ਪਟਿਆਲਾ ਤੋਂ ਪੀ.ਆਰ.ਟੀ.ਸੀ. ਦੀ ਸੁਪਰ ਲਗਜ਼ਰੀ ਬੱਸ ਨਵੀਂ ਦਿੱਲੀ ਹਵਾਈ ਅੱਡੇ ਲਈ ਅੱਜ (15 ਜੂਨ ਨੂੰ) ਹੋਵੇਗੀ ਰਵਾਨਾ

ਪਟਿਆਲਾ, 14 ਜੂਨ: ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਪੂਨਮਦੀਪ ਕੌਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਸ਼ੇਸ਼ ਪਹਿਲਕਦਮੀ ਸਦਕਾ ਨਵੀਂ ਦਿੱਲੀ ਹਵਾਈ ਅੱਡੇ ਲਈ 15 ਜੂਨ ਤੋਂ ਸੁਪਰ ਲਗਜ਼ਰੀ ਵੋਲਵੋ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਤਹਿਤ ਪਟਿਆਲਾ ਬੱਸ ਅੱਡੇ ਤੋਂ ਵੀ ਪਹਿਲੇ ਦਿਨ ਸ਼ਾਮ 4 ਵਜੇ ਇੱਕ ਬੱਸ ਨਵੀਂ ਦਿੱਲੀ ਹਵਾਈ ਅੱਡੇ ਤੱਕ ਜਾਣ ਲਈ ਰਵਾਨਾ ਹੋਵੇਗੀ। ਜਦੋਂਕਿ 16 ਜੂਨ ਤੋਂ ਰੋਜ਼ਾਨਾ ਦੁਪਹਿਰ 12.40 ਵਜੇ ਅਤੇ ਦੂਜੀ ਬੱਸ ਸ਼ਾਮ 4 ਵਜੇ ਨਵੀਂ ਦਿੱਲੀ ਹਵਾਈ ਅੱਡੇ ਲਈ ਜਾਵੇਗੀ। ਇਨ੍ਹਾਂ ਬੱਸਾਂ ਦਾ ਕਿਰਾਇਆ 835 ਰੁਪਏ ਪ੍ਰਤੀ ਸਵਾਰੀ ਹੋਵੇਗਾ ਅਤੇ ਇਸ ਦੀ ਬੂਕਿੰਗ ਆਨਲਾਈਨ ਪੀ.ਆਰ.ਟੀ.ਸੀ. (ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ) ਪੈਪਸੂਆਨਲਾਈਨ ਡਾਟ ਕਾਮ ਵੈੱਬਸਾਈਟ ਤੋਂ ਕਰਵਾਈ ਜਾ ਸਕੇਗੀ।
ਪੂਨਮਦੀਪ ਕੌਰ ਨੇ ਅੱਗੇ ਦੱਸਿਆ ਕਿ ਦੁਪਹਿਰ 12 ਵਜੇ ਪਟਿਆਲਾ ਤੋਂ ਜਾਣ ਵਾਲੀ ਬੱਸ ਨਵੀਂ ਦਿੱਲੀ ਹਵਾਈ ਅੱਡੇ 'ਤੇ ਸ਼ਾਮ 06.40 ਵਜੇ ਪੁੱਜ ਜਾਵੇਗੀ ਅਤੇ ਇਹ ਉੱਥੋਂ ਸਵੇਰੇ 01.30 ਵਜੇ ਪਟਿਆਲਾ ਲਈ ਚੱਲੇਗੀ। ਜਦੋਂਕਿ ਸ਼ਾਮ 04.00 ਵਜੇ ਪਟਿਆਲਾ ਤੋਂ ਚੱਲਣ ਵਾਲੀ ਦੂਜੀ ਬੱਸ ਰਾਤ 10.00 ਵਜੇ ਨਵੀਂ ਦਿੱਲੀ ਹਵਾਈ ਅੱਡੇ 'ਤੇ ਪੁੱਜੇਗੀ ਅਤੇ ਉੱਥੋਂ ਅਗਲੀ ਸਵੇਰ 06.00 ਵਜੇ ਵਾਪਸੀ ਲਈ ਰਵਾਨਾ ਹੋਵੇਗੀ।
ਐਮ.ਡੀ. ਨੇ ਨਵੀਂ ਦਿੱਲੀ ਹਵਾਈ ਅੱਡੇ ਜਾਣ ਵਾਲੀਆਂ ਸਵਾਰੀਆਂ ਅਤੇ ਐਨ.ਆਰ.ਆਈਜ.  ਸਮੇਤ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ।