ਨਵਾਂਸ਼ਹਿਰ ਤੋਂ ਦਿੱਲੀ ਹਵਾਈ ਅੱਡੇ ਦਾ ਕਿਰਾਇਆ 1070 ਰੁਪਏ ਹੋਵੇਗਾ ਜਦਕਿ ਬਲਾਚੌਰ ਤੋਂ ਇਹ ਕਿਰਾਇਆ 990 ਰੁਪਏ
ਨਵਾਂਸ਼ਹਿਰ, 10 ਜੂਨ :- ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਦਿੱਲੀ ਹਵਾਈ ਅੱਡੇ ਲਈ 15 ਜੂਨ ਤੋਂ ਪੰਜਾਬ ਤੋਂ ਸ਼ੁਰੂ ਕੀਤੀ ਜਾਣ ਵਾਲੀ ਸਰਕਾਰੀ ਵੋਲਵੋ ਬੱਸ ਦਾ ਲੁਤਫ਼ ਨਵਾਂਸ਼ਹਿਰੀਏ ਤੇ ਬਲਾਚੌਰੀਏ ਵੀ ਲੈ ਸਕਣਗੇ। ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਤੋਂ ਚੱਲਣ ਵਾਲੀ ਵੋਲਵੋ ਬੱਸ ਰਾਹੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਲੋਕਾਂ ਨੂੰ ਵੀ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਦੀ ਸਹੂਲਤ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਰੋਡਵੇਜ਼ ਨਵਾਂਸ਼ਹਿਰ ਡਿਪੂ ਦੇ ਮੈਨੇਜਰ ਜਸਬੀਰ ਸਿੰਘ ਜੋ ਕਿ 15 ਜੂਨ ਦੀ ਇਸ ਹਵਾਈ ਅੱਡੇ ਤੱਕ ਦੇ ਸਫ਼ਰ ਦੀ ਜ਼ਿਲ੍ਹੇ ਨਾਲ ਸਬੰਧਤ ਤਿਆਰੀ ਦੇਖ ਰਹੇ ਹਨ, ਨੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਨਵਾਂਸ਼ਹਿਰ ਡਿਪੂ ਕੋਲ ਆਪਣੀ ਖੁਦ ਦੀ ਵੋਲਵੋ ਦਾ ਪ੍ਰਬੰਧ ਹੋਣ ਤੱਕ, ਇਹ ਬਲਦਵੇਂ ਪ੍ਰਬੰਧ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਬੁਕਿੰਗ ਆਨਲਾਈਨ ਹੋਣ ਕਾਰਨ ਜ਼ਿਲ੍ਹੇ ਦਾ ਦਿੱਲੀ ਹਵਾਈ ਅੱਡੇ 'ਤੇ ਜਾਣ ਦਾ ਚਾਹਵਾਨ ਕੋਈ ਵੀ ਯਾਤਰੀ ਇਸ ਦੀ ਅਗਾਊਂ ਬੁਕਿੰਗ . 'ਤੇ ਜਾ ਕੇ ਕਰ ਸਕਦਾ ਹੈ। ਹੁਸ਼ਿਆਰਪੁਰ ਤੋਂ ਦਿੱਲੀ ਹਵਾਈ ਅੱਡੇ ਤੱਕ ਜਾਣ ਵਾਲੀ ਇਹ ਵੋਲਵੋ ਬੱਸ ਸਵੇਰੇ 7:55 ਵਜੇ ਨਵਾਂਸ਼ਹਿਰ ਦੇ ਬੱਸ ਅੱਡੇ ਤੋਂ ਰਵਾਨਾ ਹੋਵੇਗੀ ਜਦਕਿ ਬਲਾਚੌਰ ਅੱਡੇ ਤੋਂ ਇਸ ਦੇ ਜਾਣ ਦਾ ਸਮਾਂ 8:20 ਵਜੇ ਸਵੇਰੇ ਹੋਵੇਗਾ। ਇਸ ਬੱਸ ਦਾ ਮੁਕੰਮਲ ਰੂਟ ਹੁਸ਼ਿਆਰਪੁਰ ਤੋਂ ਸਵੇਰੇ 6:40 ਵਜੇ ਚੱਲ ਕੇ ਵਾਇਆ ਗੜ੍ਹਸ਼ੰਕਰ, ਨਵਾਂਸ਼ਹਿਰ, ਬਲਾਚੌਰ ਤੋਂ ਹੁੰਦੇ ਹੋਏ ਚੰਡੀਗੜ੍ਹ ਰਾਹੀਂ ਸ਼ਾਮ 4:30 ਵਜੇ ਤੱਕ ਦਿੱਲੀ ਪੁੱਜਣਾ ਹੈ। ਦਿੱਲੀ ਹਵਾਈ ਅੱਡੇ ਤੋਂ ਇਸੇ ਰੂਟ ਰਾਹੀਂ ਵਾਪਸੀ ਦਾ ਸਫ਼ਰ ਤੜਕਸਾਰ 12:15 ਵਜੇ ਸ਼ੁਰੂ ਹੋਵੇਗਾ, ਜਿਸ ਲਈ ਬੁਕਿੰਗ ਦੀ ਪ੍ਰਕਿਰਿਆ ਆਨਲਾਈਨ ਹੀ ਰਹੇਗੀ।
