ਨਲ ਕਮਿਸ਼ਨਰ ਵੱਲੋਂ ਜ਼ਿਲ੍ਹਾ ਸੰਗਰੂਰ 'ਚ ਕੋਵਿਡ ਮਾਮਲਿਆਂ ਦੀ ਸਮੀਖਿਆ

ਪਟਿਆਲਾ, 26 ਅਪ੍ਰੈਲ:- ਪਟਿਆਲਾ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਜ਼ਿਲ੍ਹਾ ਸੰਗਰੂਰ 'ਚ ਕੋਵਿਡ ਮਾਮਲਿਆਂ ਦੀ ਸਮੀਖਿਆ ਕਰਦਿਆਂ ਆਦੇਸ਼ ਦਿੱਤੇ ਕਿ ਜ਼ਿਲ੍ਹੇ 'ਚ ਕੋਵਿਡ ਪੀੜਤਾਂ ਦੇ ਇਲਾਜ ਲਈ ਬੈਡਾਂ ਦੀ ਸਮਰੱਥਾ ਵਧਾਈ ਜਾਵੇ। ਉਨ੍ਹਾਂ ਨੇ ਜ਼ਿਲ੍ਹੇ 'ਚ ਕੋਵਿਡ ਮਰੀਜਾਂ ਦਾ ਪਤਾ ਲਗਾਉਣ ਲਈ ਸੈਂਪਲਿੰਗ ਹੋਰ ਵਧਾਉਣ ਦੇ ਵੀ ਆਦੇਸ਼ ਦਿੱਤੇ। ਪਟਿਆਲਾ ਡਵੀਜ਼ਨ ਦੇ ਸਾਰੇ ਜ਼ਿਲ੍ਹਿਆਂ 'ਚ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ੁਰੂ ਕੀਤੀਆਂ ਸਮੀਖਿਆ ਬੈਠਕਾਂ ਦੀ ਲੜੀ ਤਹਿਤ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ, ਏ.ਡੀ.ਸੀ. (ਜ) ਅਨਮੋਲ ਸਿੰਘ ਧਾਲੀਵਾਲ ਅਤੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸ੍ਰੀ ਗੈਂਦ ਨੇ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਨੂੰ ਵੀ ਹੋਰ ਤੇਜ ਕੀਤਾ ਜਾਵੇ। ਡਵੀਜ਼ਨ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਦੀ ਮੌਜੂਦਾ ਪ੍ਰਭਾਵਸ਼ਾਲੀ ਲਹਿਰ ਦੇ ਮੱਦੇਨਜ਼ਰ ਭਾਵੇਂ ਕਿ ਸਾਰੇ ਮੁਲਕ 'ਚ ਹੀ ਡਾਕਟਰਾਂ ਤੇ ਸਿਹਤ ਅਮਲੇ ਦੀ ਕਮੀ ਦਰਪੇਸ਼ ਹੈ ਜਿਸ ਲਈ ਜ਼ਿਲ੍ਹਾ ਸੰਗਰੂਰ 'ਚ ਨਰਸਿੰਗ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਵੀ ਸਿਖਲਾਈ ਦੇ ਕੇ ਉਨ੍ਹਾਂ ਦੀਆਂ ਵੀ ਸੇਵਾਵਾਂ ਲਈਆਂ ਜਾਣ। ਡਿਪਟੀ ਕਮਿਸ਼ਨਰ ਨੂੰ ਗੰਭੀਰ ਮਰੀਜਾਂ ਲਈ ਆਕਸੀਜਨ ਦੀ ਉਪਲਬੱਧਤਾ ਸਬੰਧੀਂ ਮੋਨੀਟਰਿੰਗ ਦੇ ਨਿਰਦੇਸ਼ ਦਿੰਦਿਆਂ ਸ੍ਰੀ ਗੈਂਦ ਨੇ ਕਿਹਾ ਕਿ ਅੱਜ ਮੁੱਲ ਮਿਲਦੀ ਆਕਸੀਜਨ ਨੇ ਸਾਨੂੰ ਦਰਖਤਾਂ ਦੀ ਸਾਰਥਿਕਤਾ ਤੋਂ ਵੀ ਜਾਣੂ ਕਰਵਾ ਦਿੱਤਾ ਹੈ, ਇਸੇ ਲਈ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਗੰਨ ਲਾਇਸੰਸ ਬਦਲੇ 10 ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਵਾਈ ਸੀ। ਇਸ ਲਈ ਸਾਨੂੰ ਮੌਜੂਦਾ ਗੰਭੀਰ ਹਾਲਤ ਤੋਂ ਜਰੂਰ ਕੁਝ ਸਿਖਣਾ ਚਾਹੀਦਾ ਹੈ ਤੇ ਬੂਟੇ ਲਗਾਉਣ ਨੂੰ ਮਿਸ਼ਨ ਬਣਾਉਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ 'ਚ ਸਰਕਾਰੀ ਹਸਪਤਾਲਾਂ 'ਚ 128 ਲੈਵਲ-2 ਬੈਡਜ ਉਪਲਬਧ ਹਨ, ਜਿਨ੍ਹਾਂ 'ਚੋਂ 39 ਭਰੇ ਹੋਏ ਹਨ ਜਦਕਿ ਪ੍ਰਾਈਵੇਟ ਹਸਪਤਾਲਾਂ 'ਚ 28 ਬੈਡਜ ਉਪਲਬਧ ਹਨ ਤੇ 18 ਭਰੇ ਹੋਏ ਹਨ। ਇਸ 'ਤੇ ਸ੍ਰੀ ਗੈਂਦ ਨੇ ਬੈਡ ਸਹੂਲਤਾਂ ਹੋਰ ਵਧਾਉਣ ਲਈ ਕਿਹਾ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਹੋਰ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ ਕੁਲ 86410 ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਟੀਕਾ ਲਗਾਇਆ ਗਿਆ ਹੈ, 6809 ਲੋਕਾਂ ਨੂੰ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ, ਜ਼ਿਲ੍ਹੇ 'ਚ ਸੁਸਤ ਟੀਕਾਕਰਨ ਦਾ ਨੋਟਿਸ ਲੈਂਦਿਆਂ ਸ੍ਰੀ ਚੰਦਰ ਗੈਂਦ ਨੇ ਆਦੇਸ਼ ਦਿੱਤੇ ਕਿ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਨੂੰ ਗੰਭੀਰਤਾ ਨਾਲ ਲੈਂਦਿਆਂ ਵੈਕਸੀਨੇਸ਼ਨ 'ਚ ਤੇਜੀ ਲਿਆਂਦੀ ਜਾਵੇ। ਸਹਾਇਕ ਸਿਵਲ ਸਰਜਨ ਡਾ. ਜਗਮੋਹਨ ਸਿੰਘ ਨੇ ਕਿਹਾ ਜ਼ਿਲ੍ਹਾ ਸੰਗਰੂਰ 'ਚ 3 ਲੱਖ 25 ਹਜਾਰ 956 ਸੈਂਪਲ ਲਏ ਗਏ ਸਨ, ਜਿਸ 'ਚੋਂ 7739 ਪਾਜਿਟਿਵ ਮਾਮਲੇ ਸਾਹਮਣੇ ਆਏ ਸਨ, ਇਸ ਤਰ੍ਹਾਂ ਪਾਜਿਟਿਵ ਆਉਣ ਦੀ ਦਰ 2.3 ਫੀਸਦੀ ਬਣਦੀ ਹੈ। ਇਨ੍ਹਾਂ 'ਚੋਂ ਇਸ ਸਮੇਂ 1173 ਐਕਟਿਵ ਕੇਸ ਹਨ ਅਤੇ ਜਿਲ੍ਹੇ 'ਚ 293 ਮੌਤਾਂ ਹੋ ਚੁੱਕੀਆਂ ਹਨ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਵਿੰਦਰ ਕੌਰ ਵੀ ਮੌਜੂਦ ਸਨ। ਸ੍ਰੀ ਚੰਦਰ ਗੈਂਦ ਨੇ ਜ਼ਿਲ੍ਹਾਂ ਸੰਗਰੂਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਵਿਰੁੱਧ ਅਰੰਭੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਜਰੂਰੀ ਇਹਤਿਆਤ ਵਰਤਕੇ ਆਪਣਾ ਸਹਿਯੋਗ ਦੇਣ।
ਫੋਟੋ ਕੈਪਸ਼ਨ- ਪਟਿਆਲਾ ਡਵੀਜਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕਰਦੇ ਹੋਏ।

ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਕਤਲ ਕੇਸ ਦੀ ਜਾਂਚ ਲਈ 2 ਮੈਂਬਰੀ ਸਿਟ ਦਾ ਕੀਤਾ ਗਠਨ

ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ਼ਿਕਾਇਤ ਦੀ ਜਾਂਚ ਲਈ ਪੁੱਜੇ ਸਰਕਟ ਹਾਊਸ
ਅੰਮ੍ਰਿਤਸਰ 27 ਅਪ੍ਰੈਲ 2021 :- ਸ੍ਰੀ ਰਾਜ ਕੁਮਾਰ ਹੰਸ ਅਤੇ ਸ੍ਰੀ ਦੀਪਕ ਕੁਮਾਰ ਮੈਂਬਰ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਰਾਜ ਵਲੋਂ ਅੱਜ ਸਥਾਨਕ ਸਰਕਟ ਹਾਊਸ ਵਿਖੇ ਐਸ.ਸੀ. ਕਮਿਸ਼ਨ ਨਾਲ ਸਬੰਧਤ ਸ਼ਿਕਾਇਤਾਂ ਦੀ ਪੜਤਾਲ ਲਈ ਪੁੱਜੇ। ਇਸ ਮੌਕੇ ਕਮਿਸ਼ਨ ਨੇ ਸ੍ਰੀਮਤੀ ਸੁਖਵਿੰਦਰ ਕੌਰ ਪਤਨੀ ਸਵਰਗੀ ਜਸਬੀਰ ਸਿੰਘ ਵਾਸੀ ਪਿੰਡ ਭਂਗਵਾ ਤਹਿਸੀਲ ਮਜੀਠਾ ਵਲੋਂ ਕਮਿਸ਼ਨ ਨੂੰ ਦਿੱਤੀ ਗਈ ਸ਼ਿਕਾਇਤ ਜਿਸ ਵਿਚ ਕਿ ਉਸਦੇ ਲੜਕੇ ਸੰਦੀਪ ਸਿੰਘ ਨੂੰ ਪਿੰਡ ਦੇ ਹੀ ਕੁਝ ਲੋਕਾਂ ਨੇ ਕਤਲ ਕਰ ਦਿੱਤਾ ਸੀ ਅਤੇ ਉਨਾਂ ਵਲੋਂ ਪੁਲਿਸ ਨੂੰ ਸਿਕਾਇਤ ਦਿੱਤੀ ਗਈ। ਜਿਸ ਤੇ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਕਤਲ ਦੀ ਜਾਂਚ ਲਈ 2 ਮੈਂਬਰੀ ਸਿਟ ਦਾ ਗਠਨ ਕੀਤਾ ਅਤੇ ਸਿਟ ਨੂੰ ਹਦਾਇਤ ਕੀਤੀ ਕਿ 3 ਜੂਨ ਤੱਕ ਹਰ ਹੀਲੇ ਇਸਦੀ ਮੁਕੰਮਲ ਰਿਪੋਰਟ ਕਮਿਸ਼ਨ ਨੂੰ ਪੇਸ਼ ਕੀਤੀ ਜਾਵੇ। ਇਸ ਮੌਕੇ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਇਸ ਸਿਟ ਵਿੱਚ ਐਸ.ਡੀ. ਐਮ. ਮਜੀਠਾ ਅਤੇ ਏ.ਐਸ.ਪੀ. ਸ੍ਰੀ ਅਭਿਮਨਯੂ ਰਾਣਾ ਹੋਣਗੇ। ਜੋ ਕਤਲ ਕੇਸ ਦੀ ਪੂਰੀ ਜਾਂਚ ਪੜਤਾਲ ਕਰਕੇ ਕਮਿਸ਼ਨ ਨੂੰ ਆਪਣੀ ਰਿਪੋਰਟ ਪੇਸ਼ ਕਰਨਗੇ। ਸ੍ਰੀ ਹੰਸ ਨੇ ਨਿਰਦੇਸ਼ ਦਿੱਤੇ ਕਿ ਇਸ ਕੇਸ ਵਿੱਚ ਕੈਮੀਕਲ ਦੀ ਰਿਪੋਰਟ ਵੀ ਤੁਰੰਤ ਕਮਿਸ਼ਨ ਨੂੰ ਪੇਸ਼ ਕੀਤੀ ਜਾਵੇ। ਇਸ ਮੌਕੇ ਕਮਿਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੀ ਐਸ.ਸੀ. ਭਾਈਚਾਰੇ ਨਾਲ ਸਬੰਧਤ ਸ਼ਿਕਾਇਤਾਂ ਨੂੰ ਸੁਣਿਆ ਗਿਆ ਹੈ ਅਤੇ ਮੌਕੇ ਤੇ ਹੀ ਸਬੰਧਤ ਅਫ਼ਸਰਾਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ।ਇਸ ਮੌਕੇ ਏ.ਐਸ.ਪੀ. ਸ੍ਰੀ ਅਭਿਮਨਯੂ ਰਾਣਾ, ਤਹਿਸੀਲਦਾਰ ਸ: ਜਗਬੀਰ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ, ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਸ: ਸੁਖਵਿੰਦਰ ਸਿੰਘ ਘੁੱਮਣ ਜ਼ਿਲਾ ਸਮਾਜਿਕ, ਨਿਆ ਅਤੇ ਅਧਿਕਾਰਤਾ ਅਫ਼ਸਰ ਵੀ ਹਾਜ਼ਰ ਸਨ।
ਕੈਪਸ਼ਨ : ਸ੍ਰੀ ਰਾਜ ਕੁਮਾਰ ਹੰਸ ਅਤੇ ਸ੍ਰੀ ਦੀਪਕ ਕੁਮਾਰ ਮੈਂਬਰ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਰਾਜ ਸਰਕਟ ਹਾਊਸ ਵਿਖੇ ਸ਼ਿਕਾਇਤਾਂ ਸੁਣਦੇ ਹੋਏ। ਨਾਲ ਨਜ਼ਰ ਆ ਰਹੇ ਹਨ ਏ.ਐਸ.ਪੀ. ਸ੍ਰੀ ਅਭਿਮਨਯੂ ਰਾਣਾ

ਵਿਧਾਇਕ ਅੰਗਦ ਸਿੰਘ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਬੈਂਸਾਂ, ਨੌਰਾ ਅਤੇ ਪੱਲੀ ਉੱਚੀ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਪਿੰਡਾਂ ਦੀ ਨੁਹਾਰ ਬਦਲਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਵਿਧਾਇਕ ਅੰਗਦ ਸਿੰਘ
ਨਵਾਂਸ਼ਹਿਰ, 27 ਅਪ੍ਰੈਲ :- ਹਲਕੇ ਦੇ ਪਿੰਡਾਂ ਦੀ ਸਰਬਪੱਖੀ ਵਿਕਾਸ ਰਾਹੀਂ ਨੁਹਾਰ ਬਦਲਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਹ ਪ੍ਰਗਟਾਵਾ ਵਿਧਾਇਕ ਅੰਗਦ ਸਿੰਘ ਨੇ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਇਸ ਦੌਰਾਨ ਉਨਾਂ ਬੈਂਸਾਂ, ਨੌਰਾ ਅਤੇ ਪੱਲੀ ਉੱਚੀ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ ਅਤੇ ਹਰੇਕ ਪਿੰਡ ਵਿਚ ਸੜਕਾਂ, ਗਲੀਆਂ, ਨਾਲੀਆਂ, ਗੰਦੇ ਪਾਣੀ ਦੀ ਨਿਕਾਸੀ, ਜਲ ਸਪਲਾਈ, ਸਟਰੀਟ ਲਾਈਟਾਂ ਅਤੇ ਹੋਰ ਵਿਕਾਸ ਕਾਰਜਾਂ ਲਈ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਕਿ ਉਹ ਚੱਲ ਰਹੇ ਵਿਕਾਸ ਕਾਰਜਾਂ ਦੀ ਖ਼ੁਦ ਨਿਗਰਾਨੀ ਰੱਖਣ, ਤਾਂ ਜੋ ਇਨਾਂ ਦੀ ਗੁਣਵੱਤਾ ਵਿਚ ਕੋਈ ਘਾਟ ਨਾ ਰਹਿ ਸਕੇ। ਇਸ ਮੌਕੇ ਬੀ. ਡੀ. ਪੀ. ਓ ਰਾਜੇਸ਼ ਚੱਢਾ, ਜੇ. ਈ ਪੰਚਾਇਤੀ ਰਾਜ ਮਦਨ ਲਾਲ, ਜੀ. ਆਰ. ਐਸ ਹਰਜਿੰਦਰ ਅਤੇ ਗੋਲਡੀ, ਗੁਰਮੀਤ ਰਾਮ, ਜਸਵੀਰ ਸਿੰਘ, ਮੇਜਰ ਸਿੰਘ, ਰਾਣਾ, ਨੰਬਰਦਾਰ ਗੁਰਦਿਆਲ ਸਿੰਘ, ਪ੍ਰੇਮ ਨਾਥ, ਮੱਖਣ ਸਿੰਘ, ਅਜੇ ਕੁਮਾਰ, ਹਿਤੇਸ਼ ਕੁਮਾਰ, ਨਰਿੰਦਰ ਸਿੰਘ, ਸੰਤੋਖ ਸਿੰਘ, ਸਤਨਾਮ ਸਿੰਘ ਕਾਹਮਾ, ਸਰਪੰਚ ਪਰਮਜੀਤ ਕੌਰ, ਸਰਪੰਚ ਮਨਦੀਪ ਕੌਰ, ਕਸ਼ਮੀਰ ਸਿੰਘ, ਨਿਰਮਲ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ, ਬਲਵੀਰ ਕੌਰ, ਜਸਵਿੰਦਰ ਕੌਰ, ਫੁੰਮਣ ਸਿੰਘ, ਬਲਰਾਮ ਸਿੰਘ, ਅਮਰੀਕ ਸਿੰਘ, ਕਰਮਜੀਤ, ਗੋਦਾਵਰ ਸਿੰਘ, ਬਿੱਟਾ, ਕੇਸਰ ਸਿੰਘ, ਨੰਬਰਦਾਰ ਹਰਜਿੰਦਰ ਸਿੰਘ ਮਿੱਤ ਸਿੰਘ, ਕੁਲਵਿੰਦਰ, ਸੁਖਜਿੰਦਰ ਸਿੰਘ, ਬਿਕਰਮਜੀਤ, ਨੰਬਰਦਾਰ ਤਿਰਲੋਕ ਸਿੰਘ ਤੋਂ ਇਲਾਵਾ ਸਬੰਧਤ ਇਲਾਕਿਆਂ ਦੀਆਂ ਹੋਰ ਸ਼ਖਸੀਅਤਾਂ ਹਾਜ਼ਰ ਸਨ। 
ਕੈਪਸ਼ਨ :-- ਨਵਾਂਸ਼ਹਿਰ ਹਲਕੇ ਦੇ ਪਿੰਡ  ਨੌਰਾ ਵਿਚ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਅੰਗਦ ਸਿੰਘ। 

ਸਰਕਾਰੀ ਸਕੂਲਾਂ ਅੰਦਰ ਪ੍ਰੀ-ਪ੍ਰਾਇਮਰੀ ਵਿਚ ਬੱਚਿਆਂ ਦੇ ਦਾਖ਼ਲਿਆਂ ਲਈ ਮਾਪੇ ਉਤਸ਼ਾਹਿਤ

*ਸੈਕੰਡਰੀ ਸਕੂਲਾਂ ਵਿਚ ਸਿਰਫ ਨਿੱਜੀ ਸਕੂਲਾਂ ਤੋਂ ਹਟ ਕੇ ਆਏ ਬੱਚੇ ਕੀਤੇ ਜਾ ਰਹੇ ਹਨ ਦਾਖ਼ਲ
*ਬੱਚਿਆਂ ਦੀ ਗਿਣਤੀ ਵਧਣ ਨਾਲ ਪ੍ਰੀ-ਪ੍ਰਾਇਮਰੀ ਕਾਡਰ 'ਚ ਸਿੱਧੀ ਭਰਤੀ ਅਤੇ ਤਰੱਕੀ ਦੇ ਵਧਣਗੇ ਮੌਕੇ
ਨਵਾਂਸ਼ਹਿਰ, 26 ਅਪ੍ਰੈਲ :- ਜਿਥੇ ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ਦਾ ਵਿਸ਼ਵਾਸ ਵਧਣ ਨਾਲ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਣ ਲੱਗੀ ਹੈ, ਉਥੇ ਅਧਿਆਪਕਾਂ ਦੀਆਂ ਅਸਾਮੀਆਂ 'ਤੇ ਵੀ ਸਾਕਾਰਾਤਮਕ ਅਸਰ ਦਿਸਣ ਲੱਗਾ ਹੈ। ਮਾਪਿਆਂ ਵੱਲੋਂ ਵੱਡੇ ਬੱਚਿਆਂ ਦੇ ਨਾਲ-ਨਾਲ ਛੋਟੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਦੀ ਮੰਗ ਵਧਣ ਕਾਰਨ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਵੀ ਰੁਝਾਨ ਵਧਣ ਲੱਗਾ ਹੈ। 
ਵੱਡੀਆਂ ਸ਼੍ਰੇਣੀਆਂ ਵਿਚ ਵਿਦਿਆਰਥੀ ਨਿੱਜੀ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਲੈ ਰਹੇ ਹਨ। ਇਨਾਂ ਦੇ ਮਾਪਿਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਛੋਟੇ ਬੱਚਿਆਂ ਨੂੰ ਉਹ ਅਲੱਗ ਨਹੀਂ ਭੇਜ ਸਕਦੇ, ਜਿਸ ਕਾਰਨ ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਸਕੂਲ ਮੁਖੀਆਂ ਨੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਛੋਟੇ ਬੱਚਿਆਂ ਲਈ ਵੀ ਜਮਾਤਾਂ ਸ਼ੁਰੂ ਕਰਨ ਦਾ ਸੁਝਾਅ ਸਿੱਖਿਆ ਵਿਭਾਗ ਨੂੰ ਦਿੱਤਾ ਸੀ। 
ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨਾ ਚਾਹੁੰਦੇ ਹਨ, ਉਹ ਕੇਵਲ ਨਿੱਜੀ ਸਕੂਲਾਂ ਤੋਂ ਹਟ ਕੇ ਆਏ ਬੱਚਿਆਂ ਦਾ ਦਾਖ਼ਲਾ ਹੀ ਕਰਨਗੇ। ਕਿਸੇ ਵੀ ਸਰਕਾਰੀ ਸਕੂਲ ਵਿਚ ਪਹਿਲਾਂ ਤੋਂ ਦਾਖ਼ਲ ਬੱਚੇ ਨੂੰ ਸੀਨੀਅਰ ਸੈਕੰਡਰੀ ਜਾਂ ਹਾਈ ਸਕੂਲ ਦਾਖ਼ਲ ਨਹੀਂ ਕੀਤਾ ਜਾਵੇਗਾ। ਇਨਾਂ ਵਿਚ ਨਿੱਜੀ ਸਕੂਲ ਤੋਂ ਹਟ ਕੇ ਆਏ ਜਾਂ ਨਿੱਜੀ ਸਕੂਲਾਂ ਵਿਚ ਅੰਗਰੇਜ਼ੀ ਮਾਧਿਅਮ ਪੜਨ ਵਾਲੇ ਬੱਚਿਆਂ ਨੂੰ ਹੀ ਇਨਾਂ ਸਕੂਲਾਂ ਵਿਚ ਦਾਖ਼ਲਾ ਦਿੱਤਾ ਜਾਵੇਗਾ। 
ਸਰਕਾਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਬੱਚਿਆਂ ਦੀ ਗਿਣਤੀ ਵਧਣ ਨਾਲ ਹੀ ਭਵਿੱਖ ਵਿਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਹਿਮਰੀ ਕਾਡਰ ਦੀਆਂ ਅਸਾਮੀਆਂ ਦੀ ਗਿਣਤੀ ਵੀ ਵਧਣ ਦੇ ਸ਼ੁੱਭ ਸੰਕੇਤ ਨਜ਼ਰ ਆਉਣਗੇ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਵਿਚ ਕੰਮ ਕਰ ਰਹੇ ਹਜ਼ਾਰਾਂ ਸਿੱਖਿਆ ਕਰਮੀਆਂ, ਈ. ਜੀ. ਐੱਸ/ਐੱਸ. ਟੀ. ਆਰ/ਏ. ਆਈ. ਈ ਵਲੰਟੀਅਰਾਂ ਨੂੰ ਬੱਚਿਆਂ ਦੀ ਗਿਣਤੀ ਵਧਣ ਕਾਰਨ ਵਧਣ ਵਾਲੀਆਂ ਪ੍ਰੀ-ਪ੍ਰਾਇਮਰੀ ਪੋਸਟਾਂ ਲਈ ਅਪਲਾਈ ਕਰਨ ਦਾ ਮੌਕਾ ਮਿਲੇਗਾ। 
ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਪ੍ਰਮੋਦ ਭਾਰਤੀ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚੋਂ ਕੋਈ ਵੀ ਵਿਦਿਆਰਥੀ ਸੈਕੰਡਰੀ ਸਕੂਲਾਂ ਵਿਚ ਦਾਖ਼ਲ ਨਹੀਂ ਕੀਤਾ ਜਾ ਰਿਹਾ। ਇਸ ਸਬੰਧੀ ਉਨਾਂ ਕਿਹਾ ਕਿ ਅਧਿਆਪਕਾਂ ਨੂੰ ਸ਼ਰਾਰਤੀ ਅਤੇ ਮੌਕਾਪ੍ਰਸਤ ਅਨਸਰਾਂ ਵੱਲੋਂ ਵਰਗਲਾਇਆ ਜਾ ਰਿਹਾ ਹੈ ਤਾਂ ਜੋ ਸਿੱਖਿਆ ਵਿਭਾਗ ਦੀ ਹਰਮਨਪਿਆਰੀ ਹੋ ਰਹੀ ਦਾਖ਼ਲਾ ਮੁਹਿੰਮ ਨੂੰ ਢਾਹ ਲਾਈ ਜਾ ਸਕੇ ਅਤੇ ਮਾਪਿਆਂ ਦਾ ਧਿਆਨ ਸਰਕਾਰੀ ਸਕੂਲਾਂ ਵੱਲੋਂ ਹਟਾਇਆ ਜਾ ਸਕੇ। 
ਉਨਾਂ ਕਿਹਾ ਕਿ ਅਧਿਆਪਕਾਂ ਵੱਲੋਂ ਘਰ-ਘਰ ਜਾ ਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ, ਵਿਸ਼ੇਸ਼ਤਾਵਾਂ ਅਤੇ ਸਮਾਰਟ ਕਲਾਸ ਰੂਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਮਾਪਿਆਂ ਵੱਲੋਂ ਸਕੂਲਾਂ ਵਿਚ ਆ ਕੇ ਸਕੂਲਾਂ ਨੂੰ ਪ੍ਰਤੱਖ ਰੂਪ ਵਿਚ ਦੇਖਿਆ ਜਾ ਰਿਹਾ ਹੈ। ਮਿਹਨਤੀ ਸਟਾਫ, ਅੰਗਰੇਜ਼ੀ ਮਾਧਿਅਮ, ਗੁਣਾਤਮਿਕ ਸਿੱਖਿਆ, ਸਰਕਾਰੀ ਸਹੂਲਤਾਂ ਦੇ ਕਾਰਨ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਤੋਂ ਹਟਾਉਣ ਦਾ ਮਨ ਬਣਾ ਚੁੱਕੇ ਹਨ। ਬੱਚੇ ਵੱਲੋਂ ਘਰ ਦੇ ਨੇੜਲੇ ਸਰਕਾਰੀ ਸਕੂਲ ਵਿਚ ਮਿਲਦੀਆਂ ਸਹੂਲਤ ਅਤੇ ਮਿਆਰੀ ਸਿੱਖਿਆ ਦ ਲਾਭ ਲੈਣ ਲਈ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਦਾ ਦਾਖ਼ਲਾ ਵਿਭਾਗ ਦੀ ਦਾਖ਼ਲਾ ਮੁਹਿੰਮ ਨੂੰ ਬੁਲੰਦੀਆਂ 'ਤੇ ਲੈ ਜਾਵੇਗਾ। 
---

ਪੁਨਰਗਠਨ ਦੇ ਨਾਂ ਤੇ ਖ਼ਤਮ ਕੀਤੀਆਂ 9000 ਪੋਸਟਾਂ ਬਹਾਲ ਕਰਨ ਦੀ ਮੰਗ, ਤਨਖਾਹਾਂ ਜਾਰੀ ਕਰਵਾਉਣ ਲਈ ਸਿੰਚਾਈ ਮੰਤਰੀ ਨੂੰ ਭੇਜੇ ਮੰਗ ਪੱਤਰ

ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਲਈ ਸ਼ਮੂਲੀਅਤ ਦਾ ਫ਼ੈਸਲਾ

ਨਵਾਂਸ਼ਹਿਰ 26 ਅਪ੍ਰੈਲ :-  ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਬ੍ਰਾਂਚ ਪ੍ਰਧਾਨ ਪ੍ਰਦੀਪ ਕੁਮਾਰ ਦੀ ਅਗਵਾਈ ਵਿੱਚ ਰੋਸ ਮੀਟਿੰਗ ਕਰ ਕੇ ਉਪਮੰਡਲ ਅਫਸਰ ਨਵਾਂਸ਼ਹਿਰ (ਸਿੰਚਾਈ) ਅਤੇ ਉਪ ਮੰਡਲ ਅਫਸਰ ਜਲ ਨਿਕਾਸ (ਡਰੇਨਜ਼) ਰਾਹੀਂ ਸਿੰਚਾਈ ਮੰਤਰੀ ਪੰਜਾਬ ਸਰਕਾਰ ਨੂੰ ਪੁਨਰਗਠਨ ਦੇ ਨਾਂ ਤੇ ਖ਼ਤਮ ਕੀਤੀਆਂ ਹਜ਼ਾਰਾਂ ਪੋਸਟਾਂ ਬਹਾਲ ਕਰਵਾਉਣ ਅਤੇ ਤਨਖਾਹਾਂ ਜਾਰੀ ਕਰਵਾਉਣ ਲਈ ਮੰਗ ਪੱਤਰ ਭੇਜੇ ਗਏ।  ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਅਤੇ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਨੇ ਜਲ ਸਰੋਤ ਵਿਭਾਗ ਦੇ ਪੁਨਰਗਠਨ ਦਾ ਤਿੱਖਾ ਵਿਰੋਧ ਕਰਦਿਆਂ ਜਲ ਸਰੋਤ ਵਿਭਾਗ ਵਿਚੋਂ ਦਰਜਾ ਤਿੰਨ ਅਤੇ ਦਰਜਾ ਚਾਰ ਦੀਆਂ ਸਰਪਲੱਸ ਕੀਤੀਆਂ ਲਗਪਗ ਨੌੰ ਹਜ਼ਾਰ ਪੋਸਟਾਂ ਮੁੜ ਬਹਾਲ ਕਰਨ ਅਤੇ ਹਜ਼ਾਰਾਂ ਕਰਮਚਾਰੀਆਂ ਦੀਆਂ ਮਾਰਚ ਮਹੀਨੇ ਦੀਆਂ ਰੋਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕੇਂਦਰ ਸਰਕਾਰ ਵਾਂਗ ਆਮ ਲੋਕਾਂ ਨੂੰ ਸੇਵਾਵਾਂ ਦੇਣ ਵਾਲੇ ਅਤੇ ਨਵੀਂ ਪੀੜੀ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੇ ਜਨਤਕ ਖੇਤਰ ਦੇ ਅਦਾਰਿਆਂ ਦਾ ਖਾਤਮਾ ਕਰਨ ਦੀ ਤਰਜ਼ ਤੇ ਹੀ ਪੰਜਾਬ ਸਰਕਾਰ ਵੱਲੋਂ ਜਨਤਕ ਖੇਤਰ ਦੇ ਅਦਾਰਿਆਂ ਦਾ ਭੋਗ ਪਾਉਣ ਵਾਲੀ ਸਰਕਾਰ ਦੀ ਨੀਤੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਚੋਣਾਂ ਤੋਂ ਪਹਿਲਾਂ ਘਰ ਘਰ ਰੁਜ਼ਗਾਰ ਦੇਣ ਅਤੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣ ਦੀ ਅਪੀਲ ਕੀਤੀ।   ਮੀਟਿੰਗ ਵਿੱਚ ਲੋਕ ਘੋਲ ਬਣ ਚੁੱਕੇ ਕਿਸਾਨੀ ਅੰਦੋਲਨ ਦਾ ਤਨ ਮਨ ਧਨ ਨਾਲ ਹਿੱਸਾ ਬਣਨ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੱਨ ਕਾਲੇ ਕਿਸਾਨੀ ਕਨੂੰਨ ਬਿਜਲੀ ਬਿਲ ਅਤੇ ਪਰਾਲੀ ਸਾੜਨ ਦਾ ਆਰਡੀਨੈਂਸ ਰੱਦ ਕਰਨ, 44 ਕਿਰਤ ਕਾਨੂੰਨਾਂ ਦੀ ਥਾਂ ਤੇ ਚਾਰ ਕਿਰਤੀ ਵਿਰੋਧੀ ਬਣਾਏ ਕੋਡ ਰੱਦ ਕਰਵਾਉਣ ਲਈ ਪਹਿਲੀ ਮਈ ਨੂੰ ਦਿੱਲੀ ਦੇ ਬਾਰਡਰਾਂ ਤੇ ਮਜ਼ਦੂਰ ਦਿਵਸ ਮਨਾਉਣ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ।   ਇਸ ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾਂ ਅਮਰੀਕ ਲਾਲ, ਰਾਮ ਭਵਨ, ਸੰਤੋਖ ਸਿੰਘ, ਰਮਨਦੀਪ ਸਿੰਘ, ਜਤਿੰਦਰ ਸਿੰਘ ਜ਼ਿਲੇਦਾਰ, ਚਰਨਜੀਤ, ਰਾਮ ਪਾਲ,  ਕੁਲਵੰਤ ਰਾਮ ਮੇਟ, ਹਰਦੀਪ ਸਿੰਘ, ਨਰਿੰਦਰ ਕੁਮਾਰ, ਗੁਰਮੇਲ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ।

ਬਹਿਰਾਮ ਤੋਂ ਮਾਹਲਪੁਰ ਪਲਾਨ ਰੋਡ ਜੰਕਸ਼ਨ ਜਲਦ ਹੋਵੇਗਾ ਹਾਦਸਾ ਮੁਕਤ:- ਚੇਅਰਮੈਨ ਮੋਹਨ ਲਾਲ ਸੂਦ

ਬੰਗਾ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਐਸ. ਡੀ. ਐਮ ਨਾਲ ਕੀਤੀ ਮੀਟਿੰਗ

ਬੰਗਾ, 26 ਅਪ੍ਰੈਲ:- ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜੀ: ਮੋਹਨ ਲਾਲ ਸੂਦ ਵੱਲੋਂ ਬੰਗਾ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਐਸ. ਡੀ. ਐਮ ਬੰਗਾ ਵਿਰਾਜ ਤਿੜਕੇ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨਾਂ ਰੋਪੜ-ਫਗਵਾੜਾ ਨੈਸ਼ਨਲ ਹਾਈਵੇਅ 'ਤੇ ਬਹਿਰਾਮ ਤੋਂ ਮਾਹਲਪੁਰ ਪਲਾਨ ਰੋਡ ਜੰਕਸ਼ਨ 'ਤੇ ਵਾਰ-ਵਾਰ ਹੋ ਰਹੇ ਹਾਦਸਿਆਂ ਸਬੰਧੀ ਸੁਝਾਅ ਦਿੱਤਾ ਕਿ ਇਸ ਇਸ ਹਾਦਸਾ ਪਰੋਨ ਏਰੀਏ ਸਬੰਧੀ ਮਾਹਿਰਾਂ ਤੋਂ ਸੁਝਾਅ ਲੈ ਕੇ ਨੈਸ਼ਨਲ ਹਾਈਵੇਅ ਦੇ ਪ੍ਰਾਜੈਕਟ ਡਾਇਰੈਕਟਰ ਨਾਲ ਮੀਟਿੰਗ ਕੀਤੀ ਜਾਵੇ ਅਤੇ ਇਸ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਰਾਹੀਂ ਕੇਸ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ। ਉਨਾਂ ਕਿਹਾ ਕਿ ਇਸੇ ਤਰਾਂ ਢਾਹਾਂ ਕਲੇਰਾਂ ਜੰਕਸ਼ਨ ਵੀ ਹਾਦਸਾ ਪਰੋਨ ਏਰੀਆ ਹੈ ਅਤੇ ਉਸ ਵਿਚ ਵੀ ਲੋੜੀਂਦੇ ਸੁਧਾਰ ਦੀ ਲੋੜ ਹੈ। ਐਸ. ਡੀ. ਐਮ ਵਿਰਾਜ ਤਿੜਕੇ ਨੇ ਇਨਾਂ ਦੋਵਾਂ ਹਾਦਸਿਆਂ ਵਾਲੇ ਏਰੀਏ ਨੂੰ ਆਵਾਜਾਈ ਲਈ ਸੁਰੱਖਿਅਤ ਬਣਾਉਣ ਲਈ ਯੋਗ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੌਕੇ ਨੈਸ਼ਨਲ ਹਾਈਵੇਅ ਵਿਚ ਆਈ ਹੋਈ ਜ਼ਮੀਨ ਦਾ ਜੋ ਮੁਆਵਜ਼ਾ ਅਜੇ ਤੱਕ ਲੋਕਾਂ ਨੂੰ ਪ੍ਰਾਪਤ ਨਹੀਂ ਹੋਇਆ, ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨਾਂ ਕਿਹਾ ਕਿ ਇਸ ਮਾਮਲੇ ਵਿਚ ਮਾਲ ਵਿਭਾਗ ਨਾਲ ਸਬੰਧਤ ਪੇਸ਼ ਆ ਰਹੀਆਂ ਤਕਨੀਕੀ ਮੁਸ਼ਕਲਾਂ ਨੂੰ ਦੁਰ ਕਰਨ ਲਈ ਮਾਲ ਮੰਤਰੀ ਪੰਜਾਬ ਨਾਲ ਮੀਟਿੰਗ ਕਰਕੇ ਬਕਾਇਆ ਮੁਆਵਜ਼ਾ ਜਾਰੀ ਕਰਾਉਣ ਲਈ ਜਲਦ ਹੀ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਚੇਅਰਮੈਨ ਸੂਦ ਵੱਲੋਂ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਸਹਿਕਾਰੀ ਬੈਂਕਾਂ ਰਾਹੀਂ ਸੈਲਫ ਹੈਲਪ ਗਰੁੱਪਾਂ ਨੂੰ ਕਰਜ਼ਾ ਦੇਣ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਤਹਿਤ ਪ੍ਰਤੀ ਲਾਭਪਾਤਰੀ 50 ਹਜ਼ਾਰ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ। ਇਸ ਦੌਰਾਨ ਉਨਾਂ ਉਪਰੋਕਤ ਸਕੀਮ ਲਾਗੂ ਕਰਨ ਲਈ ਲੋੜੀਂਦੇ ਪੱਤਰ ਐਸ. ਡੀ. ਐਮ ਨੂੰ ਸੌਂਪੇ, ਤਾਂ ਜੋ ਉਨਾਂ ਵੱਲੋਂ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਸ ਸਕੀਮ ਅਧੀਨ ਕਰਜੇ ਦੇਣ ਨੂੰ ਅਮਲੀ ਰੂਪ ਦਿੱਤਾ ਜਾ ਸਕੇ।
ਕੈਪਸ਼ਨ :--ਐਸ. ਡੀ. ਐਮ ਬੰਗਾ ਵਿਰਾਜ ਤਿੜਕੇ ਨਾਲ ਮੀਟਿੰਗ ਕਰਦੇ ਹੋਏ ਚੇਅਰਮੈਨ ਇੰਜੀ: ਮੋਹਨ ਲਾਲ ਸੂਦ।

ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਗੁਰਸਵਰੀਨ ਕੌਰ ਕਾਹਲੋਂ ਨੇ ਗੁਰਦਿਆਂ ਦੀ ਗੰਭੀਰ ਬਿਮਾਰੀ ਨਾਲ ਪੀੜ੍ਹਤ ਤਿੰਨ ਸਾਲ ਦੇ ਬੱਚੇ ਦਾ ਸਫਲ ਇਲਾਜ ਕੀਤਾ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਗੁਰਸਵਰੀਨ ਕੌਰ ਕਾਹਲੋਂ ਨੇ ਗੁਰਦਿਆਂ ਦੀ ਗੰਭੀਰ ਬਿਮਾਰੀ ਨਾਲ ਪੀੜ੍ਹਤ ਤਿੰਨ ਸਾਲ ਦੇ ਬੱਚੇ ਦਾ ਸਫਲ ਇਲਾਜ ਕੀਤਾ
ਬੰਗਾ : 26 ਅਪਰੈਲ :-  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦਾ ਵਿਭਾਗ ਦੇ ਮੁਖੀ ਅਤੇ ਬੱਚਿਆਂ ਦੀ ਬਿਮਾਰੀਆਂ ਦੇ  ਮਾਹਿਰ ਡਾ. ਗੁਰਸਵਰੀਨ ਕੌਰ ਕਾਹਲੋਂ  ਨੇ ਗੁਰਦਿਆਂ ਦੀ ਗੰਭੀਰ ਬਿਮਾਰੀ ਤੋਂ ਪੀੜ੍ਹਤ ਤਿੰਨ ਸਾਲ ਦੇ ਬੱਚੇ ਗਗਨਪ੍ਰੀਤ ਦਾ ਸਫਲ ਇਲਾਜ ਕਰਕੇ ਉਸਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਦੇ ਤਿੰਨ ਸਾਲਾਂ ਦੇ ਲੜਕੇ ਗਗਨਪ੍ਰੀਤ ਨੂੰ ਗੁਰਦਿਆਂ ਦੀ ਗੰਭੀਰ ਬਿਮਾਰੀ ਨੇ ਜਕੜ ਲਿਆ ਸੀ। ਜਿਸ ਕਰਕੇ ਨਿੱਕੜੇ ਮਾਸੂਮ ਗਗਨਪ੍ਰੀਤ ਦੇ ਸਰੀਰ 'ਤੇ ਪਈ ਸੋਜ ਵਰਗੀ ਬਿਮਾਰੀ ਦਾ ਇਲਾਜ ਉਸਦੇ ਮਾਪਿਆਂ ਨੇ ਕਈ ਥਾਵਾਂ ਤੋਂ ਕਰਵਾਇਆ ਪਰ ਫਰਕ ਨਾ ਪਿਆ ਅਤੇ ਉਸ ਮਾਸੂਮ ਬੱਚੇ ਦੀ ਤਕਲੀਫ਼ ਦਿਨੋ ਦਿਨ ਬਹੁਤ ਵੱਧ ਰਹੀ ਸੀ।  ਮਾਪਿਆਂ ਵੱਲੋਂ ਗਗਨਪ੍ਰੀਤ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਗੁਰਸਵਰੀਨ ਕੌਰ ਕਾਹਲੋਂ ਕੋਲ ਇਲਾਜ ਲਈ ਲਿਆਂਦਾ ਗਿਆ। ਡਾ. ਕਾਹਲੋਂ ਨੇ ਬੱਚੇ ਗਗਨਪ੍ਰੀਤ ਦੀ ਸਾਰੀ ਸਰੀਰਿਕ ਜਾਂਚ ਕੀਤੀ ਅਤੇ ਡਾਇਗਨੋਜ਼ ਉਪਰੰਤ ਸਰੀਰ ਵਿਚ ਸੋਜ ਪੈਣ ਦੀ ਬਿਮਾਰੀ ਦੇ ਕਾਰਨ ਤੱਕ ਪੁੱਜੇ।  ਡਾ. ਸਾਹਿਬ ਨੇ ਇਸ ਬਿਮਾਰੀ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਬੱਚੇ  ਦੇ ਸਰੀਰ ਵਿਚ ਹੋਈ ਇੰਨਫ਼ੈਕਸ਼ਨ ਦਾ ਬੁਰਾ ਪ੍ਰਭਾਵ ਬੱਚੇ ਦੇ ਗੁਰਦਿਆਂ ਤੱਕ ਜਾ ਚੁੱਕਾ ਸੀ ।  ਗੁਰਦਿਆਂ ਵਿਚੋਂ ਬੱਚੇ ਦੇ ਸਰੀਰ ਵਿਚਲੀ ਪ੍ਰੋਟੀਨ ਪਿਸ਼ਾਬ ਰਾਹੀਂ ਬਾਹਰ ਨਿਕਲ ਲੱਗ ਪਈ ਸੀ ਅਤੇ ਜਿਸ ਕਰਕੇ ਸਾਰਾ ਸਰੀਰ ਸੁੱਜਣ ਲੱਗ ਪਿਆ। ਗੁਰਦਿਆਂ ਵਿਚੋਂ ਪਿਸ਼ਾਬ ਰਾਹੀਂ ਪ੍ਰੋਟੀਨ ਦੇ ਨਿਕਲਣ ਦੀ  ਬਿਮਾਰੀ ਦੇ ਬਾਰੇ ਬੱਚੇ ਗਗਨਪ੍ਰੀਤ ਦੇ ਮਾਪਿਆਂ ਨੂੰ  ਜਾਣਕਾਰੀ ਦਿੱਤੀ ਅਤੇ ਬੱਚੇ ਦਾ ਇਲਾਜ ਆਰੰਭ ਕੀਤਾ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਗੁਰਸਵਰੀਨ ਕੌਰ ਕਾਹਲੋਂ ਨੇ ਛੇ ਦਿਨਾਂ ਵਿਚ ਹੀ ਵਧੀਆ ਇਲਾਜ ਕਰਕੇ ਬੱਚੇ ਗਗਨਪ੍ਰੀਤ ਬਿਲਕੁੱਲ ਤੰਦਰੁਸਤ ਕਰ ਦਿੱਤਾ। ਅੱਜ ਗਗਨਪ੍ਰੀਤ ਆਪਣਾ  ਬਚਪਨ ਹੱਸਦੇ ਖੇਡਦੇ ਬਿਤਾ ਰਿਹਾ ਹੈ ਅਤੇ ਪਰਿਵਾਰ ਵਿਚ ਖੁਸ਼ੀਆਂ ਵੰਡ ਰਿਹਾ ਹੈ। ਗਗਨਪ੍ਰੀਤ ਦੇ ਮਾਪਿਆਂ ਨੇ ਡਾ. ਗੁਰਸਵਰੀਨ ਕੌਰ ਕਾਹਲੋਂ ਐਮ ਡੀ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਸਟਾਫ਼ ਦਾ ਉਹਨਾਂ ਲਾਡਲੇ ਗਗਨਪ੍ਰੀਤ ਦਾ ਵਧੀਆ ਇਲਾਜ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡਾ. ਗੁਰਸਵਰੀਨ ਕੌਰ ਕਾਹਲੋਂ ਐਮ ਡੀ (ਬੱਚਿਆਂ ਦੀਆਂ ਬਿਮਾਰੀਆਂ ਦੇ ਇਲਾਜ ਦੇ ਮਾਹਿਰ) ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੀਆਂ ਹਰ ਤਰ੍ਹਾਂ ਦੀ ਬਿਮਾਰੀਆਂ ਦਾ ਵਧੀਆ ਇਲਾਜ ਕੀਤਾ ਜਾਂਦਾ ਹੈ ਅਤੇ  ਬੱਚਿਆਂ ਦੇ ਇਲਾਜ ਲਈ ਆਧੁਨਿਕ ਮਸ਼ੀਨਾਂ ਅਤੇ ਵਧੀਆ ਪ੍ਰਬੰਧ ਹਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਗੁਰਸਵਰੀਨ ਕੌਰ ਕਾਹਲੋਂ ਐਮ ਡੀ (ਬੱਚਿਆਂ ਦੀਆਂ ਬਿਮਾਰੀਆਂ ਦੇ ਇਲਾਜ ਦੇ ਮਾਹਿਰ) ਜਾਣਕਾਰੀ ਦਿੰਦੇ ਹੋਏ। ਇਨਸੈੱਟ ਵਿਚ : ਬੱਚੇ ਗਗਨਪ੍ਰੀਤ ਦੀ ਬਿਮਾਰੀ ਵੇਲੇ ਦੀ ਤਸਵੀਰ ਅਤੇ ਤੰਦਰੁਸਤ ਹੋਣ ਤੋਂ ਬਾਦ ਦੀ ਹੱਸਦੇ ਖੇਡਦੇ ਗਗਨਪ੍ਰੀਤ ਦੀ ਤਸਵੀਰ

ਜ਼ਿਲੇ ਦੀਆਂ ਮੰਡੀਆਂ ਵਿਚ ਰੋਜ਼ਾਨਾ ਖ਼ਰੀਦ ਪ੍ਰਕਿਰਿਆ ’ਤੇ ਰੱਖ ਰਹੇ ਨੇ ਨਿਗਰਾਨੀ-ਕਰਨਲ ਚੂਹੜ ਸਿੰਘ

ਖੁਸ਼ਹਾਲੀ ਦੇ ਰਾਖਿਆਂ ਦਾ ਕਣਕ ਦੀ ਸੁਚੱਜੀ ਖ਼ਰੀਦ ਵਿਚ ਵਿਸ਼ੇਸ਼ ਯੋਗਦਾਨ
ਨਵਾਂਸ਼ਹਿਰ, 25 ਅਪ੍ਰੈਲ : ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਸਾਰੀਆਂ ਮੰਡੀਆਂ ਵਿਚ ਇਸ ਵੇਲੇ ਕਣਕ ਦੀ ਖ਼ਰੀਦ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ। ਇਕ ਪਾਸੇ ਜਿਥੇ ਸਰਕਾਰੀ ਤੰਤਰ, ਖ਼ਰੀਦ ਏਜੰਸੀਆਂ ਅਤੇ ਖ਼ਰੀਦ ਪ੍ਰਕਿਰਿਆ ਨਾਲ ਸਬੰਧਤ ਹੋਰ ਧਿਰਾਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਦੀ ਨਿਰਵਿਘਨ ਤੇ ਸੁਚਾਰੂ ਖ਼ਰੀਦ ਵਿਚ ਜੀਅ-ਜਾਨ ਨਾਲ ਜੁਟੀਆਂ ਹੋਈਆਂ ਹਨ, ਉਥੇ ਹੀ ਪੰਜਾਬ ਸਰਕਾਰ ਦੀਆਂ ਅੱਖਾਂ ਤੇ ਕੰਨ ਬਣ ਕੇ ਆਪਣੀ ਡਿਊਟੀ ਨਿਭਾਅ ਰਹੇ ਖੁਸ਼ਹਾਲੀ ਦੇ ਰਾਖੇ (ਜੀ. ਓ. ਜੀਜ਼) ਵੀ ਕਣਕ ਦੀ ਸੁਚੱਜੀ ਖ਼ਰੀਦ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਆਪਣੀ ਜਿਣਸ ਮੰਡੀਆਂ ਵਿਚ ਵੇਚਣ ਲਈ ਪੁੱਜ ਰਹੇ ਕਿਸਾਨਾਂ ਦੀ ਸਹਾਇਤਾ ਲਈ ਖੁਸ਼ਹਾਲੀ ਦੇ ਰਾਖੇ ਜ਼ਿਲੇ ਦੀਆਂ ਮੰਡੀਆਂ ਵਿਚ ਡਟੇ ਹੋਏ ਹਨ। ਜੀ. ਓ. ਜੀਜ਼ ਦੇ ਜ਼ਿਲਾ ਹੈੱਡ ਕਰਨਲ ਚੂਹੜ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਮੰਡੀਆਂ ਵਿਚ ਕਣਕ ਦੀ ਪਾਰਦਰਸ਼ੀ ਢੰਗ ਨਾਲ ਖ਼ਰੀਦ ਕਰਵਾਉਣ, ਕਿਸਾਨਾਂ ਦੀ ਸਹਾਇਤਾ ਕਰਨ ਅਤੇ ਉਨਾਂ ਨੂੰ ਦਰਪੇਸ਼ ਕਿਸੇ ਵੀ ਤਰਾਂ ਦੀ ਮੁਸ਼ਕਲ ਦਾ ਨਿਪਟਾਰਾ ਕਰਵਾਉਣ ਦੇ ਨਾਲ-ਨਾਲ ਸਰਕਾਰ ਨੂੰ ਫੀਡਬੈਕ ਭੇਜਣ ਲਈ ਜ਼ਿਲੇ ਦੀਆਂ ਮੰਡੀਆਂ ਵਿਚ ਖੁਸ਼ਹਾਲੀ ਦੇ ਰਾਖੇ ਰੋਜ਼ਾਨਾ ਮੰਡੀਆਂ ਵਿਚ ਜਾ ਰਹੇ ਹਨ। ਉਨਾਂ ਦੱਸਿਆ ਕਿ ਖੁਸ਼ਹਾਲੀ ਰਾਖੇ ਮੰਡੀਆਂ ਵਿਚ ਕੋਵਿਡ ਮਹਾਮਾਰੀ ਤੋਂ ਬਚਾਅ ਲਈ ਜਾਗਰੂਕਤਾ ਦੇ ਨਾਲ-ਨਾਲ ਸਾਰੇ ਇਹਤਿਆਤਾਂ ਦੀ ਪਾਲਣਾ ਵੀ ਕਰਵਾਉਂਦੇ ਹਨ। ਇਸ ਤੋਂ ਇਲਾਵਾ ਉਹ ਆੜਤੀਆਂ, ਕਿਸਾਨਾਂ, ਮਜ਼ਦੂਰਾਂ ਆਦਿ ਨੂੰ ਕੋਵਿਡ ਰੋਕੂ ਟੀਕਾਕਰਨ ਲਈ ਪ੍ਰੇਰਿਤ ਕਰ ਕੇ ਉਨਾਂ ਦਾ ਟੀਕਾਕਰਨ ਵੀ ਕਰਵਾ ਰਹੇ ਹਨ। ਕਰਨਲ ਚੂਹੜ ਸਿੰਘ ਨੇ ਦੱਸਿਆ ਕਿ ਖੁਸ਼ਹਾਲੀ ਦੇ ਰਾਖਿਆਂ ਵੱਲੋਂ ਜਿਥੇ ਕਣਕ ਦੀ ਖ਼ਰੀਦ ਦਾ ਜਾਇਜ਼ਾ ਲਿਆ ਜਾਂਦਾ ਹੈ, ਉਥੇ ਹੀ ਮੰਡੀਆਂ ਵਿਚ ਕਿਸਾਨਾਂ ਲਈ ਪੀਣ ਵਾਲੇ ਪਾਣੀ, ਪਖਾਨਿਆਂ, ਸਾਫ਼-ਸਫ਼ਾਈ, ਹੱਥ ਧੋਣ ਅਤੇ ਮਾਸਕਾਂ ਆਦਿ ਦੇ ਪ੍ਰਬੰਧ ਵੀ ਦੇਖੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ 128 ਜੀ. ਓ. ਜੀਜ਼ ਸੇਵਾਵਾਂ ਨਿਭਾਅ ਰਹੇ ਹਨ, ਜਿਨਾਂ ਵੱਲੋਂ ਚੱਲ ਰਹੀ ਕੋਵਿਡ ਰੋਕੂ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਲਈ 'ਮਿਸ਼ਨ ਵੈਕਸੀਨ ਸੇਵਾ' ਵੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਲੋਕਾਂ ਨੂੰ ਪ੍ਰੇਰਿਤ ਕਰਕੇ ਉਨਾਂ ਦਾ ਟੀਕਾਕਰਨ ਕਰਵਾਇਆ ਜਾ ਰਿਹਾ ਹੈ।    
ਕੈਪਸ਼ਨਾਂ : - ਮੰਡੀਆਂ ਵਿਚ ਸੁਚਾਰੂ ਖ਼ਰੀਦ ਪ੍ਰਬੰਧ ਯਕੀਨੀ ਬਣਾਉਣ ਲਈ ਡਟੇ ਹੋਏ ਖੁਸ਼ਹਾਲੀ ਦੇ ਰਾਖੇ। 

ਲੌਕਡਾਊਨ ਅਤੇ ਕਰਫਿਊ ਵਿਰੁੱਧ ਨਵਾਂਸ਼ਹਿਰ ਵਿਚ ਕੱਢਿਆ ਮੁਜਾਹਰਾ, ਲੋੜੀਂਦੀਆਂ ਸਿਹਤ ਸਹੂਲਤਾਂ ਅਤੇ ਪ੍ਰਬੰਧ ਪੂਰਤੀ ਦੀ ਕੀਤੀ ਗਈ ਮੰਗ

ਪਹਿਲੀ ਮਈ ਨੂੰ ਹਜਾਰਾਂ ਦੀ ਗਿਣਤੀ ਵਿਚ ਰੈਲੀ 'ਤੇ ਮੁਜਾਹਰਾ ਕਰਨ ਦਾ ਐਲਾਨ
ਨਵਾਂਸ਼ਹਿਰ 25 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ) ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਨਵਾਂਸ਼ਹਿਰ ਵਿਖੇ ਲੌਕਡਾਉਨ ਅਤੇ ਕਰਫਿਊ ਦੇ ਵਿਰੋਧ ਵਿਚ ਮੁਜਾਹਰਾ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਸਿਹਤ ਸੇਵਾਵਾਂ ਦਾ ਪੁਖਤਾ ਪ੍ਰਬੰਧ ਕਰਨ, ਡਾਕਟਰਾਂ, ਨਰਸਾਂ ਦੀ ਲੋੜੀਂਦੀ ਭਰਤੀ ਕਰਨ, ਦਵਾਈਆਂ, ਵੈਂਟੀਲੇਟਰ ਅਤੇ ਆਕਸੀਜਨ ਦੀ ਕਮੀ ਦੂਰ ਕਰਨ, ਕਰੋਨਾ ਦੇ ਨਾਂਅ ਹੇਠ ਕੀਤੇ ਜਾ ਰਹੇ ਜੁਰਮਾਨੇ ਬੰਦ ਕਰਨ, ਚਲਾਣ ਕੱਟਣੇ ਬੰਦ ਕਰਨ, ਸਕੂਲ ਖੋਹਲਣ ਦੀ ਮੰਗ ਵੀ ਜੋਰਦਾਰ ਢੰਗ ਨਾਲ ਉਠਾਈ। ਇਸਤੋਂ ਪਹਿਲਾਂ ਰਿਲਾਇੰਸ ਦੇ ਸੁਪਰ ਸਟੋਰ ਅੱਗੇ ਮੀਟਿੰਗ ਕੀਤੀ ਗਈ ਜਿਸਨੂੰ ਭੁਪਿੰਦਰ ਸਿੰਘ ਵੜੈਚ, ਜਸਬੀਰ ਦੀਪ, ਕੁਲਵਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਬੂਟਾ ਸਿੰਘ, ਬੀਬੀ ਗੁਰਬਖਸ਼ ਕੌਰ ਸੰਘਾ, ਬੀਬੀ ਸੁਰਜੀਤ ਕੌਰ ਉਟਾਲ, ਬੀਬੀ ਮਨਜੀਤ ਕੌਰ ਅਲਾਚੌਰ, ਮਹਿੰਦਰਪਾਲ ਸਿੰਘ ਖਾਲਸਾ, ਪੁਨੀਤ ਕੁਮਾਰ ਬਛੌੜੀ, ਬਿੱਲਾ ਗੁੱਜਰ, ਕਮਲ ਬੰਗਾ, ਪ੍ਰਵੀਨ ਕੁਮਾਰ ਨਿਰਾਲਾ, ਸਿਮਰਨਜੀਤ ਕੌਰ ਸਿੰਮੀ, ਹਰੀ ਲਾਲ, ਆਜਾਦ, ਗੁਰਦਿਆਲ ਰੱਕੜ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਕਰੋਨਾ ਬਿਮਾਰੀ ਨਾਲ ਘੱਟ ਪਰ ਨਾਗਰਿਕਾਂ ਵਿਰੁੱਧ ਵੱਧ ਲੜਾਈ ਲੜ ਰਹੀ ਹੈ। ਮੌਜੂਦਾ ਸਮੇਂ ਵਿਚ ਇਹਨਾਂ ਸਰਕਾਰਾਂ ਦੇ ਸਿਹਤ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ, ਜੋ ਇਕ ਸਾਲ ਵਿਚ ਲੋਕਾਂ ਲਈ ਨਾ ਹੀ ਲੋੜੀਂਦੀ ਆਕਸੀਜਨ ਦਾ ਪ੍ਰਬੰਧ ਕਰ ਸਕੀਆਂ ਹਨ ਨਾ ਹੀ ਵੈਂਟੀਲੇਟਰ, ਬਿਸਤਰਿਆਂ ਅਤੇ ਦਵਾਈਆਂ ਦਾ। ਕਰੋਨਾ ਨਾਲ ਨਜਿੱਠਣ ਦੀ ਵਾਗਡੋਰ ਪੁਲਸ ਨੂੰ ਸੌਂਪ ਦਿੱਤੀ ਹੈ ਜੋ ਨਾਗਰਿਕਾਂ ਨੂੰ ਡੰਡੇ ਦੇ ਜ਼ੋਰ ਅਪਮਾਨਿਤ ਵੀ ਕਰ ਰਹੀ ਹੈ ਅਤੇ ਜੁਰਮਾਨੇ ਵੀ ਵਸੂਲ ਰਹੀ ਹੈ। ਸਕੂਲ ਬੰਦ ਕਰਕੇ ਨਵੀਂ ਪੀੜ੍ਹੀ ਨੂੰ ਬੌਧਿਕ ਕੰਗਾਲੀ ਵੱਲ ਧੱਕਿਆ ਜਾ ਰਿਹਾ ਹੈ। ਵਿਆਹ-ਸ਼ਾਦੀਆਂ ਉੱਤੇ ਸਖਤੀ ਵਰਤਕੇ ਪੁਲਸ ਕੇਸ ਦਰਜ ਕੀਤੇ ਜਾ ਰਹੇ ਹਨ। ਦੁਕਾਨਦਾਰਾਂ ਅਤੇ ਦੂਸਰੇ ਕਾਰੋਬਾਰੀਆਂ ਦੇ ਧੰਦੇ ਚੌਪਟ ਹੋਣ ਕਿਨਾਰੇ ਹਨ। ਲੰਮਾ ਸਮਾਂ ਲਾਕਡਾਊਨ ਲੱਗਣ ਦੇ ਡਰੋਂ ਪ੍ਰਵਾਸੀ ਮਜਦੂਰ ਆਪਣੇ ਸੂਬਿਆਂ ਨੂੰ ਹਿਜਰਤ ਕਰ ਰਹੇ ਹਨ। ਸਰਕਾਰ ਸੰਕਟ ਦੀ ਘੜੀ ਦੀ ਦੁਹਾਈ ਦੇਕੇ ਲੋਕਾਂ ਨੂੰ ਪਾਬੰਦੀਆਂ ਦੀ ਪਾਲਣਾ ਕਰਨ ਲਈ ਹੁਕਮ ਚਾਹੜ੍ਹ ਰਹੀ ਹੈ ਪਰ ਲੋੜਵੰਦਾਂ ਦੀ ਧੇਲੇ ਦੀ ਵੀ ਮੱਦਦ ਨਹੀਂ ਕਰ ਰਹੀ। ਆਕਸੀਜਨ ਦੀ ਕਮੀ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ। ਕਰੋਨਾ ਦਾ ਡਰ ਨਿੱਜੀ ਹਸਪਤਾਲਾਂ ਲਈ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸਾਬਤ ਹੋ ਰਿਹਾ ਹੈ। ਨਿੱਤ ਵਰਤੋਂ ਦੀਆਂ ਚੀਜਾਂ ਅਤੇ ਦਵਾਈਆਂ ਦੀ ਕੀਮਤਾਂ ਉੱਤੇ ਸਰਕਾਰ ਦਾ ਕੋਈ ਕੰਟਰੋਲ ਹੀ ਨਹੀਂ ਹੈ। ਬਲੈਕ ਮਾਰਕੀਟੀਏ ਖੂਬ ਹੱਥ ਰੰਗ ਰਹੇ ਹਨ ਪਰ ਰੇਹੜੀਆਂ ਫੜੀਆਂ ਵਾਲੇ ਸਰਕਾਰੀ ਹੁਕਮਾਂ ਦਾ ਨਿਸ਼ਾਨਾ ਬਣ ਰਹੇ ਹਨ। ਮੀਟਿੰਗ ਵਿਚ ਪਹਿਲੀ ਮਈ ਨੂੰ ਉਕਤ ਮੰਗਾਂ ਨੂੰ ਲੈਕੇ ਨਵਾਂਸ਼ਹਿਰ ਵਿਚ ਰੈਲੀ ਅਤੇ ਮੁਜਾਹਰਾ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਵਿਚ ਹਜਾਰਾਂ ਦਾ ਇਕੱਠ ਕਰਨ ਲਈ ਵੱਖ ਵੱਖ ਵਰਗਾਂ ਦੀਆਂ ਡਿਊਟੀਆਂ ਲਾਈਆਂ ਗਈਆਂ।

ਗੁਰਦੁਆਰਾ ਟਾਹਲੀ ਸਾਹਿਬ ਵਿਖੇ ਕਰੋਨਾ ਵੈਕਸੀਨ ਦਾ ਟੀਕਾਕਰਨ ਕੈਂਪ ਲੱਗਾ



ਨਵਾਂਸ਼ਹਿਰ : 25 ਅਪਰੈਲ (ਪੱਤਰ ਪ੍ਰੇਰਕ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ  ਸਿਹਤ ਵਿਭਾਗ ਵੱਲੋਂ ਕੋਵਿਡ-19 ਕਰੋਨਾ ਵਾਇਰਸ ਤੋਂ ਬਚਾਅ ਲਈ ਆਰੰਭੀ ਟੀਕਾਕਰਨ ਮੁਹਿੰਮ ਤਹਿਤ ਅੱਜ ਗੁਰਦੁਆਰਾ ਟਾਹਲੀ ਸਾਹਿਬ  ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਟੀਕਾਕਰਨ ਕੈਂਪ ਲਗਾਇਆ ਗਿਆ । ਕੈਂਪ ਵਿਚ ਇਲਾਕਾ ਨਿਵਾਸੀ ਸੰਗਤਾਂ ਨੇ ਗੁਰਦੁਆਰਾ ਟਾਹਲੀ ਸਾਹਿਬ ਪੁੱਜ ਕੇ ਟੀਕਾਕਰਨ ਕਰਵਾਇਆ। ਮੈਡੀਕਲ ਸਟਾਫ ਵੱਲੋਂ ਵੀ ਸੰਗਤਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਕਰਨ ਸਬੰਧੀ ਨਿਯਮਾਂ/ ਸਾਵਧਾਨੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਹੀਰ, ਚੇਅਰਮੈਨ ਦਰਬਾਰਾ ਸਿੰਘ ਹੀਰ, ਸੈਕਟਰੀ ਪਰਮਜੀਤ ਸਿੰਘ, ਪਾਲ ਸਿੰਘ, ਸੋਹਣ ਸਿੰਘ, ਮਦਨ ਲਾਲ , ਡਾ. ਰਾਜੇਸ਼ ਬਾਲੀ, ਮੈਡਮ ਰਿੰਪੀ ਸਹੋਤਾ, ਮੈਡਮ ਜੋਤੀ, ਮੈਡਮ ਚਰਨਜੀਤ ਕੌਰ, ਮੈਡਮ  ਕਾਂਤਾ ਦੇਵੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਗੁਰਦੁਆਰਾ  ਟਾਹਲੀ ਸਾਹਿਬ  ਗੜ੍ਹਸ਼ੰਕਰ  ਰੋਡ  ਨਵਾਂਸ਼ਹਿਰ ਵਿਖੇ ਲੱਗੇ ਕੋਵਿਡ-19 ਟੀਕਾਕਰਨ ਕੈਂਪ ਦੀਆਂ ਤਸਵੀਰਾਂ

ਲਘੂ ਫਿਲਮ 'ਤੀਹਰੀ ਖੁਸ਼ੀ' ਕੀਤੀ ਸਿੱਖਿਆ ਸਕੱਤਰ ਨੇ ਰਿਲੀਜ਼

ਪਟਿਆਲਾ 25 ਅਪ੍ਰੈਲ: ਸਰਕਾਰੀ ਸਕੂਲਾਂ ਦੀਆਂ ਖੂਬੀਆਂ ਤੇ ਸਹੂਲਤਾਂ ਦੇ ਪ੍ਰਚਾਰ ਕਰਨ ਹਿਤ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀ ਕਲਾਕਾਰਾਂ ਵੱਲੋਂ ਤਿਆਰ ਕੀਤੀ ਗਈ ਲਘੂ ਫਿਲਮ 'ਤੀਹਰੀ ਖੁਸ਼ੀ' ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਮਲਟੀਪਰਪਜ਼ ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਉਕਤ ਉੱਦਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜੋਕੇ ਦੌਰ 'ਚ ਸਰਕਾਰੀ ਸਕੂਲ ਹਰ ਪੱਖੋਂ ਸਮੇਂ ਦੇ ਹਾਣ ਦੇ ਹੋ ਚੁੱਕੇ ਹਨ ਅਤੇ ਇਨ੍ਹਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਵਿਭਾਗ ਦੇ ਅਧਿਆਪਕਾਂ ਵੱਲੋਂ ਵੱਖ-ਵੱਖ ਸਾਧਨਾਂ ਰਾਹੀਂ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਮਲਟੀਪਰਪਜ਼ ਸਕੂਲ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕਾਂ ਤੇ ਲਘੂ ਫਿਲਮ ਰਾਹੀਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਤੇ ਸਰਗਰਮੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਰੰਗਮੰਚ ਦੇ ਖੇਤਰ 'ਚ ਅੱਗੇ ਵਧਣ ਲਈ ਸ਼ੁਭਕਾਮਾਨਾਵਾਂ ਦਿੱਤੀਆਂ।   ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਦੀ ਸਰਪ੍ਰਸਤੀ 'ਚ ਡਾ. ਸੁਖਦਰਸ਼ਨ ਸਿੰਘ ਚਹਿਲ ਵੱਲੋਂ ਲਿਖੀ 'ਤੀਹਰੀ ਖੁਸ਼ੀ' ਫਿਲਮ ਨੂੰ ਵਿਭਾਗ ਦੀ ਡਿਜੀਟਲ ਮੀਡੀਆ ਟੀਮ ਦੇ ਮੈਂਬਰ ਅਸ਼ੋਕ ਕੁਮਾਰ ਨੇ ਨਿਰਦੇਸ਼ਤ ਕੀਤਾ ਹੈ। ਕੋਆਰਡੀਨੇਟਰ ਅਮਰਦੀਪ ਸਿੰਘ ਬਾਠ ਦੀ ਦੇਖ-ਰੇਖ 'ਚ ਬਣੀ ਉਕਤ ਫਿਲਮ ਦੀ ਵੀਡੀਓਗ੍ਰਾਫੀ ਗੁਰਦੀਪ ਜੌਨੀ ਤੇ ਸੰਪਾਦਨ ਦੀ ਜ਼ਿੰਮੇਵਾਰੀ ਨਵੀਨ ਸ਼ਰਮਾ ਨੇ ਨਿਭਾਈ ਹੈ। ਇਸ ਫਿਲਮ 'ਚ ਮਲਟੀਪਰਪਜ਼ ਸਕੂਲ ਦੇ ਵਿਦਿਆਰਥੀਆਂ ਜਸ਼ਨਪ੍ਰੀਤ ਤਾਣਾ, ਸਿਮਰਤਰਾਜ ਸਿੰਘ ਖਾਲਸਾ, ਹਰਪ੍ਰੀਤ ਸਿੰਘ ਤੇ ਮਨਿੰਦਰ ਸਿੰਘ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਹਨ।  ਫਿਲਮ ਰਿਲੀਜ਼ ਕਰਨ ਮੌਕੇ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਪਟਿਆਲਾ ਇੰਜੀ. ਅਮਰਜੀਤ ਸਿੰਘ, ਪੜ੍ਹੋ ਪੰਜਾਬ ਪੜਾਓ ਪੰਜਾਬ ਮੁਹਿੰਮ ਦੇ ਜਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ ਤੇ ਵਿਭਾਗ ਦੇ ਬੁਲਾਰੇ ਰਾਜਿੰਦਰ ਸਿੰਘ ਚਾਨੀ ਵੀ ਹਾਜ਼ਰ ਸਨ। ਪ੍ਰਿੰ. ਤੋਤਾ ਸਿੰਘ ਚਹਿਲ ਨੇ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੱਲਾਸ਼ੇਰੀ ਲਈ ਧੰਨਵਾਦ ਕੀਤਾ।
ਤਸਵੀਰ:- ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਲਘੂ ਫਿਲਮ 'ਤੀਹਰੀ ਖੁਸ਼ੀ' ਰਿਲੀਜ਼ ਕਰਦੇ ਹੋਏ, ਨਾਲ ਹਨ ਡੀ.ਈ.ਓ. (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ, ਪ੍ਰਿੰ. ਤੋਤਾ ਸਿੰਘ ਚਹਿਲ ਤੇ ਰਾਜਵੰਤ ਸਿੰਘ।       

ਕੈਪਟਨ ਸਰਕਾਰ ਦੇ ਘਟੀਆ ਰਾਜ ਤੋਂ ਅੱਜ ਪੰਜਾਬ ਦਾ ਹਰ ਵਰਗ ਦੁੱਖੀ ਅਤੇ ਪ੍ਰੇਸ਼ਾਨ ਹੈ:-ਸਤਨਾਮ ਸਿੰਘ ਜਲਵਾਹਾ

ਨਵਾਂਸ਼ਹਿਰ 24 ਅਪ੍ਰੈਲ ( ਵਿਸ਼ੇਸ਼ ਪ੍ਰਤੀਨਿਧੀ) ਹਲਕਾ ਨਵਾਂਸ਼ਹਿਰ ਤੋਂ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਜੀ ਦੀ ਪ੍ਰਧਾਨਗੀ ਹੇਠ ਮਹਿੰਗੀ ਬਿਜਲੀ ਖਿਲਾਫ ਬਿਜਲੀ ਬਿੱਲ ਸਾੜਕੇ ਵੱਖ-ਵੱਖ ਪਿੰਡਾਂ ਵਿਚ ਸੰਕੇਤਕ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਬਿਜਲੀ ਕੰਪਨੀਆਂ ਨਾਲ ਮਿਲਕੇ ਕੈਪਟਨ ਸਰਕਾਰ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਅੰਨੇਵਾਹ ਲੁੱਟ-ਖਸੁੱਟ ਤੋਂ ਹਰ ਇੱਕ ਵਿਅਕਤੀ ਨੂੰ ਜਾਣੂੰ ਕਰਵਾਇਆ ਜਾ ਰਿਹਾ ਹੈ। ਬਿਜਲੀ ਅੰਦੋਲਨ ਨੂੰ ਮੁੱਖ ਰੱਖਦਿਆਂ ਸਤਨਾਮ ਸਿੰਘ ਜਲਵਾਹਾ ਵੱਲੋਂ ਨਵਾਂਸ਼ਹਿਰ ਹਲਕੇ ਦੇ ਪਿੰਡ ਚੱਕਲੀ ਸੁਜਾਇਤ, ਮਹੱਦੀਪੁਰ ਅਤੇ ਮੰਢਾਲਾ ਵਿਖੇ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਅਤੇ ਬਿਜਲੀ ਬਿੱਲ ਸਾੜਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੀ ਕੈਪਟਨ ਸਰਕਾਰ ਲੋਕਾਂ ਨੂੰ ਸਸਤੀ ਬਿਜਲੀ ਦੇਣ ਦੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ ਅੱਜ ਓਹੀ ਕੈਪਟਨ ਸਰਕਾਰ ਬਿਜਲੀ ਕੰਪਨੀਆਂ ਤੋਂ ਮੋਟਾ ਕਮਿਸ਼ਨ ਖਾ ਰਹੀ ਹੈ ਅਤੇ ਹੁਣ ਤੱਕ 13 ਵਾਰ ਬਿਜਲੀ ਮਹਿੰਗੀ ਕਰ ਚੁੱਕੀ ਹੈ, ਕੈਪਟਨ ਸਰਕਾਰ ਸ਼ਰੇਆਮ ਲੋਕਾਂ ਦਾ ਖ਼ੂਨ ਚੂਸ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਜੋ ਵੀ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਵੱਡੇ ਵੱਡੇ ਫਲੈਕਸ ਬੋਰਡ ਲਗਾਕੇ ਫਿਰ ਤੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹੁਣ ਕਦੀਂ ਵੀ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਉਤੇ ਵਿਸ਼ਵਾਸ ਨਹੀਂ ਕਰਨਗੇ ਕਿਉਂਕਿ ਕੈਪਟਨ ਸਰਕਾਰ ਵਲੋਂ ਘਰ ਘਰ ਨੌਕਰੀ ਦੇਣ ਦਾ ਵਾਅਦਾ,2500 ਬੇਰੁਜ਼ਗਾਰੀ ਭੱਤਾ, 2500 ਬੁਢਾਪਾ ਪੈਨਸ਼ਨ, 51000 ਸ਼ਗਨ ਸਕੀਮ, 4 ਹਫਤੇ ਵਿੱਚ ਨਸ਼ਾ ਖਤਮ ਕਰਨ, ਬੇਅਦਬੀ ਦੇ ਦੋਸ਼ੀਆ ਨੂੰ ਸਜ਼ਾ ਦੇਣ, 5 - 5 ਮਰਲੇ ਦੇ ਪਲਾਟ ਦੇਣ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ, 18 ਤੋਂ 35 ਸਾਲ ਤੱਕ ਦੇ ਹਰ ਨੌਜਵਾਨ ਨੂੰ ਸਮਾਰਟ ਫ਼ੋਨ ਦੇਣ, ਆਟਾ ਦਾਲ ਨਾਲ ਖੰਡ ਘਿਓ ਚਾਹਪੱਤੀ ਦੇਣਾ ਆਦਿ ਕੀਤੇ ਸਾਰੇ ਵਾਅਦਿਆਂ ਵਿੱਚੋਂ ਕੋਈ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਸਗੋਂ ਕੈਪਟਨ ਸਰਕਾਰ ਝੂਠ ਤੇ ਝੂਠ ਬੋਲਕੇ ਲੋਕਾਂ ਨੂੰ ਬੇਵਕੂਫ ਬਣਾਉਣਾ ਚਾਹੁੰਦੀ ਹੈ। ਹੁਣ ਪੰਜਾਬ ਦੇ ਲੋਕ ਇਨ੍ਹਾਂ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਬਾਖੂਬੀ ਜਾਣਦੇ ਹਨ ਅਤੇ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਇਹ ਦੋਵੇਂ ਰਲ਼ੇ ਹੋਏ ਹਨ ਅਤੇ ਇਹ ਦੋਨੋਂ ਇਕੋਂ ਸਿੱਕੇ ਦੇ ਦੋ ਪਹਿਲੂ ਹਨ। ਇਨ੍ਹਾਂ ਅਕਾਲੀ ਕਾਂਗਰਸੀਆਂ ਅਤੇ ਬੀਜੇਪੀ ਦੇ ਲੀਡਰਾਂ ਨੂੰ ਹੁਣ ਲੋਕਾਂ ਨੇ ਪਿੰਡਾਂ ਵਿੱਚ ਵੜਨ ਤੱਕ ਨਹੀਂ ਦੇਣਾ। ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਲੋਕ ਬਹੁਤ ਪ੍ਰਭਾਵਿਤ ਹਨ ਅਤੇ 2022 ਵਿੱਚ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਲੋਕ ਪੱਬਾਂ ਭਾਰ ਹੋਏ ਪਏ ਹਨ। ਸਤਨਾਮ ਸਿੰਘ ਜਲਵਾਹਾ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਮੀਟਿੰਗਾਂ ਦਾ ਆਯੋਜਨ ਕਰਨ ਲਈ ਸਰਕਲ ਪ੍ਰਧਾਨ ਦੇਸ ਰਾਜ ਮਹੱਦੀਪੁਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਕਿਸਾਨ ਵਿੰਗ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ, ਬਲਾਕ ਪ੍ਰਧਾਨ ਕੁਲਵੰਤ ਸਿੰਘ ਰਕਾਸਣ, ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਗਿਰਨ, ਸਰਕਲ ਪ੍ਰਧਾਨ ਦੇਸ ਰਾਜ ਮਹੱਦੀਪੁਰ ਅਤੇ ਸਮੂਹ ਨਗਰ ਨਿਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

