ਡੀ ਸੀ ਰੰਧਾਵਾ ਵੱਲੋਂ ਕੌਮਾਂਤਰੀ ਨਸ਼ਾ ਅਤੇ ਨਜਾਇਜ਼ ਤਸਕਰੀ ਵਿਰੋਧੀ ਦਿਹਾੜੇ ’ਤੇ ਨਸ਼ਿਆਂ ਖ਼ਿਲਾਫ਼ ਸਮੂਹਿਕ ਇੱਕਜੁਟਤਾ ਦਾ ਸੱਦਾ

ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਆਮ ਲੋਕਾਂ ਦੀ ਸ਼ਮੂਲੀਅਤ ਵੀ ਲਾਜ਼ਮੀ-ਐਸ ਐਸ ਪੀ ਸੰਦੀਪ ਸ਼ਰਮਾ

ਜ਼ਿਲ੍ਹੇ 'ਚ ਸਰਕਾਰੀ ਓਟ ਸੈਂਟਰਾਂ ਤੇ ਇੱਕ ਨਸ਼ਾ ਛੁਡਾਊ ਕੇਂਦਰ ਨਾਲ 7000 ਤੋਂ ਵਧੇਰੇ
ਇਲਾਜ ਲਈ ਜੁੜੇ

ਨਸ਼ਾ ਛੁਡਾਊ ਕੇਂਦਰ ਦੀ ਬੈਡ ਸਮਰੱਥਾ ਨੂੰ ਜਲਦ ਕੀਤਾ ਜਾਵੇਗਾ ਦੁੱਗਣਾ

ਨਵਾਂਸ਼ਹਿਰ, 25 ਜੂਨ : sਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ,
ਜਿਨ੍ਹਾਂ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਵੀ ਚਲਾਇਆ ਜਾ ਰਿਹਾ
ਹੈ, ਨੇ ਭਲਕੇ ਮਨਾਏ ਜਾ ਰਹੇ ਕੌਮਾਂਤਰੀ ਨਸ਼ਾ ਤੇ ਨਜਾਇਜ਼ ਤਸਕਰੀ ਵਿਰੋਧੀ ਦਿਹਾੜੇ 'ਤੇ
ਨਸ਼ਿਆਂ ਖ਼ਿਲਾਫ਼ ਸਮੂਹਿਕ ਇਕਜੁਟਤਾ ਪ੍ਰਗਟਾਅ ਕੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਨਸ਼ਾ
ਮੁਕਤ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੋਈ ਵੀ ਬੁਰਾਈ ਇਕੱਲੀ ਸਰਕਾਰ ਜਾਂ
ਪ੍ਰਸ਼ਾਸਨਿਕ ਪੱਧਰ 'ਤੇ ਖ਼ਤਮ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਆਖਿਆ ਕਿ ਲੋਕਾਂ ਦੀ ਇਸ
ਵਿੱਚ ਸਰਗਰਮ ਸ਼ਮੂਲੀਅਤ ਤੇ ਸਹਿਯੋਗ ਨਾਲ ਇਹ ਲੜਾਈ ਹੋਰ ਮਜ਼ਬੂਤ ਤੇ ਪ੍ਰਭਾਵਸ਼ਾਲੀ
ਬਣੇਗੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਨਸ਼ਾ ਵਿਰੋਧੀ ਹੈਲਪਲਾਈਨ ਨੰ.
