ਨਵਾਂਸ਼ਹਿਰ 17 ਜੂਨ : ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਉੱਪ ਪ੍ਰਧਾਨ ਅਤੇ ਪਾਰਟੀ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਸਰਕਾਰੀ ਵਾਲਵੋ ਬੱਸ ਸੇਵਾ ਸ਼ੁਰੂ ਹੋਣ ਨਾਲ ਜਿੱਥੇ ਪੰਜਾਬ ਦੇ ਲੋਕਾਂ 'ਚ ਜਿਥੇ ਖੁਸ਼ੀ ਦੀ ਲਹਿਰ ਹੈ ਉਥੇ ਇਸ ਸੇਵਾ ਦੇ ਸ਼ੁਰੂ ਹੋਣ ਨਾਲ ਨਿੱਜੀ ਬੱਸਾਂ ਤੇ ਹੋਰਨਾਂ ਵਾਹਨਾਂ ਵਾਲਿਆਂ ਵੱਲੋਂ ਕੀਤੀ ਜਾ ਰਹੀ ਮਨਮਰਜ਼ੀ ਦੀ ਲੁੱਟ ਤੋਂ ਵੀ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਟਰਾਂਸਪੋਰਟ ਮਾਫੀਆ ਵੱਲੋਂ ਪਹਿਲਾਂ ਜਿਥੇ ਦਿੱਲੀ ਏਅਰਪੋਰਟ ਤੱਕ ਦਾ ਕਿਰਾਇਆ ਕਰੀਬ 3500 ਲੈ ਕੇ ਲੋਕਾਂ ਦੀ ਵੱਡੀ ਲੁੱਟ ਕੀਤੀ ਜਾ ਰਹੀ ਸੀ ਉਥੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਪੰਜਾਬ ਰੋਡਵੇਜ਼ ਦੀ ਸਰਕਾਰੀ ਵੋਲਬੋ ਬੱਸ ਦਾ ਕਿਰਾਇਆ ਮਹਿਜ਼ 1200 ਰੁਪਏ ਹੈ ਅਤੇ ਘੱਟ ਕਿਰਾਇਆ ਲੈਕੇ ਵੀ ਵਧੀਆ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਸਤਨਾਮ ਸਿੰਘ ਜਲਵਾਹਾ ਨੇ ਦੱਸਿਆ ਕਿ ਏਅਰ ਪੋਰਟ ਨੂੰ ਵੋਲਵੋ ਬੱਸ ਸਰਵਿਸ ਸ਼ੁਰੂ ਹੋਣ ਨਾਲ ਜਿੱਥੇ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੂੰ ਕਾਫੀ ਲਾਭ ਮਿਲੇਗਾ ਉਥੇ ਸਰਕਾਰੀ ਬੱਸ ਵਿੱਚ ਸਫ਼ਰ ਕਰਨ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਲਾਭ ਹੋਵੇਗਾ ਅਤੇ ਟਰਾਂਸਪੋਰਟ ਵਿਭਾਗ ਦੀ ਆਮਦਨ ਚ ਵੀ ਵਾਧਾ ਹੋਵੇਗਾ। ਸਤਨਾਮ ਜਲਵਾਹਾ ਨੇ ਦੱਸਿਆ ਕਿ ਆਪ ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਕੁੱਲ 60 ਦੇ ਕਰੀਬ ਬੱਸਾਂ ਚਲਾਈਆਂ ਜਾ ਰਹੀਆਂ ਹਨ। ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਹੁਣ ਨਿੱਜੀ ਬੱਸਾਂ ਅਤੇ ਨਿੱਜੀ ਵਾਹਨਾਂ ਨੂੰ ਪੰਜਾਬ ਤੋਂ ਦਿੱਲੀ ਲਿਜਾਉਣ ਦੀ ਲੋੜ ਨਹੀਂ ਪਵੇਗੀ। ਇਸ ਕਾਰਨ ਲੋਕਾਂ ਦੇ ਪੈਸੇ ਤੇ ਸਮੇਂ ਦੀ ਬੱਚਤ ਹੋਵੇਗੀ। ਜਲਵਾਹਾ ਨੇ ਦੱਸਿਆ ਕਿ ਨਵਾਂਸ਼ਹਿਰ ਡੀਪੂ ਦੀ ਆਪਣੀ ਵੋਲਬੋ ਬੱਸ ਵੀ ਜ਼ਲਦ ਦਿੱਲੀ ਲਈ ਰਵਾਨਾ ਕੀਤੀ ਜਾਵੇਗੀ। ਜਲਵਾਹਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਰਕਾਰੀ ਰੋਡਵੇਜ਼ ਦੀ ਬੱਸ ਸੇਵਾ ਦਾ ਸਾਨੂੰ ਸਭਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਤਾਂ ਟਰਾਂਸਪੋਰਟ ਮਾਫੀਆ ਨੂੰ ਕਿਰਾਏ ਵਾਲਾ ਪੈਸਾ ਨਾ ਦੇਕੇ ਸਰਕਾਰੀ ਖਜ਼ਾਨੇ ਵਿਚ ਪੈਸੇ ਜਮ੍ਹਾਂ ਕਰਵਾਉਂਦੇ ਹੋਏ ਆਪਣਾ ਸਫਰ ਵੀ ਸਸਤੇ ਭਾਅ ਵਿੱਚ ਕਰੀਏ ਅਤੇ ਸਰਕਾਰੀ ਮਹਿਕਮੇ ਨੂੰ ਲਾਭ ਵੀ ਪਹੁੰਚਾਈਏ। ਇਸ ਮੌਕੇ ਜਲਵਾਹਾ ਵੱਲੋਂ ਇਸ ਸਰਕਾਰੀ ਰੋਡਵੇਜ਼ ਬੱਸ ਸੇਵਾ ਸ਼ੁਰੂ ਕਰਨ ਵਾਲੇ ਫੈਸਲੇ ਦਾ ਸਵਾਗਤ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।