ਐਤਵਾਰ ਵਾਲੇ ਦਿਨ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਹੋਵੇਗੀ ਛੋਟ

ਨਵਾਂਸ਼ਹਿਰ 24 ਅਪ੍ਰੈਲ :(ਬਿਊਰੋ) ਕੋਵਿਡ ਦੀ ਰੋਕਥਾਮ ਲਈ ਜ਼ਿਲਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਵਿਭਾਗ ਵਲੋਂ ਕੋਵਿਡ-19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਰੋਸ਼ਨੀ ਵਿਚ ਮਿਤੀ 20 ਅਪ੍ਰੈਲ 2021 ਨੂੰ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ ਮਾਲ, ਬਾਜ਼ਾਰ, ਦੁਕਾਨਾਂ ਅਤੇ ਰੈਸਟੋਰੈਂਟ (ਸਮੇਤ ਹੋਟਲ) ਜ਼ਰੂਰੀ ਵਸਤਾਂ ਨੂੰ ਛੱਡ ਕੇ ਐਤਵਾਰ ਨੂੰ ਬੰਦ ਰੱਖਣ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਹੁਣ ਜ਼ਿਲਾ ਮੈਜਿਸਟ੍ਰੇਟ ਵੱਲੋਂ ਇਨਾਂ ਹੁਕਮਾਂ ਦੀ ਲਗਾਤਾਰਤਾ ਵਿਚ ਕੁਝ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਐਤਵਾਰ ਵਾਲੇ ਦਿਨ ਛੋਟ ਦਿੱਤੀ ਗਈ ਹੈ, ਜਿਨਾਂ ਵਿਚ ਤਾਜ਼ਾ ਫ਼ਲ ਅਤੇ ਸਬਜ਼ੀਆਂ, ਪੀਣ ਵਾਲਾ ਪਾਣੀ, ਪਸ਼ੂਆਂ ਲਈ ਚਾਰਾ, ਸਾਰੇ ਖਾਣ-ਪੀਣ ਵਾਲੀਆਂ ਵਸਤੂਆਂ ਬਣਾਉਣ ਵਾਲੇ ਕਾਰੋਬਾਰ/ਉਦਯੋਗ, ਪੈਟਰੋਲ/ਡੀਜ਼ਲ ਅਤੇ ਸੀ. ਐਨ. ਜੀ ਪੰਪ, ਰਾਈਸ ਸ਼ੈਲਰ (ਜਿਨਾਂ ਵਿਚ ਮਿਲਿੰਗ ਚੱਲ ਰਹੀ ਹੋਵੇ), ਦੁੱਧ ਦੇ ਪਲਾਂਟ ਅਤੇ ਡੇਅਰੀ ਯੂਨਿਟ, ਪਸ਼ੂਆਂ ਦਾ ਚਾਰਾ ਬਣਾਉਣ ਵਾਲੇ ਯੂਨਿਟ ਅਤੇ ਚਾਰਗਾਹਾਂ, ਦਵਾਈਆਂ ਦੀਆਂ ਦੁਕਾਨਾਂ, ਸਿਹਤ ਸੇਵਾਵਾਂ, ਮੈਡੀਕਲ ਵਰਤੋਂ ਵਿਚ ਆਉਣ ਵਾਲੇ ਯੰਤਰਾਂ ਦਾ ਉਤਪਾਦਨ ਅਤੇ ਸੰਕਟ ਦੀ ਸਥਿਤੀ ਵਿਚ ਪਬਲਿਕ ਹੈਲਥ ਸੇਵਾਵਾਂ, ਸੰਚਾਰ ਸੇਵਾਵਾਂ, ਅਨਾਜ ਦੀ ਖ਼ਰੀਦ/ਭੰਡਾਰਨ ਲਈ ਵਰਤੇ ਜਾਣ ਵਾਲੇ ਪਦਾਰਥ ਜਿਵੇਂ ਕਿ ਬਾਰਦਾਨਾ, ਥੈਲੇ, ਕਰੇਟ, ਤਰਪਾਲਾਂ/ਕਵਰ, ਜਾਲੀਆਂ, ਸਲਫਾਸ, ਕੀਟਨਾਸ਼ਕ ਆਦਿ, ਬਿਜਲੀ ਦੀ ਨਿਰਵਿਘਨ ਸਪਲਾਈ ਲਈ ਲੋੜੀਂਦੇ ਕੰਮ, ਪੁਲਿਸ/ਸੁਰੱਖਿਆ ਅਤੇ ਹੋਰ ਐਮਰਜੈਂਸੀ ਸੇਵਾਵਾਂ (ਫਾਇਰ), ਫ਼ਸਲਾਂ ਦੀ ਵਾਢੀ ਦੌਰਾਨ ਵਰਤੇ ਜਾਣ ਵਾਲੇ ਸੰਦ/ਕੰਬਾਇਨਾਂ ਅਤੇ ਫ਼ਸਲ ਦੀ ਵਾਢੀ ਸਬੰਧੀ ਕੰਮਕਾਜ ਅਤੇ ਖੇਤੀਬਾੜੀ ਵਿਚ ਵਰਤੇ ਜਾਣ ਵਾਲੇ ਸੰਦ ਬਣਾਉਣ ਵਾਲੇ ਯੂਨਿਟ ਸ਼ਾਮਿਲ ਹਨ।

Photo from ARRS Sandhu

ਕੋਰੋਨਾ ਸੁਰੱਖਿਆ ਬੈਰੀਕੇਡ ਪੱਟੀ ਲਗਾਓ ਜਾਗਰੁਕਤਾ ਮੁਹਿੰਮ ਦੀ ਆਰੰਭਤਾ


 ਨਵਾਂਸ਼ਹਿਰ: 24 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ) ਕੋਰੋਨਾ ਨੂੰ ਹਰਾਉਣ ਲਈ ਜਾਗਰੁਕਤਾ ਮੁਹਿੰਮ ਦੇ ਇੱਕ ਹੋਰ ਕਦਮ ਵਿਚ ਨਵਾਂਸ਼ਹਿਰ ਤੋਂ ਵਾਤਾਵਰਨ ਪ੍ਰੇਮੀ ਅਸ਼ਵਨੀ ਜੋਸ਼ੀ, ਸਮਾਜ ਸੇਵੀ ਰਾਜਨ ਅਰੋੜਾ ਅਤੇ ਸਮਾਜ ਸੇਵਕ ਕੁਲਵਿੰਦਰ ਕੁਮਾਰ ਰਾਜੂ ਰਾਜੂ ਪ੍ਰਿੰਟਿੰਗ ਪ੍ਰੈੱਸ ਨੇ ਵਿਸ਼ੇਸ਼ ਤੌਰ 'ਤੇ ਕੋਰੋਨਾ ਸੁਰੱਖਿਆ ਬੈਰੀਕੇਡ ਪੱਟੀ ਤਿਆਰ ਕੀਤੀ ਹੈ। ਜੋ ਇੱਕ ਤਰ੍ਹਾਂ ਦਾ ਨਵਾਂ ਕਦਮ ਹੈ। ਉਨ੍ਹਾਂ ਅੱਜ ਇਸ ਕੋਰੋਨਾ ਸੁਰੱਖਿਆ ਬੈਰੀਕੇਡ ਪੱਟੀ ਦੀ ਸ਼ੁਰੂਆਤ ਜਨਤਕ ਜਾਗਰੂਕਤਾ ਦੇ ਉਦੇਸ਼ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਡਾ. ਸ਼ੈਨਾ ਅਗਰਵਾਲ ਅਤੇ ਜ਼ਿਲ੍ਹਾ ਪੁਲਿਸ ਕਪਤਾਨ ਮੈਡਮ ਅਲਕਾ ਮੀਨਾ ਦੇ ਦਫ਼ਤਰ ਨੂੰ ਦੇਣ ਉਪਰੰਤ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੈਨਾ ਅਗਰਵਾਲ ਅਤੇ ਜ਼ਿਲ੍ਹਾ ਪੁਲਿਸ ਕਪਤਾਨ ਮੈਡਮ ਅਲਕਾ ਮੀਨਾ ਨੇ ਸਮਾਜ ਸੇਵਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਮਾਜ ਦੇ ਹਰ ਵਿਅਕਤੀ ਨੂੰ ਕੋਰੋਨਾ ਵਿਰੁੱਧ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਦੁਕਾਨਾਂ ਅਤੇ ਦਫ਼ਤਰਾਂ 'ਤੇ ਅਜਿਹੀਆਂ ਪੱਟੀਆਂ ਦੀ ਵਰਤੋਂ ਕਰਨ ਨਾਲ ਕੋਰੋਨਾ ਵਿਰੁੱਧ ਸੁਰੱਖਿਆ ਜਾਗਰੂਕਤਾ ਨੂੰ ਹੋਰ ਵਧੇਗੀ। ਵਾਤਾਵਰਨ ਪ੍ਰੇਮੀ ਅਸ਼ਵਨੀ ਜੋਸ਼ੀ ਨੇ ਕਿਹਾ ਕਿ ਨਵਾਂਸ਼ਹਿਰ ਵਿਚ ਇਹ ਬੈਰੀਕੇਡ ਪੱਟੀ ਰਾਜੂ ਪ੍ਰਿੰਟਿੰਗ ਪ੍ਰੈੱਸ ਵਿਖੇ ਉਪਲਬਧ ਕਰਵਾਈ ਗਈ ਹੈ। ਸ਼ਹਿਰ ਅਤੇ ਜ਼ਿਲ੍ਹਾ ਵਾਸੀ  ਆਪਣੀ ਜ਼ਰੂਰਤ ਅਨੁਸਾਰ ਇਸ ਕੋਰੋਨਾ ਸੁਰੱਖਿਆ ਬੈਰੀਕੇਡ ਪੱਟੀ ਨੂੰ ਪ੍ਰਾਪਤ ਕਰ ਸਕਦੇ ਹਨ।

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਿਲ ਦੇ ਰੋਗਾਂ ਦੀ ਉ ਪੀ ਡੀ ਸੇਵਾ ਦਾ ਆਰੰਭ

ਹਸਪਤਾਲ ਢਾਹਾਂ ਕਲੇਰਾਂ ਵਿਖੇ ਦਿਲ ਰੋਗਾਂ ਦੇ ਮਾਹਿਰ ਸੁਪਰਸ਼ਪੈਲਿਸਟ
ਡਾ. ਕਰਨਦੀਪ ਸਿੰਘ ਸਿਆਲ  ਡੀ. ਐਮ. (ਕਾਰਡੀਉਲੋਜੀ) ਨੇ ਕੀਤੀ ਮਰੀਜ਼ਾਂ ਦੀ ਜਾਂਚ
ਬੰਗਾ : 24 ਅਪਰੈਲ :- (  ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੁਣ ਦਿਲ ਦੇ ਰੋਗਾਂ ਦੇ ਇਲਾਜ ਲਈ ਹਫਤਾਵਾਰੀ ਉ.ਪੀ.ਡੀ. ਅੱਜ ਤੋਂ ਆਰੰਭ ਹੋ ਗਈ ਹੈ। ਜਿੱਤੇ ਅੱਜ ਦਿਲ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਮਾਹਿਰ ਸੁਪਰਸ਼ਪੈਲਿਸਟ ਡਾਕਟਰ ਕਰਨਦੀਪ ਸਿੰਘ ਸਿਆਲ  ਡੀ. ਐਮ. (ਕਾਰਡੀਉਲੋਜੀ) ਨੇ ਦਿਲ ਦੇ ਮਰੀਜਾਂ ਦਾ ਤਸੱਲੀਬਖਸ਼ ਚੈੱਕਅੱਪ ਕੀਤਾ।  ਡਾ. ਸਿਆਲ ਨੇ ਇਸ ਮੌਕੇ ਮਰੀਜ਼ਾਂ ਨੂੰ ਦਿਲ ਦੀ ਬਿਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਮਰੀਜ਼ਾਂ ਨੂੰ ਤੰਦਰੁਸਤ ਰਹਿਣ ਲਈ ਜਾਗਰੁਕ ਕੀਤਾ।  ਡਾਕਟਰ ਕਰਨਦੀਪ ਸਿੰਘ ਸਿਆਲ  ਡੀ. ਐਮ. ਨੇ ਦੱਸਿਆ ਕਿ ਜੇ ਅਸੀਂ ਕੈਸਟਰੋਲ, ਬੀ. ਪੀ. ਤੇ ਸ਼ੂਗਰ ਨੂੰ ਹਮੇਸ਼ਾਂ ਕੰਟਰੋਲ ਵਿਚ ਰੱਖਦੇ ਹਾਂ ਤਾਂ ਦਿਲ ਦੀ ਬਿਮਾਰੀ/ਹਾਰਟ ਅਟੈਕ ਤੋਂ ਬਚਿਆ ਜਾ  ਸਕਦਾ ਹੈ। ਕਿਸੇ ਵੀ ਪ੍ਰਕਾਰ ਦੇ ਬਜ਼ਾਰੀ ਸਨੈਕ ਜਾਂ ਫਾਸਟ ਫੂਡ ਖਾਣ ਨਾਲ, ਨਸ਼ੇ ਆਦਿ ਕਰਨ ਨਾਲ ਜਾਂ ਦਿਮਾਗੀ ਪ੍ਰੇਸ਼ਾਨੀਆਂ ਨਾਲ ਦਿਲ ਦੀ ਬਿਮਾਰੀ/ਹਾਰਟ ਅਟੈਕ ਹੋਣ ਦੀ ਵੱਧ ਸੰਭਾਵਨਾ ਰਹਿੰਦੀ ਹੈ। ਇਸ ਲਈ ਹਰੇਕ ਮਨੁੱਖ ਨੂੰ ਰੋਜ਼ਾਨਾ ਸਰੀਰਿਕ ਕਸਰਤ, ਸੈਰ ਕਰਨੀ ਚਾਹੀਦੀ ਹੈ ।  ਘਰੇਲੂ ਪੌਸ਼ਟਿਕ ਭੋਜਣ ਹੀ ਖਾਣਾ ਚਾਹੀਦਾ ਹੈ ਅਤੇ ਹਮੇਸ਼ਾਂ ਖੁਸ਼ ਰਹਿਣਾ ਚਾਹੀਦਾ ਹੈ। ਵਰਣਨਯੋਗ ਹੈ ਪਿਛਲੇ ਚਾਰ ਦਹਾਕਿਆਂ ਤੋਂ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਦੇ ਮਾਹਿਰ ਡਾ. ਕਰਨਦੀਪ ਸਿੰਘ ਸਿਆਲ ਡੀ. ਐਮ. ਹਰ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਮਰੀਜ਼ਾਂ ਦੀ ਜਾਂਚ ਕਰਿਆ ਕਰਨਗੇ।  ਡਾ. ਕਰਨਦੀਪ ਸਿੰਘ ਸਿਆਲ ਨੇ ਜੀ.ਐਮ.ਵੀ.ਐਸ. ਕਾਲਜ ਕਾਨਪੁਰ ਤੋਂ ਡੀ ਐਮ (ਕਾਰਡੀਉਲੋਜੀ) ਦੀ ਪੜ੍ਹਾਈ ਕੀਤੀ ਹੋਈ ਹੈ। ਡਾ. ਕਰਨਦੀਪ ਸਿੰਘ ਸਿਆਲ ਦਿਲ ਦੀਆਂ ਬਿਮਾਰੀਆਂ ਦਾ ਵਧੀਆ ਇਲਾਜ ਕਰਨ ਦੇ ਤਜਰਬੇਕਾਰ ਮਾਹਿਰ ਡਾਕਟਰ ਸਾਹਿਬਾਨ ਹਨ ਅਤੇ ਆਪ ਜੀ ਜੀ.ਬੀ.ਪੰਤ ਹਸਪਤਾਲ ਦਿੱਲੀ, ਗਰੇਸ਼ੀਅਨ ਹਸਪਤਾਲ ਮੁਹਾਲੀ, ਐਮਕੇਅਰ ਹਸਪਤਾਲ ਮੁਹਾਲੀ ਅਤੇ ਹੋਰ ਵੱਡੇ ਹਸਪਤਾਲਾਂ ਵਿਚ ਦੇ ਦਿਲ ਦੇ ਵਿਭਾਗਾਂ ਵਿਚ ਮੁੱਖ ਕਾਰਡੀਉਲੋਜਿਸਟ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ।
ਫ਼ੋਟੋ : ਡਾ. ਕਰਨਦੀਪ ਸਿੰਘ ਸਿਆਲ ਡੀ. ਐਮ. (ਕਾਰਡੀਉਲੋਜੀ) ਚੰਡੀਗੜ੍ਹ ਵਾਲੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  ਵਿਖੇ ਉ.ਪੀ.ਡੀ. ਵਿਚ ਮਰੀਜ਼ ਦੀ ਜਾਂਚ ਕਰਨ ਮੌਕੇ

ਸਰਕਾਰੀ ਸਿਹਤ ਸਹੂਲਤਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ : ਡਾ. ਜਸਦੇਵ ਸਿੰਘ

ਡਾ. ਜਸਦੇਵ ਸਿੰਘ ਨੇ ਸਹਾਇਕ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਿਆ
ਨਵਾਂਸ਼ਹਿਰ 23 ਅਪ੍ਰੈਲ 2021 (ਬਿਊਰੋ): ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ ਨੇ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਸਿਵਲ ਸਰਜਨ ਦਫ਼ਤਰ ਦੇ ਸਮੁੱਚੇ ਸਟਾਫ਼਼ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਡਾ. ਜਸਦੇਵ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੇ ਅਹੁਦੇ ਉੱਤੇ ਤਾਇਨਾਤ ਸਨ।  ਡਾ. ਜਸਦੇਵ ਸਿੰਘ ਨੇ 4 ਫਰਵਰੀ 1997 ਵਿਚ ਮੈਡੀਕਲ ਅਫ਼ਸਰ ਦੇ ਤੌਰ ਉੱਤੇ ਕਮਿਊਨਿਟੀ ਸਿਹਤ ਕੇਂਦਰ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿਖੇ ਆਪਣੀ ਸਰਕਾਰੀ ਸੇਵਾ ਦੀ ਸ਼ੁਰੂਆਤ ਕੀਤੀ ਸੀ।  ਉਹ ਈ.ਐੱਸ.ਆਈ. ਡਿਸਪੈਂਸਰੀ ਮਾਛੀਵਾੜਾ ਸਾਹਿਬ ਦੇ ਮੈਡੀਕਲ ਅਫ਼ਸਰ ਇੰਚਾਰਜ ਸਨ ਅਤੇ 16 ਅਪ੍ਰੈਲ ਨੂੰ ਉਨ੍ਹਾਂ ਨੂੰ ਬਤੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੇ ਅਹੁਦੇ ਉੱਤੇ ਪਦ ਉੱਨਤ ਕੀਤਾ ਗਿਆ ਸੀ। ਡਾ. ਜਸਦੇਵ ਸਿੰਘ ਨੇ ਆਪਣਾ ਚਾਰਜ ਸੰਭਾਲਣ ਉਪਰੰਤ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਿਹਤ ਸਹੂਲਤਾਂ ਅਤੇ ਸੇਵਾਵਾਂ ਮੈਡੀਕਲ ਸਟਾਫ ਅਤੇ ਪੈਰਾ ਮੈਡੀਕਲ ਸਟਾਫ ਦੇ ਸਹਿਯੋਗ ਨਾਲ ਆਮ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਉਹ ਵੱਖ-ਵੱਖ ਕੌਮੀ ਤੇ ਸੂਬਾਈ ਸਿਹਤ ਪ੍ਰੋਗਰਾਮਾਂ ਨੂੰ ਜ਼ਿਲ੍ਹੇ ਵਿਚ ਵਧੇਰੇ ਪ੍ਰਭਾਵਸ਼ਾਲੀ ਅਤੇ ਬਿਹਤਰ ਤਰੀਕੇ ਨਾਲ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ਤੱਕ ਸਰਕਾਰੀ ਸਿਹਤ ਸਹੂਲਤਾਂ ਦਾ ਲਾਭ ਪਹੁੰਚਾਉਣ ਨੂੰ ਤਰਜੀਹ ਦੇਣਗੇ।  

ਆਗੂਆਂ ਵੱਲੋਂ ਆੜ੍ਹਤੀ ਹਰਜਿੰਦਰ ਸਿੰਘ ਅਟਵਾਲ ਨੂੰ ਸ਼ਰਧਾਂਜਲੀਆਂ ਭੇਂਟ

ਨਵਾਂਸ਼ਹਿਰ 23 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ):-   ਅੱਜ ਵੱਖ ਵੱਖ ਆਗੂਆਂ ਵੱਲੋਂ ਆੜ੍ਹਤੀ ਹਰਜਿੰਦਰ ਸਿੰਘ(82) ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਮਹਿਰਮਪੁਰ,ਆੜ੍ਹਤੀ ਐਸੋਸੀਏਸ਼ਨ ਦੇ ਆਗੂ ਅਮੋਲਕ ਸਿੰਘ ਬਾਜਵਾ ਅਤੇ ਛਿੰਦਾ ਸਿੰਘ ਅਟਵਾਲ ਨੇ ਕਿਹਾ ਕਿ ਹਰਜਿੰਦਰ ਸਿੰਘ ਨੇਕ ਦਿਲ ਇਨਸਾਨ ਸਨ ਜਿਨ੍ਹਾਂ ਦੇ ਤੁਰ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਵੀ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਆਗੂਆਂ ਨੇ ਕਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਦੇ ਚੱਲ ਰਹੇ ਮੌਜੂਦਾ ਘੋਲ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਅਤੇ ਇਸ ਦੇ ਵਿਚ ਉਨ੍ਹਾਂ ਦੀ ਅਗਵਾਈ ਦੀ ਵੱਡੀ ਲੋੜ ਸੀ। ਇਸ ਮੌਕੇ ਗਿਆਨੀ ਗੁਰਮੇਲ ਸਿੰਘ ਰਾਹੋਂ ਦੇ ਕੀਰਤਨੀ ਜਥੇ ਨੇ ਰਸਭਿੰਨਾ ਕੀਰਤਨ ਕੀਤਾ।
ਕੈਪਸ਼ਨ: ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਆੜ੍ਹਤੀ ਹਰਜਿੰਦਰ ਸਿੰਘ ਅਟਵਾਲ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ।

