ਵਿਸ਼ਵ ਸਾਈਕਲ ਦਿਵਸ 2022 ਮੌਕੇ ਅਜ਼ਾਦੀ ਦੇ ਅਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ ਸਾਈਕਲ ਰੈਲੀ

ਡਿਪਟੀ ਕਮਿਸ਼ਨਰ ਰੰਧਾਵਾ ਅਤੇ ਸੈਸ਼ਨ ਜੱਜ ਬਾਜਵਾ ਨੇ ਕਾਹਮਾ ਸਕੂਲ ਤੋਂ ਖਟਕੜ ਕਲਾਂ ਲਈ ਕੀਤਾ ