ਜਿਲ੍ਹੇ ਦੇ ਈਕੋ ਅਤੇ ਨੈਸ਼ਨਲ ਗ੍ਰੀਨ ਕੌਰਪਸ ਕਲੱਬਾਂ ਦੀ ਨਿਵੇਕਲੀ ਪਹਿਲ

ਵਿਦਿਆਰਥੀਆਂ ਨੂੰ ਘਰਾਂ ਵਿੱਚ ਪਏ ਬੇਕਾਰ ਸਮਾਨ ਦੀ ਮਦੱਦ ਨਾਲ ਪੰਛੀਆਂ ਤੇ ਜਾਨਵਰਾਂ ਲਈ ਪਾਣੀ ਰੱਖਣ ਲਈ ਪ੍ਰੇਰਿਆ
ਨਵਾਂਸ਼ਹਿਰ, 16 ਜੂਨ, :- ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ ਵਿਦਿਆਰਥੀਆਂ ਨੂੰ ਸਾਰਥਿਕ ਗਤੀਵਿਧੀਆਂ ਵਿੱਚ ਲਾਈ ਰੱਖਣ ਦੇ ਮੰਤਵ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਬਣੇ ਈਕੋ ਅਤੇ ਨੈਸ਼ਨਲ ਗ੍ਰੀਨ ਕੌਰਪਸ ਕਲੱਬਾਂ ਦੇ ਸਮੂਹ ਇੰਚਾਰਜਾਂ ਵਲੋਂ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਦੀ ਅਗਵਾਈ ਹੇਠ ਨਵੀਂ ਪਹਿਲਕਦਮੀ ਕੀਤੀ ਗਈ ਹੈ।
    ਉਨ੍ਹਾਂ ਦੱਸਿਆ ਘਰਾਂ ਵਿੱਚ ਬੈਠੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਘਰ ਵਿੱਚ ਪਏ ਹੋਏ ਵਿਅਰਥ ਸਮਾਨ ਜਿਵੇਂ, ਪਲਾਸਟਿਕ ਦੀਆਂ ਬੋਤਲਾਂ, ਬਾਲਟੀਆਂ, ਮੱਗ, ਕੂੰਡੇ, ਪੇਂਟ ਵਾਲ਼ੇ ਡੱਬੇ, ਬੱਠਲ, ਮਿੱਟੀ ਦੇ ਭਾਂਡੇ ਆਦਿ ਵਿੱਚ ਤਾਜਾ ਪਾਣੀ ਭਰਕੇ ਦਰਖਤਾਂ ਦੇ ਹੇਠਾਂ ਜਾਂ ਉਨ੍ਹਾਂ ਉੱਪਰ ਟੰਗ ਕੇ ਪੰਛੀਆਂ ਅਤੇ ਜਾਨਵਰਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਗਤੀਵਿਧੀਆਂ ਦੀਆਂ ਵੀਡੀਓ, ਤਸਵੀਰਾਂ ਤੇ ਕਲਿਪ ਬਣਾ  ਕੇ ਵਿਦਿਆਰਥੀਆਂ ਵਲੋਂ ਆਪਣੇ  ਈਕੋ ਅਤੇ ਨੈਸ਼ਨਲ ਗ੍ਰੀਨ ਕੌਰਪਸ ਕਲੱਬਾਂ ਦੇ ਸਮੂਹ ਇੰਚਾਰਜਾਂ ਨੂੰ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਧਰਤੀ ਦੇ ਤਾਪਮਾਨ ਵਿੱਚ ਅਥਾਹ ਵਾਧਾ ਹੋ ਰਿਹਾ ਹੈ, ਉਸ ਨਾਲ ਪੰਛੀ ਜਾਂ ਜਾਨਵਰ ਪਾਣੀ ਨਾ ਮਿਲਣ ਕਰਕੇ ਪਿਆਸ ਨਾਲ ਤੜਫ ਰਹੇ ਹਨ ਜਦ ਕਿ ਮਨੁੱਖਾਂ ਵਾਸਤੇ ਤਾਂ ਮਨੁੱਖਾਂ ਦੁਆਰਾ ਛਬੀਲਾਂ ਲਗਾਈਆਂ ਜਾ ਰਹੀਆਂ ਹਨ। ਪੰਛੀਆਂ ਅਤੇ ਜਾਨਵਰਾਂ ਦੀ ਜੈਵਿਕ ਵਿਭਿੰਨਤਾ ਨੂੰ ਬਚਾਉਣ ਹਿੱਤ ਜ਼ਿਲ੍ਹੇ ਵਿੱਚ ਕੀਤੀ ਇਸ ਨਿਵੇਕਲੀ ਸ਼ੁਰੂਆਤ ਨੂੰ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ।
           ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ), ਕੁਲਵਿੰਦਰ ਸਿੰਘ ਸਰਾਏ ਅਤੇ ਉੱਪ-ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਈਕੋ ਅਤੇ ਨੈਸ਼ਨਲ ਗ੍ਰੀਨ ਕੌਰਪਸ ਕਲੱਬਾਂ ਵਲੋਂ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਸਾਡਾ ਜ਼ਿਲ੍ਹਾ ਪੰਜਾਬ ਵਿੱਚੋਂ ਮੋਹਰੀ ਜ਼ਿਲ੍ਹਾ ਹੈ ਪ੍ਰੰਤੂ ਇਹ ਨਿਵੇਕਲੀ ਗਤੀਵਿਧੀ ਪਹਿਲੀ ਵਾਰ ਹੋ ਰਹੀ ਹੈ ਜੋ ਕਿ ਵਾਤਾਵਰਣ ਨੂੰ ਅਤੇ ਜੈਵਿਕ ਵਿਭਿੰਨਤਾ ਨੂੰ ਬਚਾਉਣ ਲਈ ਵੀ ਆਪਣੀ ਸਾਰਥਕ ਭੂਮਿਕਾ ਨਿਭਾਵੇਗੀ।