ਨਿਸ਼ਕਾਮ ਸਮਾਜ ਸੇਵਕ ਵਾਰੀਆ ਭਰਾਵਾਂ ਦਾ ਸੇਵਾ ਰਤਨ ਅਵਾਰਡ ਨਾਲ ਨਿਵਾਜਿਆ


ਨਵਾਂਸ਼ਹਿਰ 23 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ):- ਪੰਜਾਬ ਦੀ ਸਿਰਮੌਰ ਸੰਸਥਾ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ  ਪਿਛਲੇ 20 ਸਾਲਾਂ ਤੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਲੋਕ ਭਲਾਈ ਦੇ ਵੱਡੀ ਪੱਧਰ ਤੇ ਕਾਰਜ ਕਰ ਰਹੀ ਹੈ, ਜਿਨ੍ਹਾਂ ਵਿਚ ਸਿਲਾਈ ਸੈਂਟਰ ਖੋਲ੍ਹਣੇ, ਮੈਡੀਕਲ ਕੈਂਪ ਲਾਉਣੇ, ਟਰਾਈ ਸਾਈਕਲ, ਵੀਲ ਚੇਅਰ, ਸਿਲਾਈ ਮਸ਼ੀਨਾਂ ਅਤੇ ਵਾਤਾਵਰਨ ਨੂੰ ਬਚਾਉਣ ਹਿੱਤ ਵੱਡੀ ਪੱਧਰ ਤੇ ਬੂਟੇ ਲਾਉਣੇ, ਸਮਾਜਕ ਕੁਰੀਤੀਆਂ ਦੇ ਖ਼ਿਲਾਫ਼ ਅਵਾਜ਼ ਉਠਾਉਣੀ, ਕੀਰਤਨ ਸਿਖਾਉਣਾ, ਪਾਰਕਾਂ ਬਣਾਉਣੀਆਂ, ਖ਼ੂਨਦਾਨ ਕੈਂਪ, ਸੈਮੀਨਾਰ  ਅਤੇ ਹੋਰ  ਲੋਕ ਭਲਾਈ ਦੇ ਕਾਰਜ ਕਰਨੇ ਪ੍ਰਮੁੱਖ ਹਨ। ਇਹਨਾਂ ਲੋਕ ਭਲਾਈ ਕਾਰਜਾਂ/ਉੱਦਮਾਂ ਦੇ ਮੋਢੀ ਸਰਦਾਰ ਇੰਦਰਜੀਤ ਸਿੰਘ ਵਾਰੀਆ ਅਤੇ ਸਰਦਾਰ ਤਰਲੋਚਨ ਸਿੰਘ ਵਾਰੀਆ ਭਰਾਵਾਂ ਦਾ ਸੇਵਾ ਰਤਨ ਐਵਾਰਡ ਨਾਲ  ਪਿੰਡ ਪਠਲਾਵਾ ਵਿਖੇ ਬੀਤੇ ਦਿਨੀਂ ਸਮਾਗਮ ਵਿੱਚ ਗ੍ਰਾਮ ਪੰਚਾਇਤ, ਖਾਨਗੀ ਪੰਚਾਇਤ ਪਠਲਾਵਾ ਤੇ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਵੱਲੋਂ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਗੁਰਬਚਨ ਸਿੰਘ, ਗੁਰੂ ਨਾਨਕ ਮਿਸ਼ਨ ਐਂਡ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ, ਸ. ਅਮਰਜੀਤ ਸਿੰਘ ਕਲੇਰਾਂ, ਸ. ਕੁਲਵਿੰਦਰ ਸਿੰਘ ਢਾਹਾਂ,  ਸੰਤ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਐੱਸ ਜੀ ਪੀ ਸੀ,, ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਜਥੇਦਾਰ ਸਵਰਨਜੀਤ ਸਿੰਘ, ਸਰਪੰਚ ਹਰਪਾਲ ਸਿੰਘ ਪਠਲਾਵਾ, ਜਥੇਦਾਰ ਅਵਤਾਰ ਸਿੰਘ ਪਠਲਾਵਾ, ਕੁਲਦੀਪ ਸਿੰਘ ਪਠਲਾਵਾ, ਮਾਸਟਰ ਤਰਲੋਚਨ ਸਿੰਘ, ਮਾਸਟਰ ਤਰਸੇਮ ਪਠਲਾਵਾ, ਸਾਬਕਾ ਸਰਪੰਚ ਜਗਤ ਸਿੰਘ ,ਜਥੇਦਾਰ ਗੁਰਬਖ਼ਸ਼ ਸਿੰਘ ਆਦਿ ਬੁਲਾਰਿਆਂ ਨੇ ਵਾਰੀਆ ਭਰਾਵਾਂ ਵੱਲੋਂ  ਪਿਛਲੇ ਦੋ ਦਹਾਕਿਆਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ ਅਤੇ ਸੇਵਾ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਮੌਕੇ ਹਾਜ਼ਰ ਪਤਵੰਤਿਆਂ ਵਿਚ ਸਾਬਕਾ ਸਰਪੰਚ ਤਰਸੇਮ ਪਠਲਾਵਾ, ਪ੍ਰਧਾਨ ਸੰਦੀਪ ਕੁਮਾਰ ਪੋਸੀ,ਪੰਚ ਸੰਤੋਖ ਸਿੰਘ,ਪੰਚ ਸੁਖਵਿੰਦਰ ਸਿੰਘ, ਚਰਨਜੀਤ ਪੋਸੀ, ਜਗਤਾਰ ਸਿੰਘ ਪੋਸੀ, ਪਰਮਿੰਦਰ ਸਿੰਘ ਰਾਣਾ, ਜੁਗਿੰਦਰ ਸਿੰਘ ਸੂਰਾ ਪੁਰ, ਪਰਮਜੀਤ ਸਿੰਘ ਸੂਰਾ ਪੁਰ,ਪੰਚ ਦਿਲਾਵਰ ਸਿੰਘ,ਪੰਚ ਮਹਿਲਾ ਮਨਜੀਤ ਕੌਰ, ਹਰਪ੍ਰੀਤ ਸਿੰਘ ਪਠਲਾਵਾ, ਹਰਜੀਤ ਸਿੰਘ ਜੀਤਾ, ਹਰਜਿੰਦਰ ਸਿੰਘ ਜਿੰਦਾ, ਲੇਖਕ ਜੀ ਚੰਨੀ, ਹਰਮਨ ਸਿੰਘ, ਆਦਿ ਸ਼ਾਮਿਲ ਸਨ।
ਫ਼ੋਟੋ ਕੈਪਸ਼ਨ:  ਸ. ਇੰਦਰਜੀਤ ਸਿੰਘ ਵਾਰੀਆ ਤੇ ਸ. ਤਰਲੋਚਨ ਸਿੰਘ ਵਾਰੀਆ ਨੂੰ ਸੇਵਾ ਰਤਨ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ

ਜਿਲ੍ਹਾ ਹਸਪਤਾਲ਼ ਨਵਾਂਸ਼ਹਿਰ ਵਿਖੇ ਲਖਵੀਰ ਭੱਟੀ ਨੇ ਕੋਵਿਡ-19 ਵੈਕਸੀਨ ਦਾ ਲਗਵਾਇਆ ਟੀਕਾ

ਕੋਵਿਡ ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ:  ਡਾ. ਹਰਤੇਸ਼ ਸਿੰਘ ਪਾਹਵਾ

ਨਵਾਂਸ਼ਹਿਰ 23 ਅਪਰੈਲ (ਵਿਸ਼ੇਸ਼ ਪ੍ਰਤੀਨਿਧੀ) -  ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਦੀਪ ਕਮਲ ਜੀ ਦੀਆ ਹਦਾਇਤਾਂ ਅਨੁਸਾਰ ਅਤੇ ਡਾਕਟਰ ਹਰਤੇਸ਼ ਸਿੰਘ ਪਾਹਵਾ ਅਤੇ ਡਾਕਟਰ ਇੰਦੂ ਕਟਾਰੀਆ, ਡਾਕਟਰ ਵਿਜੈ ਕੁਮਾਰ ਦੀ ਅਗਵਾਈ ਵਿੱਚ ਜਿਲ੍ਹਾ ਹਸਪਤਾਲ਼ ਨਵਾਂਸ਼ਹਿਰ, ਯੂ ਪੀ ਐਚ ਸੀ ਨਵਾਂਸ਼ਹਿਰ, ਈ ਸੀ ਐਚ ਐਸ ਪੋਲੀ ਕਲੀਨਿਕ ਨਵਾਂਸ਼ਹਿਰ ਵਿਖੇ ਕੋਵਿਡ ਟੀਕਾਕਰਣ ਤਹਿਤ ਲਖਵੀਰ ਭੱਟੀ ਅਤੇ ਬਲਦੇਵ ਰਾਜ ਤੇ ਕਮਲੇਸ਼ ਰਾਣੀ ਅਤੇ ਹੋਰ ਵਿਅਕਤੀਆਂ  ਨੇ ਕੋਰੋਨਾ-19 ਵੈਕਸੀਨ ਪ੍ਰਤੀ ਲੋਕਾਂ ਦੇ ਮਨਾਂ ਵਿਚੋਂ ਅਫਵਾਹਾਂ ਨੂੰ ਦੂਰ ਕਰਨ ਲਈ ਅੱਜ ਉਪਰੋਕਤ ਥਾਵਾਂ ਵਿਖੇ ਪਹੁੰਚ ਕੇ ਖੁਦ ਕੋਵਿਡ-19 ਦਾ  ਟੀਕਾ ਲਗਵਾਇਆ। ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਦੀਪ ਕਮਲ ਨੇ ਕਿਹਾ ਕਿ 1 ਅਪ੍ਰੈਲ 2021 ਤੋਂ 45 ਸਾਲ ਤੋ ਉਪਰ ਦੇ ਵਿਅਕਤੀਆਂ ਨੂੰ ਵੀ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ ਉਹ ਆਪਣੇ ਨਾਲ ਅਧਾਰ ਕਾਰਡ ਜਰੂਰ ਲਿਉਣ ਤਾਂ ਜੋਂ ਉਨ੍ਹਾਂ ਦੀ ਉਮਰ ਦੇਖੀ ਜਾ ਸਕੇ । ਇਸ ਮੌਕੇ ਨੋਡਲ ਅਫ਼ਸਰ ਅਤੇ ਬੱਚਿਆਂ ਦੇ ਮਾਹਿਰ ਡਾਕਟਰ ਹਰਤੇਸ਼‍ ਸਿੰਘ ਪਾਹਵਾ ਅਤੇ ਤਰਸੇਮ ਲਾਲ ਬਲਾਕ ਐਕਸਟੇਂਸ਼ਨ ਐਜੂਕੇਟਰ ਨੇ ਦੱਸਿਆ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਉਨ੍ਹਾਂ ਕਿਹਾ ਕਿ  ਅਸੀ ਵੀ ਖੁਦ ਟੀਕਾ ਲਗਵਾਇਆ ਹੈ। ਲੋਕਾਂ ਨੂੰ ਟੀਕਾਕਰਨ ਸਬੰਧੀ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਸ਼ਹੀਦ ਭਗਤ ਸਿੰਘ ਨਗਰ ਵਿਚ ਹੈਲਥ ਕੇਅਰ ਵਰਕਰਾਂ ਨੂੰ ਅਤੇ ਬਜੁਰਗਾ ਨੂੰ ਹੁਣ ਤੱਕ  ਕਾਫੀ ਟੀਕੇ ਲਗਾਏ ਜਾ ਚੁੱਕੇ ਹਨ ਅਤੇ ਕਿਸੇ ਦੀ ਸਿਹਤ ਉੱਤੇ ਕੋਈ ਬੁਰਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਕੋਵਿਡ-19 ਵੈਕਸੀਨ ਪ੍ਰਤੀ ਅਫਵਾਹਾਂ ਫੈਲ ਰਹੀਆਂ ਸਨ ਕਿ ਇਹ ਵੈਕਸੀਨ ਪਹਿਲੀ ਵਾਰ ਲਗਾਈ ਜਾ ਰਹੀ ਹੈ। ਅਸੀਂ ਵੀ ਅਜਿਹੀਆਂ ਅਫਵਾਹਾਂ ਬਾਰੇ ਪੜ੍ਹਿਆ ਹੈ ਪਰ ਅਸੀਂ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਅੱਜ ਉਪਰੋਕਤ ਥਾਵਾਂ ਤੇ ਲਖਵੀਰ ਭੱਟੀ, ਬਲਦੇਵ ਰਾਜ, ਬੀਬੀ ਕਮਲੇਸ਼ ਰਾਣੀ, ਬਿਮਲਾ ਦੇਵੀ, ਜਗਦੀਸ਼ ਕੌਰ, ਰੀਟਾ, ਅਸ਼ੋਕ ਕੁਮਾਰ ਅਤੇ ਹੋਰ ਨਗਰ ਨਿਵਾਸੀਆਂ ਵੱਲੋ ਟੀਕਾਕਰਣ ਕਰਵਾਇਆ ਗਿਆ। ਇਸ ਮੌਕੇ ਉਪਰੋਕਤ ਥਾਵਾਂ ਦੇ ਇੰਚਾਰਜ ਸਾਹਿਬਾਨ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ ਅਤੇ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਵਿਖੇ ਸੈਲਫੀ ਸਟੈਂਡ ਤੇ ਆਪਣੀ ਫੋਟੋ ਖਿੱਚਣ ਲਈ ਲੋਕਾ ਵਿਚ  ਬਹੁਤ ਦਿਲਚਸਪੀ ਦਿਖਾਈ ਦਿੱਤੀ ਗਈ। ਇਸ ਮੌਕੇ ਡਾਕਟਰ ਵਿਜੈ ਕੁਮਾਰ, ਡਾਕਟਰ ਰੀਨਾ ਚੋਪੜਾ, ਡਾਕਟਰ ਸੋਨੀਆ, ਬਲਵਿੰਦਰ ਕੌਰ ਪਿਆਰੀ, ਸਟਾਫ  ਸੋਨੀਆ, ਰਿੰਪੀ ਸਹੋਤਾ ਮਨਪ੍ਰੀਤ ਕੌਰ,ਜੋਤੀ ਸ਼ਰਮਾ,  ਮਨਜੀਤ ਕੌਰ, ਏ ਐਨ ਐਮ, ਜੋਤੀ ਨਿਗਾਹ, ਜਸਪ੍ਰੀਤ ਕੌਰ ਸਟਾਫ   ਰਾਜੇਸ਼ ਕੁਮਾਰ, ਅਨੂਪ ਸਿੰਘ,  ਸਵੇਦੀਪ ਸਿੰਘ ਵੀ ਹਾਜ਼ਰ ਸਨ।

ਸਿੱਖਿਆ ਹਰ ਬੱਚੇ ਤੱਕ ਪਹੁੰਚਾਉਣਾ ਸਾਡਾ ਮੁੱਖ ਮੰਤਵ- ਅਮਰੀਕ ਸਿੰਘ ਉੱਪ ਜਿਲ੍ਹਾ ਸਿੱਖਿਆ ਅਫ਼ਸਰ(ਸੈ ਸਿ)

ਕੈਪਸ਼ਨ:- ਦਾਖਲਾ ਰੈਲੀ ਨੂੰ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਉੱਪ ਜਿਲ੍ਹਾ ਸਿੱਖਿਆ ਅਫ਼ਸਰ(ਸੈ ਸਿ) ਝੰਡੀ ਦੇ ਕੇ ਰਵਾਨਾ ਕਰਦੇ ਹੋਏ
ਨਵਾਂਸ਼ਹਿਰ 23 ਅਪਰੈਲ (ਵਿਸ਼ੇਸ਼ ਪ੍ਰਤੀਨਿਧੀ) ਪੰਜਾਬ  ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿੱਚ ਸ਼ੈਸ਼ਨ 2021-22 ਲਈ ਸ਼ੁਰੂ ਕੀਤੀ ਦਾਖ਼ਲਾ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਸਰਕਾਰੀ ਹਾਈ ਸਮਾਰਟ ਸਕੂਲ ਕੋਟ ਰਾਂਝਾ ਤੋਂ ਅਮਰੀਕ ਸਿੰਘ ਉੱਪ ਜਿਲ੍ਹਾ ਸਿੱਖਿਆ ਅਫ਼ਸਰ(ਸੈ ਸਿ)ਅਤੇ ਪਾਲਾ ਰਾਮ ਨੇ ਸਾਂਝੇ ਤੌਰ ਤੇ  ਹਰੀ ਝੰਡੀ ਦੇਕੇ ਰਵਾਨਾ ਕੀਤਾ। ਉਨ੍ਹਾਂ ਇਸ ਮੌਕੇ  ਆਖਿਆ ਕਿ ਸਿੱਖਿਆ ਨੂੰ ਘਰ-ਘਰ ਤੱਕ ਪਹੁੰਚਾਉਣਾ ਸਾਡਾ ਸਾਰਿਆਂ ਦਾ ਮੁੱਖ ਮੰਤਵ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਸਿਖਰ ਤੇ ਪਹੁੰਚਾਉਣ ਲਈ ਸਰਕਾਰੀ ਸਕੂਲਾਂ ਦੇ ਅਧਿਆਪਕ ਅੱਜ ਬਹੁਤ ਹੀ ਮਿਹਨਤ ਕਰ ਰਹੇ ਹਨ। ਅਧਿਆਪਕਾਂ ਵਲੋਂ ਬੱਚਿਆਂ ਦੀਆਂ ਸਕੂਲ ਬੰਦ ਹੋਣ ਦੇ ਬਾਵਜੂਦ ਵੀ ਆਨ ਲਾਈਨ ਜਮਾਤਾਂ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਕੂਲਾਂ ਵਿੱਚ ਸਮਾਰਟ ਕਲਾਸ ਰੂਮਜ਼, ਸਾਇੰਸ ਲੈਬਜ਼ ਤੋ ਬਿਨ੍ਹਾ ਵਿਸ਼ਾ ਲੈਬਜ਼ ਵੀ ਸਥਾਪਿਤ ਕੀਤੀਆਂ ਗਈਆ ਹਨ।ਸਰਕਾਰੀ ਸਕੂਲਾਂ ਵਿੱਚ ਲਿੰਸਨਿੰਗ ਲੈਬਜ਼ ਵੀ ਸਥਾਪਿਤ ਕੀਤੀਆਂ ਜਾ ਰਹੀਆਂ ਹਨ,ਜੋ ਕਿ ਪੰਜਾਬ ਦੀ ਸਕੂਲ ਸਿੱਖਿਆ ਵਿਭਾਗ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਸਕੂਲਾਂ ਇੰਨਸਿੰਨਰੈਂਟਰ ਮਸ਼ੀਨਾਂ ਮਹੁੱਈਆ ਕਰਵਾਈਆ ਜਾ ਰਹੀਆਂ ਹਨ,ਤਾਂ ਕਿ ਲੜਕੀਆਂ ਨੂੰ ਸਿਹਤ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਇਸ ਤੋਂ ਇਲਾਵਾ ਸਰਕਾਰ ਵਲੋਂ ਸਕੂਲਾਂ ਦੀ ਦਿੱਖ ਸੁਧਾਰਨ ਹਿੱਤ ਬਹੁਤ ਸਾਰੀਆਂ ਗ੍ਰਾਂਟਾ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਅੱਜ ਬਹੁ ਗਿਣਤੀ ਸਰਕਾਰੀ ਅਧਿਆਪਕ ਵੀ ਆਪਣੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਵਾ ਰਹੇ ਹਨ।ਸਾਰੇ ਸਕੂਲਾਂ ਵਿੱਚ ਇੰਗਲਿਸ਼ ਮੀਡੀਅਮ ਸ਼ੁਰੂ ਹੋ ਚੁੱਕਿਆ ਹੈ। ਇਸ ਲਈ ਸਾਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਵਾਕੇ ਸਰਕਾਰੀ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਬੋਲਦਿਆਂ ਲਖਵੀਰ ਸਿੰਘ ਹੈੱਡਮਾਸਟਰ ਸਰਕਾਰੀ ਸਮਾਰਟ ਸਕੂਲ ਕੋਟ ਰਾਂਝਾ ਨੇ ਕਿਹਾ ਕਿ ਸਾਡੇ ਸਕੂਲ ਵਿੱਚ ਲੜਕੀਆਂ ਨੂੰ ਮੁਫ਼ਤ ਪੜ੍ਹਾਈ ਦੇ ਨਾਲ-ਨਾਲ ਵਰਦੀਆਂ,ਕਿਤਾਬਾਂ,ਵਜੀਫੇ਼ ਅਤੇ ਸਮੇ-ਸਮੇ ਸਿਰ ਸਿਹਤ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਅੱਜ ਇਹ ਦਾਖਲਾ ਰੈਲੀ ਪਿੰਡ ਕੋਟ ਰਾਂਝਾ ਤੋਂ ਹੁੰਦੀ ਹੋਈ ਮਜਾਰਾ ਕਲਾਂ, ਸੋਇਤਾ, ਸਹਾਬਪੁਰ, ਕਰੀਮਪੁਰ, ਜੇਠੂ ਮਜਾਰਾ, ਪੁੰਨੂ ਮਜਾਰਾ, ਗੋਰਖਪੁਰ, ਗੋਹਲੜੋ ਤੋਂ ਹੁੰਦੀ ਹੋਈ ਸਜਾਵਲਪੁਰ ਵਿੱਚ ਸਮਾਪਿਤ ਹੋਈ। ਇਸ ਮੌਕੇ ਉਨ੍ਹਾ ਦੇ ਨਾਲ ਹੋਰਨਾਂ ਤੋਂ ਗੁਰਦਿਆਲ ਮਾਨ ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ, ਵਰਿੰਦਰ ਬੰਗਾ, ਦਿਲਪ੍ਰੀਤ ਕੌਰ ਚੇਅਰਮੈਨ ਐਸ ਐਮ ਸੀ, ਪਾਲਾ ਰਾਮ, ਰਘਬੀਰ ਸਿੰਘ, ਦਾਨੀ ਸੱਜਣ ਗੁਰਨਾਮ ਦਾਸ, ਸੁਖਵਿੰਦਰ ਲਾਲ, ਸੁਰਜੀਤ ਪਾਲ, ਕਪਿਲ ਦੁੱਗਲ, ਪਰਮਜੀਤ ਕੌਰ, ਅਸ਼ਵਨੀ ਮੁਰਗਈ ਅਤੇ ਸਮੂਹ ਸਟਾਫ ਹਾਜ਼ਰ ਸੀ

