ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਨਸ਼ਿਆ ਵਿਰੁੱਧ ਜਾਗਰੂਕਤਾ ਲਈ ਨਿਵੇਕਲੀ ਸ਼ੁਰੂਆਤ

ਨਵਾਂਸ਼ਹਿਰ 11ਜੂਨ:- ਪੰਜਾਬ ਸਰਕਾਰ ਵੱਲੋਂ ਨਸ਼ਿਆ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਡਾ. ਸੰਦੀਪ ਕੁਮਾਰ ਸ਼ਰਮਾ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਨਾਲ ਗ੍ਰਸਤ ਪਿੰਡਾਂ ਵਿੱਚ ਲੋਕਾਂ ਨੂੰ ਨਸ਼ਿਆ ਵਿਰੁੱਧ ਜਾਗਰੂਕ ਕਰਨ ਲਈ ਪ੍ਰਭਾਤ ਫੇਰੀ ਕੱਢਣ ਦਾ ਪ੍ਰੋਗਰਾਮ ਉਲੀਕਿਆ ਗਿਆ। ਜਿਸ ਤਰ੍ਹਾਂ ਪਹਿਲਾਂ ਪਿੰਡਾਂ ਵਿੱਚ ਪ੍ਰਭਾਤ ਫੇਰੀਆ ਦਾ ਆਯੋਜਨ ਲੋਕਾਂ ਵਿੱਚ ਧਾਰਮਿਕ ਪ੍ਰਚਾਰ ਕਰਨ ਲਈ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਜਿਲ੍ਹਾ ਪੁਲਿਸ ਵੱਲੋਂ ਨਵੇਕਲੀ ਪਹਿਲ ਕਰਦੇ ਹੋਏ ਨਸ਼ਿਆ ਦੀ ਬੁਰਾਈ ਤੋਂ ਸਮਾਜ ਨੂੰ ਬਚਾਉਣ ਲਈ ਵੀ ਜਾਗਰੂਕਤਾ ਪ੍ਰਭਾਤ ਫੇਰੀਆ ਆਯੋਜਤ ਕੀਤੀਆ ਜਾ ਰਹੀਆਂ ਹਨ।
             ਇਸੇ ਲੜੀ ਤਹਿਤ ਅੱਜ ਮਿਤੀ 11-06-2022 ਨੂੰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ, ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗ ਨਾਲ ਪਿੰਡ ਜੱਬੋਵਾਲ ਵਿਖੇ ਨਸ਼ਿਆ ਦੀ ਸਮਾਜਿਕ ਬੁਰਾਈ ਤੋਂ ਬਚਣ ਦਾ ਹੋਕਾ ਦਿੰਦੀ ਹੋਈ ਜਾਗਰੂਕਤਾ ਪ੍ਰਭਾਤ ਫੇਰੀ ਕੱਢ ਕੇ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਪੁਲਿਸ ਅਫਸਰਾਂ ਤੋਂ ਇਲਾਵਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਦੇ ਮੈਬਰਾਂ, ਪੁਲਿਸ ਸਾਂਝ ਕੇਂਦਰ ਦੇ ਕਰਮਚਾਰੀ, ਪੰਚਾਇਤ ਮੈਂਬਰ ਪਿੰਡ ਜੱਬੋਵਾਲ ਅਤੇ ਪਿੰਡ ਵਾਸੀਆਂ ਵੱਲੋਂ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਹ ਪ੍ਰਭਾਤ ਫੇਰੀ ਪਿੰਡ ਦੀਆਂ ਸਾਰੀਆ ਗਲੀਆਂ ਅਤੇ ਸੜਕਾਂ ਵਿੱਚ ਨਸ਼ਿਆਂ ਵਿਰੁੱਧ ਹੋਕਾ ਦਿੰਦੇ ਹੋਏ ਸਫਲਤਾ ਪੂਰਵਕ ਸੰਪੰਨ ਹੋਈ, ਜਿਸ ਦੀ ਪਿੰਡ ਵਾਸੀਆਂ ਵੱਲੋਂ ਵੀ ਸ਼ਲਾਘਾ ਕੀਤੀ ਗਈ। ਇਸ ਮੌਕੇ ਤੇ ਸ੍ਰੀ ਅਮਰ ਨਾਥ, ਉਪ ਕਪਤਾਨ ਪੁਲਿਸ, ਐਸ.ਆਈ ਨਰੇਸ਼ ਕੁਮਾਰੀ ਮੁੱਖ ਅਫਸਰ ਥਾਣਾ ਸਦਰ ਨਵਾਂਸ਼ਹਿਰ ਵੀ ਹਾਜਰ ਹਨ। ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਦੇ ਮੁੱਖ ਸੇਵਾਦਾਰ ਪਿ੍ੰਸੀਪਲ ਜਸਪਾਲ ਸਿੰਘ ਗਿੱਦਾ ਆਪਣੇ ਮੈਂਬਰਾਂ ਨਾਲ ਜਾਗਰੂਕ ਪ੍ਰਭਾਤ ਫੇਰੀ ਲਈ ਪੁੱਜੇ ਸਨ।
             ਡਾ. ਸੰਦੀਪ ਕੁਮਾਰ ਸ਼ਰਮਾ, ਸੀਨੀਅਰ ਕਪਤਾਨ ਪੁਲਿਸ, ਸ਼ਭਸ ਨਗਰ ਵੱਲੋਂ ਦੱਸਿਆ ਗਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਲ੍ਹਾ ਦੇ ਹਰ ਪਿੰਡ ਵਿੱਚ ਉਲੀਕੇ ਜਾਣਗੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਨਸ਼ਿਆ ਵਿਰੁੱਧ ਵਿੱਢੀ ਮੁਹਿੰਮ ਨੂੰ ਸਫਲਤਾ ਦੇ ਅੰਜਾਮ ਤੱਕ ਪਹੁੰਚਾਇਆ ਜਾ ਸਕੇ।