ਹੁਣ ਇਨਵੈਸਟ ਪੰਜਾਬ ਬਿਜ਼ਨਸ ਫਸਟ ਪੋਰਟਲ ਰਾਹੀਂ ਫਿਲਮ ਦੀ ਸ਼ੂਟਿੰਗ ਦੀ ਇਜਾਜ਼ਤ ਮਿਲੇਗੀ

ਨਵਾਂਸ਼ਹਿਰ, 1 ਜੂਨ : - ਪੰਜਾਬ ਸਰਕਾਰ ਨੇ ਇਨਵੈਸਟ ਪੰਜਾਬ ਬਿਜ਼ਨਸ ਫਸਟ ਪੋਰਟਲ ਰਾਹੀਂ ਫਿਲਮ ਦੀ ਸ਼ੂਟਿੰਗ ਦੀ ਇਜਾਜ਼ਤ ਲਈ ਆਨਲਾਈਨ ਸਿੰਗਲ ਵਿੰਡੋ ਸਿਸਟਮ ਸਥਾਪਤ ਕੀਤਾ ਹੈ, ਜਿਸ ਤਹਿਤ 15 ਦਿਨਾਂ ਦੇ ਅੰਦਰ-ਅੰਦਰ ਬਿਨੈ-ਪੱਤਰ ਦਾ ਨਿਪਟਾਰਾ ਕੀਤਾ ਜਾਵੇਗਾ।
     ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਸਰਕਾਰ ਵੱਲੋਂ ਵੈੱਬ ਆਧਾਰਿਤ ਸਿੰਗਲ ਵਿੰਡੋ ਸਿਸਟਮ ਫਿਲਮ ਉਦਯੋਗ ਨੂੰ ਦਿੱਤੀਆਂ ਜਾਣ ਵਾਲੀਆਂ ਮਨਜ਼ੂਰੀਆਂ ਨੂੰ ਤੇਜ਼ ਕਰਨ ਅਤੇ ਸਹੂਲਤ ਦੇਣ ਲਈ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਇਜਾਜ਼ਤ ਦੇਣ ਲਈ ਨੋਡਲ ਵਿਭਾਗ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰੋਡਕਸ਼ਨ ਹਾਊਸ ਵੱਲੋਂ ਬਿਨੈ-ਪੱਤਰ ਜਮ੍ਹਾਂ ਕਰਵਾਏ ਜਾਣ ਤੋਂ ਬਾਅਦ, ਬਿਨੈ-ਪੱਤਰ ਆਪਣੇ ਆਪ ਸਬੰਧਤ ਡਿਪਟੀ ਕਮਿਸ਼ਨਰ ਨੂੰ ਟਰਾਂਸਫਰ ਹੋ ਜਾਵੇਗਾ, ਜਿੱਥੋਂ ਅੱਗੇ ਪੁਲਿਸ, ਅੱਗ ਬੁਝਾਊ ਵਿਭਾਗ, ਐਸ.ਡੀ.ਐਮਜ਼, ਐਮ.ਸੀ., ਮਕਾਨ ਉਸਾਰੀ ਅਤੇ ਵਿਕਾਸ, ਪੰਚਾਇਤ ਵਿਭਾਗ ਨੂੰ ਭੇਜਿਆ ਜਾਵੇਗਾ ਜੋ ਕਿ ਨਿਰਧਾਰਿਤ ਸਮੇਂ ਅੰਦਰ ਐਨ.ਓ.ਸੀ. ਭੇਜਣਗੇ।
   ਉਨ੍ਹਾਂ ਨੇ ਫਿਲਮ ਇੰਡਸਟਰੀ ਨਾਲ ਜੁੜੇ ਪ੍ਰਤੀਨਿਧਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ੂਟਿੰਗ ਨਾਲ ਜੁੜੀਆਂ ਮਨਜ਼ੂਰੀਆਂ ਦੇ ਜਲਦ ਨਿਪਟਾਰੇ ਲਈ ਇਸ ਨਵੇਂ ਪਲੇਟਫਾਰਮ ਦੀ ਵਰਤੋਂ ਕਰਨ।