ਖਰੀਦੀ ਕਣਕ ਦੀ 61 ਫ਼ੀਸਦੀ ਲਿਫਟਿੰਗ ਹੋਈ-ਡਿਪਟੀ ਕਮਿਸ਼ਨਰ

'ਮੁੱਖ ਮੰਤਰੀ ਖ਼ੁਦ ਕਰ ਰਹੇ ਹਨ ਕਣਕ ਦੀ ਖਰੀਦ ਪ੍ਰਕ੍ਰਿਆ ਦੀ ਨਿਗਰਾਨੀ'
ਪਟਿਆਲਾ, 22 ਅਪ੍ਰੈਲ :- 'ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਿਸਾਨਾਂ ਵੱਲੋਂ ਵੇਚਣ ਲਈ ਲਿਆਂਦੀ ਗਈ ਕਣਕ ਦੀ ਖਰੀਦ ਏਜੰਸੀਆਂ ਵੱਲੋਂ ਖਰੀਦ ਕਰਨ ਮਗਰੋਂ ਉਸ ਦੇ ਉਚਿਤ ਭੰਡਾਰਨ ਲਈ ਮੰਡੀਆਂ 'ਚੋਂ ਜਿਣਸ ਦੀ ਢੋਆ-ਢੁਆਈ ਦਾ ਕਾਰਜ ਵੀ ਤੇਜੀ ਨਾਲ ਚੱਲ ਰਿਹਾ ਹੈ।' ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੰਡੀਆਂ 'ਚ ਕਣਕ ਦੀ ਹੁਣ ਤੱਕ ਹੋਈ ਆਮਦ 'ਚੋਂ 96 ਫ਼ੀਸਦੀ ਖਰੀਦ ਕਰ ਲਈ ਗਈ ਹੈ ਅਤੇ ਇਸ 'ਚੋਂ ਲਿਫਟਿੰਗ ਦਾ ਕੰਮ ਵੀ 61 ਫ਼ੀਸਦੀ ਨਿਬੜ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਰੋਜ਼ਾਨਾ ਕਰੀਬ 45 ਹਜ਼ਾਰ ਮੀਟਰਿਕ ਟਨ ਕਣਕ ਦੀ ਲਿਫਟਿੰਗ ਹੋ ਰਹੀ ਹੈ ਅਤੇ ਆਉਣ ਵਾਲੇ ਤਿੰਨ-ਚਾਰ ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਬਿਲਕੁਲ ਖਾਲੀ ਮਿਲਣਗੀਆਂ, ਕਿਉਂਕਿ ਜ਼ਿਲ੍ਹੇ 'ਚ ਕਣਕ ਦੀ ਫ਼ਸਲ ਦੀ ਲਗਪਗ 85 ਫ਼ੀਸਦੀ ਤੋਂ ਜ਼ਿਆਦਾ ਕਟਾਈ ਹੋਣ ਕਰਕੇ ਸੰਭਾਵਤ ਆਮਦ ਵਿਚੋਂ ਬਹੁਤੀ ਕਣਕ ਮੰਡੀਆਂ 'ਚ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਢੋਆ-ਢੋਆਈ ਲਈ ਇੰਤਜਾਮ ਵੀ ਪੁਖ਼ਤਾ ਹਨ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਕੁਝ ਮੰਡੀਆਂ 'ਚ ਖਰੀਦ ਅਤੇ ਲਿਫਟਿੰਗ ਦੀ ਪ੍ਰਕ੍ਰਿਆ ਤਾਂ ਮੁਕੰਮਲ ਹੋ ਵੀ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 342.28 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁਕੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ, ਆੜਤੀਆਂ ਤੇ ਖਰੀਦ ਏਜੰਸੀਆਂ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਹ ਇਸ ਸੀਜਨ ਦੌਰਾਨ ਚੁਣੌਤੀਆਂ ਦੇ ਬਾਵਜੂਦ ਪ੍ਰਸ਼ਾਸਨ ਦਾ ਬੇਹੱਦ ਸਾਥ ਤੇ ਸਹਿਯੋਗ ਦੇ ਰਹੇ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਕਣਕ ਦੀ ਸਮੁੱਚੀ ਖਰੀਦ ਪ੍ਰਕ੍ਰਿਆ 'ਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਨਿਗਰਾਨੀ ਰੱਖ ਰਹੇ ਹਨ। ਜਦਕਿ ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਗੱਲੋਂ ਵਚਨਬੱਧਤਾ ਪੂਰੀ ਤਰ੍ਹਾਂ ਪੁਗਾ ਰਿਹਾ ਹੈ ਕਿ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ਵਿਖੇ ਆਪਣੀ ਜਿਣਸ ਵੇਚਣ ਲਈ ਲੈ ਕੇ ਆਉਂਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ।
ਫੋਟੋ ਕੈਪਸ਼ਨ- ਪਟਿਆਲਾ ਦੀ ਅਨਾਜ ਮੰਡੀ 'ਚੋਂ ਲਿਫਟਿੰਗ ਲਈ ਬੋਰੀਆਂ ਟਰੱਕ 'ਚ ਲੱਦਦੇ ਹੋਏ ਕਾਮੇ।

ਸਿਹਤ ਸੰਸਥਾਵਾਂ ਨੂੰ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਈਜਾਵੇਗੀ ਆਕਸੀਜਨ-ਸੋਨੀ

ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਿਤ ਲਗਾਇਆ ਮੈਡੀਕਲ ਕੈਪ
ਅੰਮ੍ਰਿਤਸਰ 22 ਅਪੈ੍ਰਲ:- ਜ਼ਿਲੇ  ਅੰਮ੍ਰਿਤਸਰ ਵਿਚ ਆਕਸੀਜਨ ਦੀ ਕੋਈ ਕਮੀ ਨਹੀ ਹੈ ਅਤੇ ਸਿਹਤ ਸੰਸਥਵਾਂ ਨੂੰ ਪਹਿਲ ਦੇ ਆਧਾਰ ਤੇ ਆਕਸੀਜਨ ਮੁਹੱਈਆ ਕਰਵਾਈ ਜਾ ਰਹੀ ਹੈ। ਲੋਕਾਂ ਨੂੰ ਘਬਰਾਹਟ ਵਿਚ ਆਉਣ ਦੀ ਕੋਈ ਲੋੜ ਨਹੀ, ਜ਼ਿਲਾ ਪ੍ਰਸ਼ਾਸਨ ਵਲੋ ਕਰੋਨਾ ਦੀ ਦੂਜੀ ਲਹਿਰ ਨਾਲ ਨਿਪਟਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਵਾਰਡ ਨੰ: 61 ਦੇ ਅਧੀਨ ਪੈਦੇ ਇਲਾਕੇ ਨਮਕ ਮੰਡੀ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਸੁਸਾਇਟੀ ਵਲੋ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਿਤ ਮੈਡੀਕਲ ਕੈਪ ਦਾ ਉਦਘਾਟਨ ਕਰਨ ਉਪਰੰਤ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਜ਼ਿਲਾ੍ਹ ਪ੍ਰਸ਼ਾਸਨ ਵਲੋ ਪਹਿਲਾਂ ਹੀ ਅਕਾਸੀਜਨ ਸਪਲਾਈ ਕਰਨ ਵਾਲੇ ਸਮੂਹ ਵੈਂਡਰਜ਼ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਆਕਸੀਜਨ ਸਿਲੰਡਰਾਂ ਦੀ ਵਰਤੋ ਉਦਯੋਗਿਕ ਕੰਮਾਂ ਲਈ ਨਾ ਕੀਤੀ ਜਾਵੇ ਤੇ ਕੋਵਿਡ ਹਸਪਤਾਲਾਂ ਨੂੰ ਆਕਸੀਜਨ ਸਪਲਾਈ ਲਈ ਪਹਿਲ ਦਿੱਤੀ ਜਾਵੇ।   ਸ੍ਰੀ ਸੋਨੀ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਤੇਜੀ ਨਾਲ ਕੋਵਿਡ-19 ਦੇ ਕੇਸ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਸਿਹਤ ਵਿਭਾਗ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰੀਏ । ਸ੍ਰੀ ਸੋਨੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 45 ਸਾਲ ਤੋਂ ਵਧੇਰੇ ਉਮਰ ਵਾਲੇ ਸਾਰੇ ਵਿਅਕਤੀਆਂ ਨੂੰ ਕਰੋਨਾ ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ  ਕਿ ਇਹ ਵੈਕਸੀਨ ਪੂਰੀ ਤਰ੍ਹਾ ਸੁਰੱਖਿਅਤ ਹੈ ਅਤੇ ਇਸ ਦਾ ਮਾੜਾ ਪ੍ਰਭਾਵ ਅਜੇ ਤੱਕ ਸਾਹਮਣੇ ਨਹੀਂ ਆਇਆ। ਸ੍ਰੀ ਸੋਨੀ ਨੇ ਕਿਹਾ ਕਿ ਅਸੀਂ ਸਾਰੇ ਮਾਸਕ ਦੀ ਵਰਤੋਂ ਕਰਕੇ 85 ਫੀਸਦੀ ਤੋਂ ਜਿਆਦਾ  ਕਰੋਨਾ ਮਹਾਂਮਾਰੀ ਤੋਂ ਬਚ ਸਕਦੇ ਹਾਂ। ਉਨ੍ਹ੍ਰਾਂ ਕਿਹਾ ਕਿ ਜੇਕਰ ਅਸੀਂ ਕਰੋਨਾ ਦੀ ਦੂਜੀ ਲਹਿਰ ਨੂੰ ਵੀ ਠੱਲ ਪਾਉਣੀ ਹੈ ਤਾਂ ਸਾਨੂੰ ਸਭ ਨੂੰ ਅੱਗੇ ਆ ਕੇ ਸਿਹਤ ਵਿਭਾਗ ਦੁਆਰਾ ਦਿੱਤੀਆਂ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਪਵੇਗਾ।  ਇਸ ਮੌਕੇ ਸ੍ਰੀ ਸੋਨੀ ਨੇ ਧੰਨ ਧੰਨ ਬਾਬਾ ਦੀਪ ਸਿੰਘ ਸੁਸਾਇਟੀ ਵੱਲੋਂ ਲਗਾੲੈ ਗਏ ਮੈਡੀਕਲ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੁਸਾਇਟੀ ਵੱਲੋਂ ਪਹਿਲਾਂ ਵੀ ਵੱਖ ਵੱਖ ਥ੍ਰਾਂਵਾਂ ਤੇ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕੀਤੀ ਜਾਂਦੀ  ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਵੀ ਇਸ ਸੁਸਾਇਟੀ ਨੂੰ 1.5 ਲੱਖ ਰੁਪੲੈ ਦਿੱਤੇ ਗਏ ਹਨ ਅਤੇ ਜੇਕਰ ਸੁਸਾਇਟੀ ਨੂੰ ਹੋਰ ਫੰਡਜ਼ ਦੀ ਲੋੜ ਹੋਈ ਤਾਂ ਉਹ ਵੀ ਮੁਹੱਈਆ ਕਰਵਾਏ ਜਾਣਗੇ। ਸ੍ਰੀ ਸੋਨੀ ਨੇ ਕਿਹਾ ਕਿ ਮਹਿੰਗਾਈ ਦੇ ਯੁਗ ਵਿੱਚ ਇਸ ਤਰ੍ਹਾਂ ਦੀਆਂ ਸੁਸਾਇਟੀਆਂ ਵੱਲੋਂ ਮਾਨਵਤਾ ਦੀ ਭਲਾਈ ਲਈ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਵੱਲੋਂ ਸ੍ਰੀ ਸੋਨੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਫੋਟੋ ਦੇ ਕੇ ਸਨਮਾਨਤ ਵੀ ਕੀਤਾ ਗਿਆ।    ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਸ੍ਰੀ ਗੁਰਦੇਵ ਸਿੰਘ ਦਾਰਾ, ਸ੍ਰੀ ਪਰਮਜੀਤ ਸਿੰਘ ਚੋਪੜਾ, ਸ੍ਰੀ ਵਿੱਤੀ ਦੱਤਾ, ਸ੍ਰੀ ਸੰਨੀ ਕੁੰਦਰਾ, ਸ੍ਰੀ ਗੌਰੀ ਸੰਕਰ, ਕਪਿਲ ਮਹਾਜਨ ਅਤੇ ਸੁਸਾਇਟਂ ਦੇ ਮੈਂਬਰ ਹਾਜ਼ਰ ਸਨ।
ਕੈਪਸ਼ਨ :- ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਧੰਨ ਧੰਨ ਬਾਬਾ ਦੀਪ ਸਿੰਘ ਸੁਸਾਇਟੀ ਵੱਲੋਂ ਲਗਾਏ ਮੈਡੀਕਲ ਕੈਂਪ ਦਾ ਨਰੀਖਣ ਕਰਦੇ ਹੋਏ। ਨਾਲ ਨਜਰ ਆ ਰਹੇ ਹਨ ਕੌਂਸਲਰ ਵਿਕਾਸ ਸੋਨੀ, ਗੁਰਦੇਵ ਸਿੰਘ ਦਾਰਾ,
ਧੰਨ ਧੰਨ ਬਾਬਾ ਦੀਪ ਸਿੰਘ ਸੁਸਾਇਟੀ  ਦੇ ਮੈਂਬਰ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੂੰ ਸਨਮਾਨਤ ਕਰਦੇ ਹੋਏ।

ਕੋਵਿਡ ਸਬੰਧੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ਼ 14 ਪਰਚੇ ਦਰਜ

ਬਿਨਾਂ ਮਾਸਕ ਵਾਲੇ 643 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ-89 ਦੇ ਕੱਟੇ ਚਲਾਨ
ਨਵਾਂਸ਼ਹਿਰ, 22 ਅਪ੍ਰੈਲ:- ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਪੁਲਿਸ ਵੱਲੋਂ ਕੋਵਿਡ ਸਬੰਧੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਅੱਜ 14 ਪਰਚੇ ਦਰਜ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਨਵਾਂਸ਼ਹਿਰ ਵਿਖੇ 3, ਸਦਰ ਨਵਾਂਸ਼ਹਿਰ ਵਿਖੇ 1, ਰਾਹੋਂ ਵਿਖੇ 2, ਸਿਟੀ ਬੰਗਾ ਵਿਖੇ 1, ਮੁਕੰਦਪੁਰ ਵਿਖੇ 1, ਬਹਿਰਾਮ ਵਿਖੇ 1, ਕਾਠਗੜ ਵਿਖੇ 2, ਸਦਰ ਬਲਾਚੌਰ ਵਿਖੇ 1 ਅਤੇ ਪੋਜੇਵਾਲ ਵਿਖੇ 2 ਪਰਚੇ ਦਰਜ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਸੇ ਤਰਾਂ ਅੱਜ ਜ਼ਿਲੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ 'ਤੇ ਬਿਨਾਂ ਮਾਸਕ ਘੁੰਮਣ ਵਾਲੇ 643 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ ਬਿਨਾਂ ਮਾਸਕ ਘੁੰਮ ਰਹੇ 89 ਵਿਅਕਤੀਆਂ ਦੇ ਚਲਾਨ ਵੀ ਕੱਟੇ ਗਏ।  ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਨਾ ਵਰਤਣ ਅਤੇ ਇਸ ਭਿਆਨਕ ਬਿਮਾਰੀ ਨੂੰ ਹਲਕੇ ਵਿਚ ਨਾ ਲੈਣ ਅਤੇ ਨਜ਼ਦੀਕੀ ਸਰਕਾਰੀ ਹਸਪਤਾਲ ਤੋਂ ਕੋਰੋਨਾ ਦੀ ਰੋਕਥਾਮ ਲਈ ਟੀਕਾ ਜ਼ਰੂਰ ਲਗਵਾਉਣ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਪਿੰਡਾਂ ਵਿਚ ਅਨਾਊਂਸਮੈਂਟ ਕਰਵਾਉਣ ਤੋਂ ਇਲਾਵਾ ਸਾਂਝ ਕੇਂਦਰ ਦੀ ਮੀਡੀਆ ਵੈਨ ਰਾਹੀਂ ਏ. ਐਸ. ਆਈ ਹੁਸਨ ਲਾਲ  ਨੇ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਹਰ ਸਮੇਂ ਮਾਸਕ ਪਹਿਨਣ, ਆਪਸੀ ਦੂਰੀ ਬਣਾਈ ਰੱਖਣ ਅਤੇ ਕੋਵਿਡ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ, ਤਾਂ ਜੋ ਜ਼ਿਲੇ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ। 
ਕੈਪਸ਼ਨ : - ਬੰਗਾ ਵਿਖੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਏ. ਐਸ. ਆਈ ਹੁਸਨ ਲਾਲ। 

