ਨਵਾਂਸ਼ਹਿਰ, 5 ਜੂਨ : -ਵਿਸ਼ਵ ਵਾਤਾਵਰਨ ਦਿਵਸ ਮੌਕੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਕੁਲਵਿੰਦਰ ਸਿੰਘ ਸਰਾਏ ਵੱਲੋਂ ਬੂਟਾ ਲਗਾ ਕੇ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਮਨਾਇਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਮਾਨਸੂਨ ਸੀਜ਼ਨ ਦੌਰਾਨ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ, ਜਿਸ ਨਾਲ ਹਰਿਆਵਲ ਵਿਚ ਵਾਧਾ ਹੀ ਨਹੀਂ ਹੋਵੇਗਾ ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਧਰਤੀ ਨੂੰ ਰਹਿਣ ਦਾ ਵਧੀਆ ਸਥਾਨ ਵੀ ਮਿਲੇਗਾ।ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਅਤੇ ਬੱਚਿਆ ਨੂੰ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਡੇ ਬੱਚੇ ਹੀ ਸਾਡੇ ਵਾਤਾਵਰਨ ਨੂੰ ਬਚਾਉਣ ਵਿਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ ਇਸ ਲਈ ਸਾਡੇ ਬੱਚਿਆ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਹਰ ਸਾਲ ਘੱਟੋ ਘੱਟ ਦਸ ਬੂਟੇ ਜ਼ਰੂਰ ਲਗਾਈਏ ਤੇ ਉਨ੍ਹਾਂ ਦਾ ਪਾਲਨ ਪੋਸ਼ਣ ਕਰੀਏ ਤਾਂ ਹੀ ਸਾਡੀ ਆਉਣ ਵਾਲੀ ਪੀੜੀ੍ਹ ਬਚ ਸਕੇਗੀ । ਜੇਕਰ ਅਸੀਂ ਅੱਜ ਆਪਣੇ ਵਾਤਾਵਰਨ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੀ ਪੀੜੀ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ।ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਦਰਖਤ ਆਲਮੀ ਤਪਸ਼ ਦੇ ਪ੍ਰਭਾਵ ਅਤੇ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ, ਕਿਉਂਕਿ ਲੋਕਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਸਾਫ਼-ਸੁਥਰਾ ਵਾਤਾਵਰਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰੁੱਖ ਹੀ ਆਕਸੀਜਨ ਦਾ ਇੱਕੋ ਇੱਕ ਸਰੋਤ ਹਨ, ਜੋ ਧਰਤੀ ਤੇ ਮਨੁੱਖੀ ਜੀਵਨ ਦਾ ਆਧਾਰ ਹਨ।ਇਸ ਮੌਕੇ ਸਤਨਾਮ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ,ਨਰਿੰਦਰ ਪਾਲ ਵਰਮਾ ਪ੍ਰਿੰਸੀਪਲ, ਅਨਿਲ ਜੋਸ਼ੀ, ਸਰਬਜੀਤ ਸਿੰਘ,ਵਿਨੇ ਕੁਮਾਰ ਸ਼ਰਮਾ ਮੈਂਬਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ,ਕੇਵਲ ਰਾਮ ਆਦਿ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।