95010-65718 'ਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ (ਨਸ਼ਾ ਤਸਕਰਾਂ) ਦੀ ਨਿਯਮਿਤ ਸੂਚਨਾ
ਦੇ ਕੇ ਇਸ ਲੜਾਈ ਦੇ ਸਿਪਾਹੀ ਬਣਨ। ਉਨ੍ਹਾਂ ਦੱਸਿਆ ਕਿ ਕਮਰਸ਼ੀਅਲ ਮਾਤਰਾ ਫੜਵਾਉਣ ਵਾਲੇ
ਨੂੰ 51 ਹਜ਼ਾਰ ਦਾ ਇਨਾਮ ਵੀ ਦਿੱਤਾ ਜਾਵੇਗਾ।
ਜ਼ਿਲ੍ਹੇ ਦੇ ਐਸ ਐਸ ਪੀ ਸੰਦੀਪ ਕੁਮਾਰ ਸ਼ਰਮਾ ਨੇ ਕੌਮਾਂਤਰੀ ਨਸ਼ਾ ਤੇ ਨਜਾਇਜ਼ ਤਸਕਰੀ
ਵਿਰੋਧੀ ਦਿਹਾੜੇ ਨੂੰ ਇੱਕ ਵਚਨਬੱਧਤਾ ਦੇ ਤੌਰ 'ਤੇ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੇ ਪੱਧਰ 'ਤੇ ਮੁਹਿੰਮ ਛੇੜੀ ਹੋਈ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦਾ ਵਿਸ਼ਵਾਸ਼ ਦਿਵਾਉਂਦੇ ਹਨ ਕਿ ਜ਼ਿਲ੍ਹਾ ਪੁਲਿਸ ਦਾ ਕੋਈ
ਵੀ ਮੁਲਾਜ਼ਮ ਕਿਸੇ ਵੀ ਨਸ਼ਾ ਤਸਕਰ ਦਾ ਲਿਹਾਜ਼ ਨਹੀਂ ਰੱਖੇਗਾ ਤੇ ਸਖਤ ਕਾਰਵਾਈ ਕਰੇਗਾ।
ਉਨ੍ਹਾਂ ਕਿਹਾ ਕਿ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੀ ਧਰਤੀ 'ਤੇ ਨਸ਼ਾ ਤਸਕਰਾਂ ਤੇ ਨਸ਼ੇ ਦੀ
ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਤਹੱਈਆ ਕਰਕੇ
ਹੀ, ਜ਼ਿਲ੍ਹੇ ਨੂੰ ਨਸ਼ੇ ਦੀ ਬੁਰਾਈ ਤੋਂ ਮੁਕਤ ਕਰਵਾਉਣ ਲਈ ਲੜੇ ਜਾ ਰਹੇ ਇਸ ਯੁੱਧ ਵਿੱਚ
ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਪਵੇਗਾ। ਉਨ੍ਹਾਂ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ
ਐਨ ਜੀ ਓਜ਼ ਵੱਲੋਂ ਪਾਏ ਜਾ ਰਹੇ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਕਿਹਾ ਕਿ ਨਸ਼ੇ ਖ਼ਿਲਾਫ਼ ਜੰਗ ਵਿੱਚ ਜ਼ਿਲ੍ਹਾ ਅਤੇ
ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਸਿਹਤ ਵਿਭਾਗ ਵੀ ਓਟ ਸੈਂਟਰਾਂ ਅਤੇ ਨਸ਼ਾ ਮੁਕਤੀ ਕੇਂਦਰ