ਜੀ ਐਮ ਜਸਬੀਰ ਸਿੰਘ ਅਨੁਸਾਰ ਨਵਾਂਸ਼ਹਿਰ ਤੋਂ ਦਿੱਲੀ ਹਵਾਈ ਅੱਡੇ ਦਾ ਕਿਰਾਇਆ 1070 ਰੁਪਏ ਹੋਵੇਗਾ ਜਦਕਿ ਬਲਾਚੌਰ ਤੋਂ ਇਹ ਕਿਰਾਇਆ 990 ਰੁਪਏ ਹੋਵੇਗਾ।ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਸਮਾਜ ਸੇਵੀ ਜੇ ਐਸ ਗਿੱਦਾ, ਜਿਨ੍ਹਾਂ ਦਾ ਜ਼ਿਆਦਾਤਰ ਪਰਿਵਾਰ ਸਮੇਤ ਬੱਚਿਆਂ, ਵਿਦੇਸ਼ ਹੈ, ਦਾ ਕਹਿਣਾ ਹੈ ਕਿ ਇਸ ਨਾਲ ਨਵਾਂਸ਼ਹਿਰ ਦੀ ਐਨ ਆਰ ਆਈ ਬੈਲਟ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਆਨਲਾਈਨ ਬੁਕਿੰਗ ਲੈ ਕੇ ਜਿੱਥੇ ਵਿਦੇਸ਼ ਤੋਂ ਨਵਾਂਸ਼ਹਿਰ ਆਉਣ ਜਾਂ ਨਵਾਂਸ਼ਹਿਰ ਤੋਂ ਵਿਦੇਸ਼ ਜਾਣ ਵਾਲਿਆਂ ਨੂੰ ਵੱਡੀ ਸਹੂਲਤ ਮਿਲੇਗੀ ਉੱਥੇ ਲੋਕਾਂ ਨੂੰ ਪ੍ਰਾਈਵੇਟ ਟ੍ਰਾਂਸਪੋਰਟਰਾਂ ਦੀ ਅਜਾਰੇਦਾਰੀ ਤੋਂ ਵੀ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ, ਜਨਤਕ ਟ੍ਰਾਂਸਪੋਰਟ ਦਾ ਕਿਰਾਇਆ ਬਹੁਤ ਹੀ ਵਾਜਬ ਹੋਣਾ ਹੈ, ਜਿਸ ਦਾ ਪ੍ਰਾਈਵੇਟ ਨਾਲੋਂ ਅੱਧੋ-ਅੱਧ ਦਾ ਫ਼ਰਕ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਵਿਦੇਸ਼ ਜਾਣ ਵਾਲੇ ਜਾਂ ਵਿਦੇਸ਼ੋਂ ਆਪਣੀ ਮਾਤਭੂਮੀ 'ਤੇ ਆਉਣ ਵਾਲੇ ਪੰਜਾਬੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ, ਉਨ੍ਹਾਂ ਨਾਲ ਕੀਤਾ ਆਪਣਾ ਵਾਅਦਾ ਪੁਗਾਇਆ ਹੈ। ਪੰਜਾਬ ਰੋਡਵੇਜ਼ ਨਵਾਂਸ਼ਹਿਰ ਦੇ ਜਨਰਲ ਮੈਨੇਜਰ ਅਨੁਸਾਰ ਦਿੱਲੀ ਏਅਰਪੋਰਟ ਜਾਣ ਵਾਲੀ ਇਹ ਬੱਸ ਨਿਰਧਾਰਿਤ ਸਮੇਂ 'ਤੇ ਨਵਾਂਸ਼ਹਿਰ ਅਤੇ ਬਲਾਚੌਰ ਦੇ ਬੱਸ ਅੱਡਿਆਂ 'ਤੇ ਪੁੱਜੇਗੀ ਅਤੇ ਅਗਾਊਂ ਬੁਕਿੰਗ ਕਰਵਾਉਣ ਵਾਲੀਆਂ ਸੁਆਰੀਆਂ ਨੂੰ ਬਿਠਾ ਕੇ ਅਗਲੀ ਮੰਜ਼ਿਲ ਲਈ ਰਵਾਨਾ ਹੋਵੇਗੀ।