ਮੋਹਿੰਦਰ ਪਾਲ ਨੇ ਨਗਰ ਕੌਂਸਲ ਰਾਹੋਂ ਦੇ ਐਕਟਿੰਗ ਪ੍ਰਧਾਨ ਵਜੋਂ ਚਾਰਜ ਸੰਭਾਲਿਆ

ਰਾਹੋਂ/ਨਵਾਂਸ਼ਹਿਰ, 22 ਅਪ੍ਰੈਲ :- ਨਗਰ ਕੌਂਸਲ ਰਾਹੋਂ ਦੇ ਮੀਤ ਪ੍ਰਧਾਨ ਮਾਸਟਰ ਮੋਹਿੰਦਰ ਪਾਲ ਨੇ ਅੱਜ ਵਿਧਾਇਕ ਅੰਗਦ ਸਿੰਘ ਦੀ ਮੌਜੂਦਗੀ ਵਿਚ ਨਗਰ ਕੌਂਸਲ ਰਾਹੋਂ ਦੇ ਐਕਟਿੰਗ ਪ੍ਰਧਾਨ ਵਜੋਂ ਚਾਰਜ ਸੰਭਾਲਿਆ। ਉਹ ਨਵੇਂ ਚੁਣੇ ਗਏ ਪ੍ਰਧਾਨ ਅਮਰਜੀਤ ਸਿੰਘ ਦੇ ਰਸਮੀ ਤੌਰ 'ਤੇ ਅਹੁਦਾ ਸੰਭਾਲਣ ਤੱਕ ਇਹ ਜਿੰਮੇਵਾਰੀ ਨਿਭਾਉਣਗੇ। ਇਸ ਸਬੰਧੀ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਹੋਏ ਸਮਾਗਮ ਮੌਕੇ ਵਿਧਾਇਕ ਅੰਗਦ ਸਿੰਘ ਨੇ ਸਮੂਹ ਕੌਂਸਲਰਾਂ ਨੂੰ ਇਕ ਟੀਮ ਦੀ ਤਰਾਂ ਰਾਹੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਮਿਹਨਤ ਤੇ ਲਗਨ ਨਾਲ ਕੰਮ ਕਰਨ ਦੀ ਤਾਕੀਦ ਕੀਤੀ। ਉਨਾਂ ਕਿਹਾ ਕਿ ਉਨਾਂ ਨੂੰ ਪੂਰੀ ਉਮੀਦ ਹੈ ਕਿ ਸਮੂਹ ਕੌਂਸਲਰ, ਧੜੇ ਅਤੇ ਪਾਰਟੀ ਆਦਿ ਤੋਂ ਉੱਪਰ ਉੱਠ ਕੇ ਕੇਵਲ ਸ਼ਹਿਰ ਦੀ ਤਰੱਕੀ ਅਤੇ ਨਗਰ ਵਾਸੀਆਂ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨਗੇ। ਇਸ ਮੌਕੇ ਹਾਜ਼ਰ ਕੌਂਸਲਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਰਾਹੋਂ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ ਅਤੇ ਸ਼ਹਿਰ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਹਰੇਕ ਕਾਰਜ ਵਿਚ ਆਪਣਾ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਾਜੀਵ ਸਰੀਨ, ਕੌਂਸਲਰ ਮਨਦੀਪ ਕੌਰ, ਮਨਜੀਤ ਕੌਰ, ਦਵਿੰਦਰ ਕੁਮਾਰ, ਧਰਮਪਾਲ ਬੰਗੜ, ਹਰਸ਼ ਜੋਸ਼ੀ, ਗੁਰਮੇਲ ਰਾਮ, ਮੁਕੇਸ਼ ਚੋਪੜਾ (ਬੌਬੀ), ਮਾਸਟਰ ਬੂਟਾ ਰਾਮ, ਗੁਰਦੇਵ ਕੌਰ, ਤਜਿੰਦਰ ਕੌਰ ਸੋਇਤਾ, ਬਿਮਲਾ ਦੇਵੀ, ਸਰੂਪ ਬਡਵਾਲ ਅਤੇ ਅਜੇ ਕੁਮਾਰ ਹਾਜ਼ਰ ਸਨ। 
ਕੈਪਸ਼ਨ : - ਵਿਧਾਇਕ ਅੰਗਦ ਸਿੰਘ ਦੀ ਮੌਜੂਦਗੀ ਵਿਚ ਨਗਰ ਕੌਂਸਲ ਰਾਹੋਂ ਦੇ ਐਕਟਿੰਗ ਪ੍ਰਧਾਨ ਵਜੋਂ ਚਾਰਜ ਸੰਭਾਲਦੇ ਹੋਏ ਮੋਹਿੰਦਰ ਪਾਲ।

ਸਿਹਤ ਸੰਸਥਾਵਾਂ ਨੂੰ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਈ ਜਾਵੇਗੀ ਆਕਸੀਜਨ : ਅਦਿੱਤਿਆ ਉੱਪਲ

ਨਵਾਂਸ਼ਹਿਰ, 22 ਅਪ੍ਰੈਲ 2021: (ਵਿਸ਼ੇਸ਼ ਪ੍ਰਤੀਨਿਧੀ)  ਵਧੀਕ ਡਿਪਟੀ ਕਮਿਸ਼ਨਰ  ਅਦਿੱਤਿਆ ਉੱਪਲ ਨੇ ਅੱਜ ਸਿਵਲ ਸਰਜਨ ਦਫਤਰ ਵਿਖੇ ਜ਼ਿਲ੍ਹੇ ਵਿਚ ਕੋਵਿਡ-19 ਦੇ ਵੱਧ ਰਹੇ ਕੇਸਾਂ ਦੀ ਮੌਜੂਦਾ ਸਥਿਤੀ, ਮੈਡੀਕਲ ਆਕਸੀਜਨ ਦੀ ਨਿਰਵਿਘਨ ਸਪਲਾਈ ਅਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ  ਅਦਿੱਤਿਆ ਉੱਪਲ ਨੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਸਮੇਤ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਪ੍ਰਤੀਨਿਧੀਆਂ ਨਾਲ ਮੈਡੀਕਲ ਆਕਸੀਜਨ ਦੀ ਮੰਗ ਅਤੇ ਖਪਤ ਸਮੇਤ ਸਪਲਾਈ ਪ੍ਰਣਾਲੀ ਉੱਤੇ ਡੂੰਘਾਈ ਨਾਲ ਵਿਚਾਰ-ਚਰਚਾ ਕੀਤੀ ਅਤੇ ਮੈਡੀਕਲ ਆਕਸੀਜਨ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਲਈ ਠੋਸ ਪ੍ਰਣਾਲੀ ਅਪਣਾਉਣ ਦੀ ਤਾਕੀਦ ਕੀਤੀ। ਉਨ੍ਹਾਂ ਸਾਰੀਆਂ ਸਿਹਤ ਸੰਸਥਾਵਾਂ ਨੂੰ ਰੋਜ਼ਾਨਾ ਮੈਡੀਕਲ ਆਕਸੀਜਨ ਦੀ ਮੰਗ ਅਤੇ ਸਪਲਾਈ ਸਬੰਧੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਕੋਲ ਢੁੱਕਵੀਂ ਮਾਤਰਾ ਵਿਚ ਮੈਡੀਕਲ ਆਕਸੀਜਨ ਉਪਲੱਬਧ ਹੈ ਅਤੇ ਕੋਵਿਡ-19 ਨਾਲ ਨਜਿੱਠਣ ਲਈ ਸਾਰੀਆਂ ਸਿਹਤ ਸੰਸਥਾਵਾਂ ਨੂੰ ਪਹਿਲ ਦੇ ਆਧਾਰ ਉੱਤੇ ਆਕਸੀਜਨ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿਚ ਆਕਸੀਜਨ ਦੀ ਕਾਲਾ ਬਾਜ਼ਾਰੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿਚ ਕੋਵਿਡ-19 ਮਰੀਜ਼ਾਂ ਲਈ ਬੈੱਡਾਂ ਦੀ ਕਮੀ ਨਹੀਂ ਆਉਣੀ ਚਾਹੀਦੀ ਹੈ।  ਉਨ੍ਹਾਂ ਸਿਹਤ ਸੰਸਥਾਵਾਂ ਦੇ ਪ੍ਰਤੀਵਿਧੀਆਂ ਨੂੰ ਇਹ ਵੀ ਕਿਹਾ ਕਿ ਕੋਵਿਡ-19 ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸਾਰੇ ਹਸਪਤਾਲਾਂ ਵਿਚ ਕੋਵਿਡ-19 ਮਰੀਜ਼ਾਂ ਲਈ ਘੱਟੋ-ਘੱਟ 75 ਫੀਸਦੀ ਬੈੱਡ ਰਾਖਵੇਂ ਰੱਖੇ ਜਾਣ।  ਇਸ ਮੌਕੇ ਮਾਣਯੋਗ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ, ਜ਼ਿਲ੍ਹਾ ਸਿਹਤ ਅਫਸਰ ਡਾ ਕੁਲਦੀਪ ਰਾਏ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ, ਸੀਨੀਅਰ ਮੈਡੀਕਲ ਅਫਸਰ ਡਾ. ਕਵਿਤਾ ਭਾਟੀਆ, ਡਾ. ਮਨਦੀਪ ਕਮਲ ਸਮੇਤ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਦੇ ਪ੍ਰਤੀਨਿਧੀਆਂ ਸਮੇਤ ਸਿਹਤ ਵਿਭਾਗ ਦੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।  

ਸਾਈਕਲ 'ਤੇ ਦਿੱਲੀ ਕਿਸਾਨੀ ਸ਼ੰਘਰਸ਼ ਵਿਚ ਜਾਣ ਵਾਲੇ ਜਥੇਦਾਰ ਗੁਰਬਖਸ਼ ਸਿੰਘ ਪਠਲਾਵਾ ਦਾ ਸਨਮਾਨ

ਬੰਗਾ 22 ਅਪਰੈਲ (ਵਿਸ਼ੇਸ਼ ਪ੍ਰਤੀਨਿਧੀ) ਪੰਜਾਬ ਦੇ ਖਿੱਤੇ ਦੁਆਬੇ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਪਠਲਾਵਾ ਬੀਤੇ ਸਾਲ ਉਸ ਸਮੇਂ ਚਰਚਾ ਵਿੱਚ ਆਇਆ ਸੀ, ਜਦੋਂ ਇੱਥੇ  ਕਰੋਨਾ ਦੀ ਬਿਮਾਰੀ ਦੀ ਆਮਦ ਹੋਈ ਸੀ ਤੇ ਇਹ  ਪਿੰਡ ਪੂਰੇ ਦੇਸ਼ ਵਿੱਚ ਮਸ਼ਹੂਰ ਹੋ ਗਿਆ ਸੀ । ਹੁਣ ਇਸੇ ਹੀ ਪਿੰਡ ਦੇ ਬਜ਼ੁਰਗ ਜਥੇਦਾਰ ਗੁਰਬਖਸ਼ ਸਿੰਘ ਪਠਲਾਵਾ (ਉਮਰ 82) ਨੇ ਦਿੱਲੀ ਅੰਦੋਲਨ 'ਚ ਸ਼ਾਮਲ ਹੋਣ ਲਈ ਸਾਈਕਲ ਤੇ ਗਏ ਅਤੇ  ਉਥੇ 15 ਦਿਨ ਰਹਿ ਕੇ ਲੰਗਰਾਂ ਦੀ ਸੇਵਾ ਕੀਤੀ। ਸਾਈਕਲ ਸਵਾਰ ਜਥੇਦਾਰ ਗੁਰਬਖਸ਼ ਸਿੰਘ ਪਠਲਾਵਾ ਜਦੋਂ ਦਿੱਲੀ ਤੋਂ ਪਿੰਡ ਪੁੱਜੇ ਤਾਂ ਉਸ ਦਾ ਪੂਰੇ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਵੱਲੋਂ ਜਥੇਦਾਰ ਗੁਰਬਖਸ਼ ਸਿੰਘ ਦਾ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇਦਾਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਪਿੰਡ ਵਾਸੀਆਂ ਨਾਲ ਮਹੀਨਾ ਭਰ ਦਿੱਲੀ ਮੋਰਚਿਆਂ 'ਚ ਲੰਗਰ ਦੀ ਸੇਵਾ ਕਰਕੇ ਆਏ ਸਨ। ਉਹਨਾਂ ਕਿਹਾ ਕਿ ਆਪਣੇ ਜੱਦੀ ਪਿੰਡ ਪਠਲਾਵਾ ਤੋਂ ਦਿੱਲੀ ਤੱਕ ਦਾ ਲੰਬਾ ਸਫ਼ਰ ਸਾਇਕਲ 'ਤੇ ਤਹਿ ਕਰਨ ਪਿੱਛੇ ਦੋ ਮਕਸਦ ਹਨ ਇੱਕ ਤਾਂ ਨਵੀਂ ਪੀੜ੍ਹੀ ਲਈ ਹੋਰ ਹਿੰਮਤ ਤੇ ਉਤਸ਼ਾਹ ਦੀ ਪ੍ਰੇਰਨਾ ਦੇਣਾ ਅਤੇ ਦੂਜਾ ਦਿੱਲੀ ਸਰਕਾਰ ਨੂੰ ਇਹ ਸੁਨੇਹਾ ਦੇਣਾ ਕਿ ਉਸ ਨਾਲ ਟੱਕਰ ਲੈਣ ਲਈ ਬਜ਼ੁਰਗ ਪੀੜ੍ਹੀ ਦੀ ਹਿੰਮਤ ਹੀ ਕਾਫ਼ੀ ਹੈ। ਇਸ ਮੌਕੇ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਵਾਰੀਆ ਨੇ ਕਿਹਾ ਜਥੇਦਾਰ ਗੁਰਬਖਸ਼ ਸਿੰਘ ਪਠਲਾਵਾ ਸਾਡੇ ਪਿੰਡ ਦੀ ਸ਼ਾਨ ਹਨ ਜਿਨ੍ਹਾਂ ਨੇ 82 ਸਾਲ ਦੀ ਉਮਰ ਵਿੱਚ ਦਿੱਲੀ ਸਾਈਕਲ 'ਤੇ ਜਾ ਕੇ ਕੇਂਦਰ ਦੀ ਸਰਕਾਰ ਨੂੰ ਇੱਕ ਵੱਖਰਾ ਸਨੇਹਾ ਦਿੱਤਾ। ਇਸ ਸਨਮਾਨ ਸਮਾਰੋਹ ਮੌਕੇ 'ਗੁਰਦੁਆਰਾ ਸੰਤ ਬਾਬਾ ਘੱਨਯਾ ਸਿੰਘ ਦੇ ਮੁੱਖੀ ਸੰਤ ਬਾਬਾ ਗੁਰਬਚਨ ਸਿੰਘ ਜੀ , ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ  ਇੰਦਰਜੀਤ ਸਿੰਘ ਵਾਰੀਆ, ਤਰਲੋਚਨ ਸਿੰਘ ਵਾਰੀਆ, ਹਰਦੇਵ ਸਿੰਘ ਕਾਹਮਾ ਪ੍ਰਧਾਨ ਗੂਰੂ ਨਾਨਕ ਮਿਸ਼ਨ ਐਂਡ ਐਜੂਕੇਸ਼ਨ ਟਰੱਸਟ ਢਾਹਾਂ ਕਲੇਰਾਂ, ਕੁਲਵਿੰਦਰ ਸਿੰਘ ਢਾਹਾਂ ਸਕੱਤਰ ਗੂਰੂ ਨਾਨਕ ਮਿਸ਼ਨ ਐਂਡ ਐਜੂਕੇਸ਼ਨ ਟਰੱਸਟ ਢਾਹਾਂ ਕਲੇਰਾਂ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੂਰੂ ਨਾਨਕ ਮਿਸ਼ਨ ਐਂਡ ਐਜੂਕੇਸ਼ਨ ਟਰੱਸਟ ਢਾਹਾਂ ਕਲੇਰਾਂ, ਜਥੇਦਾਰ ਸਵਰਨਜੀਤ ਸਿੰਘ ਮੁੱਖੀ ਮਿਸਲ ਸ਼ਹੀਦਾਂ ਤਰਨਾ ਦਲ, ਸੰਤ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਐਸ ਜੀ ਪੀ ਸੀ , ਸਰਪੰਚ ਹਰਪਾਲ ਸਿੰਘ ਪਠਲਾਵਾ,  ਜਥੇਦਾਰ ਅਵਤਾਰ ਸਿੰਘ ਪਠਲਾਵਾ, ਸੰਦੀਪ ਕੁਮਾਰ ਪੋਸ਼ੀ ਪ੍ਰਧਾਨ  ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ,  ਬਲਵੰਤ ਸਿੰਘ ਆਦਿ ਨੇ ਜਥੇਦਾਰ ਗੁਰਬਖਸ਼ ਸਿੰਘ ਪਠਲਾਵਾ ਦੇ ਮਾਨਵਤਾ ਅਤੇ ਕਿਸਾਨੀ ਦੀ ਭਲਾਈ ਕੀਤੇ ਉੱਦਮ ਦੀ ਭਾਰੀ ਸ਼ਲਾਘਾ ਕੀਤੀ ਤੇ ਸਨਮਾਨਿਤ ਕੀਤਾ। ਇਸ ਮੌਕੇ ਮਾਸਟਰ ਤਰਲੋਚਨ ਸਿੰਘ, ਮਾਸਟਰ ਤਰਸੇਮ ਪਠਲਾਵਾ, ਹਰਪ੍ਰੀਤ ਸਿੰਘ ਖਾਲਸਾ ਪਠਲਾਵਾ, ਕੁਲਦੀਪ ਸਿੰਘ ਪਠਲਾਵਾ, ਹਰਜੀਤ ਸਿੰਘ ਜੀਤਾ, ਹਰਜਿੰਦਰ ਸਿੰਘ ਜਿੰਦਾ, ਮਾਸਟਰ ਹਰਮੇਸ਼ ਪਠਲਾਵਾ, ਚਰਨਜੀਤ ਪੋਸ਼ੀ, ਪੰਚ ਸੁੱਖਵਿੰਦਰ ਸਿੰਘ, ਪੰਚ ਦਿਲਾਵਰ, ਬਲਵੀਰ ਸਿੰਘ ਯੂ ਕੇ, ਬਲਵੀਰ ਸਿੰਘ ਜਗਤੈ,ਆਦਿ ਹਾਜ਼ਰ ਸਨ।
ਕੈਪਸ਼ਨ:- ਪਿੰਡ ਪਠਲਾਵਾ ਦੇ ਬਜ਼ੁਰਗ ਗੁਰਬਖਸ਼ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਮੁੱਖ ਸਖਸ਼ੀਅਤਾਂ

ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਮਨੁੱਖੀ ਸਰੀਰਿਕ ਵਿਗਿਆਨ ਬਾਰੇ ਜਾਣਕਾਰੀ ਦਿੰਦੀ ਪ੍ਰਦਰਸ਼ਨੀ ਦਾ ਆਯੋਜਿਨ

ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ  ਮਨੁੱਖੀ ਸਰੀਰਿਕ ਵਿਗਿਆਨ ਬਾਰੇ ਜਾਣਕਾਰੀ ਦਿੰਦੀ ਪ੍ਰਦਰਸ਼ਨੀ ਦਾ ਆਯੋਜਿਨ
ਬੰਗਾ: - 22 ਅਪਰੈਲ :-( ) ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਜੀ ਐਨ ਐਮ ਅਤੇ ਬੀ ਐਸ ਸੀ ਨਰਸਿੰਗ ਵਿਦਿਆਰਥੀਆਂ ਵੱਲੋਂ ਮਨੁੱਖੀ ਸਰੀਰਿਕ ਵਿਗਿਆਨ ਅਤੇ ਸਰੀਰਿਕ ਅੰਗਾਂ ਨਾਲ ਸਬੰਧਿਤ ਜਾਣਕਾਰੀ ਦਿੰਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ । ਇਸ ਮੌਕੇ ਨਰਸਿੰਗ ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਅਤੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਨੇ ਸਮੂਹ ਨਰਸਿੰਗ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਰੀਰਿਕ ਵਿਗਿਆਨ ਬਾਰੇ ਜਾਣਕਾਰੀ ਭਰਪੂਰ ਮਾਡਲ ਪ੍ਰਦਰਸ਼ਨੀ ਲਗਾਉਣ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਸ ਸਰੀਰਿਕ ਵਿਗਿਆਨ ਮਾਡਲ ਪ੍ਰਦਰਸ਼ਨੀ ਨਾਲ ਸਰੀਰ ਦੇ ਵੱਖ ਵੱਖ ਅੰਗਾਂ ਬਾਰੇ ਅਤੇ ਉਹ ਸਰੀਰ ਨੂੰ ਚੱਲਦਾ ਅਤੇ ਤੰਦਰੁਸਤ ਰੱਖਣ ਵਿਚ ਕਿਸ ਤਰ੍ਹਾਂ ਕੰਮ ਕਰਦੇ ਹਨ ਬਾਰੇ ਲਾਭਕਾਰੀ ਜਾਣਕਾਰੀ ਆਮ ਲੋਕਾਈ ਅਤੇ ਨਵੇਂ ਨਰਸਿੰਗ ਵਿਦਿਆਰਥੀਆਂ ਨੂੰ ਪ੍ਰਾਪਤ ਹੋਵੇਗੀ ।  ਪ੍ਰਦਰਸ਼ਨੀ ਵਿਚ ਨਰਸਿੰਗ ਵਿਦਿਆਰਥੀਆਂ ਨੇ ਮਨੁੱਖੀ ਅੱਖਾਂ, ਰੀੜ੍ਹ ਦੀ ਹੱਡੀ, ਗੁਰਦੇ, ਦਿਲ ਅਤੇ ਹੋਰ ਸਰੀਰਿਕ ਅੰਗਾਂ ਦੇ ਮਾਡਲਾਂ ਨਾਲ ਲੋਕਾਂ ਨੂੰ ਮਨੁੱਖੀ ਸਰੀਰਿਕ ਵਿਗਿਆਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ ।  ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਮੈਡਮ ਸੁਖਮਿੰਦਰ ਕੌਰ ਊਬੀ, ਮੈਡਮ ਰਮਨਦੀਪ ਕੌਰ, ਮੈਡਮ ਨਵਜੋਤ ਕੌਰ ਸਹੋਤਾ, ਮੈਡਮ ਈਸ਼ੂ, ਮੈਡਮ ਰਾਬੀਆ ਹਾਟਾ, ਮੈਡਮ ਅਕਵਿੰਦਰ ਕੌਰ, ਮੈਡਮ ਸੁਖਵਿੰਦਰ ਕੌਰ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ।
ਫੋਟੋ  : ਢਾਹਾਂ ਕਲੇਰਾਂ ਵਿਖੇ ਲੱਗੀ ਮਨੁੱਖੀ ਸਰੀਰਿਕ ਵਿਗਿਆਨ ਪ੍ਰਦਰਸ਼ਨੀ ਦੀਆਂ ਝਲਕੀਆਂ