ਚਲਾ ਕੇ ਵੱਡਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 8 ਤੋਂ 13 ਓਟ
ਕੇਂਦਰ ਕਰ ਦਿੱਤੇੇ ਗਏ ਹਨ ਅਤੇ ਇਨ੍ਹਾਂ ਨੂੰ 15 'ਤੇ ਲਿਜਾਇਆ ਜਾਵੇਗਾ ਤਾਂ ਜੋ
ਜ਼ਿਲ੍ਹੇ ਦੇ ਹਰੇਕ ਦੂਰ-ਦੁਰਾਡੇ ਵਾਲੇ ਥਾਂ 'ਤੇ ਇਨ੍ਹਾਂ ਦੀ ਮੌਜੂਦਗੀ ਵੱਧ ਤੋਂ ਵੱਧ
ਲੋਕਾਂ ਨੂੰ ਇਲਾਜ ਲਈ ਆਪਣੇ ਵੱਲ ਖਿੱਚੇ ਅਤੇ ਪ੍ਰੇਰੇ। ਉਨ੍ਹਾਂ ਦੱਸਿਆ ਕਿ ਇਸ ਸਾਲ
ਮਾਰਚ ਤੋਂ ਲੈੈ ਕੇ ਹੁਣ ਤੱਕ 6687 ਨਸ਼ਾ ਪੀੜਤਾਂ ਨੇ ਇਨ੍ਹਾਂ ਓਟ ਕੇਂਦਰਾਂ 'ਤੇ ਆਪਣੀ
ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਇਨ੍ਹਾਂ ਵਿੱਚੋਂ 1333 ਆਪਣਾ ਇਲਾਜ ਸਫ਼ਲਤਾ ਪੂਰਵਕ
ਮੁਕੰਮਲ ਕਰਵਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪੁਰਾਣੇ ਸਿਵਲ ਹਸਪਤਾਲ ਨਵਾਂਸ਼ਹਿਰ ਵਿੱਚ ਫ਼ਰਵਰੀ ਤੋਂ
ਸਰਕਾਰੀ ਨਸ਼ਾ ਛੁਡਾਊ ਕੇਂਦਰ ਮਨੋ ਰੋਗ ਮਾਹਿਰ ਡਾ. ਰਾਜਨ ਸ਼ਾਸਤਰੀ ਅਤੇ ਮੈਡੀਕਲ ਅਫ਼ਸਰ
ਡਾ. ਰਮਨਦੀਪ ਦੀ ਅਗਵਾਈ ਵਿੱਚ ਚਲਾਇਆ ਜਾ ਰਿਹਾ ਹੈ, ਜਿੱਥੇ ਹੁਣ ਤੱਕ ਸੈਂਕੜੇ ਨਸ਼ਾ
ਪੀੜਤ ਭਰਤੀ ਹੋ ਕੇ ਆਪਣਾ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਮੌਜੂਦਾ
10 ਬੈਡ ਦੀ ਸਮਰੱਥਾ ਨੂੰ 20 'ਤੇ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਉਸ ਤੋਂ ਬਾਅਦ
ਇੱਥੇ ਰੀਹੈਬ ਸੈਂਟਰ (ਪੁਨਰਵਸੇਬਾ) ਵੀ ਸ਼ੁਰੂ ਕੀਤਾ ਜਾਵੇਗਾ।
ਸਰਕਾਰੀ ਨਸ਼ਾ ਛੁਡਾਊੂ ਕੇਂਦਰ 'ਤੇ ਮੌਜੂਦ ਡਾ. ਰਮਨਦੀਪ ਦਾ ਕਹਿਣਾ ਸੀ ਕਿ ਹੁਣ ਤੱਕ
400 ਦੇ ਕਰੀਬ ਨਸ਼ਾ ਪੀੜਤ ਇੱਥੇ ਦਾਖਲ ਹੋ ਕੇ ਸਫ਼ਲਤਾਪੂਰਵਕ ਮੁਫ਼ਤ ਇਲਾਜ ਲੈ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਅਤੇ ਮਨੋ ਰੋਗ ਮਾਹਿਰ
ਡਾ. ਰਾਜਨ ਸ਼ਾਸਤਰੀ ਅਗਵਾਈ ਵਿੱਚ ਨਸ਼ਾ ਪੀੜਤਾਂ ਨੂੰ ਲੋੜੀਂਦੀ ਦਵਾਈ, ਖਾਣਾ, ਰਿਹਾਇਸ਼
