ਨਵਾਂਸ਼ਹਿਰ 30 ਜੂਨ :- ਪੰਜਾਬ ਦੀ ਮਾਨ ਸਰਕਾਰ ਵੱਲੋਂ ਆਪਣਾ ਪਹਿਲਾ ਬਜ਼ਟ ਪੇਸ਼ ਕਰਦਿਆਂ ਹੋਇਆਂ ਜਿੱਥੇ ਹਰ ਵਰਗ ਦਾ ਖਿਆਲ ਰੱਖਿਆ ਹੈ ਉਥੇ ਹੀ ਇਸ ਲੋਕ ਪੱਖੀ ਬਜ਼ਟ ਵਿਚ ਸਿਹਤ ਅਤੇ ਸਿੱਖਿਆ ਦੇ ਖੇਤਰ ਲਈ ਬਜ਼ਟ ਵਿਚ ਕੀਤਾ ਇਤਿਹਾਸਕ ਵਾਧਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਉੱਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਰਾਜਨੀਤਕ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਐਨਾ ਵਾਧਾ ਕੀਤਾ ਗਿਆ ਹੋਵੇ, ਪੰਜਾਬ ਦੇ ਵਿੱਤ ਮੰਤਰੀ ਸ ਹਰਪਾਲ ਸਿੰਘ ਚੀਮਾ ਜੀ ਨੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੁਲ 4731 ਕਰੌੜ ਰੁਪਏ ਦੇ ਬਜਟ ਦੀ ਤਜਵੀਜ਼ ਪੇਸ਼ ਕਰਕੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਮਾਨ ਸਰਕਾਰ ਵੱਲੋਂ ਪੰਜਾਬੀਆਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੋਕਾਂ ਨੂੰ ਫਰੀ ਇਲਾਜ ਮੁਹੱਈਆ ਕਰਵਾਉਣ ਦੇ ਨਾਲ ਨਾਲ ਵਿਸ਼ਵ ਪੱਧਰੀ ਇਲਾਜ ਮੁਹੱਈਆ ਕਰਵਾਉਣਾ ਵੀ ਸਰਕਾਰ ਦਾ ਮੁੱਖ ਉਦੇਸ਼ ਹੈ। ਇਸੇ ਤਰ੍ਹਾਂ ਸਿੱਖਿਆ ਦੇ ਖੇਤਰ ਲਈ ਬਜਟ ਵਿੱਚ ਇਤਿਹਾਸਕ ਵਾਧਾ ਕਰਦਿਆਂ ਹੋਇਆਂ ਪੰਜਾਬ ਦੀ ਮਾਨ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਲਈ 2966 ਕਰੌੜ ਦੇ ਬਜ਼ਟ ਦੀ ਤਜਵੀਜ਼ ਪੇਸ਼ ਕੀਤੀ ਹੈ ਜੋ ਕਿ ਆਪਣੇ ਆਪ ਵਿੱਚ ਅੱਜ ਤੱਕ ਪੇਸ਼ ਹੋਏ ਸਿੱਖਿਆ ਦੇ ਬਜ਼ਟ ਤੋਂ ਦੁਗਣਾ ਹੈ। ਸਿੱਖਿਆ ਦੇ ਖੇਤਰ ਵਿੱਚ ਮਾਨ ਸਰਕਾਰ ਵੱਲੋਂ ਹੁਣ ਕ੍ਰਾਂਤੀਕਾਰੀ ਬਦਲਾਵ ਹੋਣੇ ਨਿਸ਼ਚਿਤ ਹਨ ਕਿਉਂਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਸਿੱਖਿਆ ਦੇ ਖੇਤਰ ਵਿਚ ਇਤਿਹਾਸਕ ਕ੍ਰਾਂਤੀ ਲਿਆਂਦੀ ਹੈ ਉਹ ਕ੍ਰਾਂਤੀ ਹੁਣ ਪੰਜਾਬ ਵਿੱਚ ਵੀ ਆ ਰਹੀ ਹੈ। ਜਲਵਾਹਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਅਤੇ ਕਿਸਾਨ ਭਰਾਵਾਂ ਨੂੰ ਲਾਭ ਪਹੁੰਚਾਉਣ ਲਈ 11,560 ਕਰੌੜ ਰੁਪਏ ਦਾ ਕਿਸਾਨੀ ਬਜਟ ਪੇਸ਼ ਕਰਕੇ ਇਤਿਹਾਸ ਸਿਰਜਿਆ ਹੈ ਜਿਸ ਨਾਲ ਕਿਸਾਨ ਭਰਾਵਾਂ ਨੂੰ ਕਾਫ਼ੀ ਲਾਭ ਹੋਵੇਗਾ ਅਤੇ ਖੇਤੀ ਵੀ ਲਾਹੇਵੰਦ ਧੰਦਾ ਬਣਕੇ ਪ੍ਰਫੁੱਲਤ ਹੋਵੇਂਗੀ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਦੱਸਿਆ ਕਿ ਪੰਜਾਬ ਵਿੱਚ 16 ਨਵੇਂ ਮੈਡੀਕਲ ਕਾਲਜ ਬਣਾਉਣ ਲਈ ਮਾਨ ਸਰਕਾਰ ਵੱਲੋਂ 1033 ਕਰੌੜ ਰੁਪਏ ਦੇ ਬਜਟ ਨੂੰ ਪੇਸ਼ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਰਾਹਤ ਦਿੱਤੀ ਹੈ ਕਿ ਹੁਣ ਤੁਹਾਨੂੰ ਡਾਕਟਰ ਬਣਨ ਲਈ ਬੇਗਾਨੇ ਮੁਲਕਾਂ ਵਿੱਚ ਧੱਕੇ ਖਾਣ ਦੀ ਲੋੜ ਨਹੀਂ ਪਵੇਗੀ ਸਗੋਂ ਤੁਹਾਡੀ ਆਪਣੀ ਸਰਕਾਰ 16 ਨਵੇਂ ਮੈਡੀਕਲ ਕਾਲਜ ਖੋਲਕੇ ਬੱਚਿਆਂ ਨੂੰ ਆਪਣੇ ਸੂਬੇ ਵਿਚ ਰੱਖਕੇ ਹੀ ਡਾਕਟਰ ਬਣਾਏਗੀ। ਪੰਜਾਬ ਸਰਕਾਰ ਵੱਲੋਂ ਜੋ ਦਿੱਲੀ ਸਰਕਾਰ ਦੀ ਤਰਜ਼ ਉੱਤੇ ਫ਼ਰਿਸ਼ਤੇ ਸਕੀਮ ਸ਼ੁਰੂ ਕੀਤੀ ਹੈ ਉਸ ਨਾਲ ਲੱਖਾਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ, ਹੁਣ ਪੰਜਾਬ ਵਿੱਚ ਅਗਰ ਕਿਸੇ ਦਾ ਰੋਡ ਐਕਸੀਡੈਂਟ ਹੁੰਦਾ ਹੈ ਤਾਂ ਉਸ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਐਕਸੀਡੈਂਟ ਹੋਏ ਵਿਅਕਤੀ ਦਾ ਸਾਰਾ ਇਲਾਜ਼ ਵੀ ਬਿਲਕੁਲ ਫਰੀ ਹੋਵੇਗਾ। ਇਸ ਫ਼ਰਿਸ਼ਤੇ ਸਕੀਮ ਨੂੰ ਸ਼ੁਰੂ ਕਰਨ ਲਈ ਸਮੁੱਚੇ ਪੰਜਾਬੀਆਂ ਵੱਲੋਂ ਮਾਨ ਸਰਕਾਰ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਇਸ ਸਕੀਮ ਤਹਿਤ ਹੁਣ ਪੰਜਾਬ ਦੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਸੋ ਮਾਨ ਸਰਕਾਰ ਵੱਲੋਂ ਪੇਸ਼ ਕੀਤੇ ਪਹਿਲੇ ਲੋਕਪੱਖੀ ਬਜ਼ਟ ਤੋਂ ਅੱਜ ਹਰ ਵਰਗ ਖੁਸ਼ ਨਜ਼ਰ ਆ ਰਿਹਾ ਹੈ।