ਦੀ ਸਹੂਲਤ ਤੋਂ ਇਲਾਵਾ ਉਨ੍ਹਾਂ ਦੀ ਕਾਊਂਸਲਿੰਗ ਅਤੇ ਮੈਡੀਕੇਸ਼ਨ ਵੀ ਇਲਾਜ ਦਾ ਹਿੱਸਾ
ਹਨ।
ਇੱਥੇ ਦਾਖਲ ਨਵਾਂਸ਼ਹਿਰ ਨੇੜਲੇ ਪਿੰਡ ਸਜਾਵਲਪੁਰ ਦੇ ਇੱਕ ਨੌਜੁਆਨ ਦਾ ਕਹਿਣਾ ਸੀ ਕਿ ਉਹ
10 ਦਿਨ ਪਹਿਲਾਂ ਇੱਥੇ ਆਇਆ ਸੀ। ਇਨ੍ਹਾਂ 10 ਦਿਨਾਂ ਵਿੱਚ ਹੀ ਉਸ ਵਿੱਚ ਵੱਡੀ
ਵਿਵਹਾਰਿਕ ਤਬਦੀਲੀ ਆ ਗਈ ਹੈ। ਇੱਥੇ ਜਿਸ ਚੰਗੇ ਮਾਹੌਲ ਵਿੱਚ ਇਲਾਜ ਕੀਤਾ ਜਾਂਦਾ ਹੈ,
ਉਸ ਲਈ ਇਨ੍ਹਾਂ ਡਾਕਟਰਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ। ਡਾ. ਰਮਨਦੀਪ ਦਾ ਕਹਿਣਾ ਸੀ
ਕਿ ਇਸ ਨੌਜੁਆਨ ਨੂੰ 5 ਦਿਨ ਹੋਰ ਇਲਾਜ ਦੇਣ ਬਾਅਦ ਘਰ ਭੇਜ ਦਿੱਤਾ ਜਾਵੇਗਾ ਅਤੇ ਇਸ ਦਾ
ਨਿਯਮਿਤ ਰੂਪ ਵਿੱਚ ਫਾਲੋ-ਅਪ ਕੀਤਾ ਜਾਵੇਗਾ ਤਾਂ ਜੋ ਇਹ ਦੁਬਾਰਾ ਇਸ ਮਾਹੌਲ 'ਚ ਨਾ
ਪਰਤੇ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜ ਕਿਰਨ ਦਾ ਕਹਿਣਾ ਹੈ ਕਿ ਨਸ਼ਾ ਮੁਕਤ ਭਾਰਤ ਅਭਿਆਨ
ਜ਼ਿਲ੍ਹੇ ਵਿੱਚ ਨਸ਼ੇ ਖ਼ਿਲਾਫ਼ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦਾ ਅਹਿਮ ਪ੍ਰੋਗਰਾਮ ਹੈ।
ਨਸ਼ਾ ਜਾਗਰੂਕਤਾ ਲਈ ਇਸ ਪ੍ਰੋਗਰਾਮ ਤਹਿਤ 50 ਵਾਲੰਟੀਅਰ ਆਪਣੇ ਤੌਰ 'ਤੇ ਲੋਕਾਂ ਵਿੱਚ
ਜਾ ਕੇ ਕੰਮ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ, ਜ਼ਿਲ੍ਹਾ ਕਾਨੂੰਨੀ
ਸੇਵਾਵਾਂ ਅਥਾਰਟੀ, ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਜ਼ਿਲ੍ਹਾ ਖੇਡ ਅਫ਼ਸਰ, ਨਹਿਰੂ ਯੁਵਾ ਕੇਂਦਰ,
ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਆਦਿ ਭਾਗੀਦਾਰਾਂ ਦੀ ਮੱਦਦ ਨਾਲ ਚਲਾਏ ਜਾ ਰਹੇ ਇਸ
ਅਭਿਆਨ ਤਹਿਤ 26 ਜੂਨ ਨੂੰ ਵੱਡੀ ਪੱਧਰ 'ਤੇ ਦੇਸ਼, ਰਾਜ ਤੇ ਜ਼ਿਲ੍ਹੇ ਨੂੰ ਨਸ਼ਾ ਮੁਕਤੀ
ਵੱਲ ਲਿਜਾਣ ਲਈ ਪ੍ਰਣ ਵੀ ਦਿਵਾਏ ਜਾਣਗੇ।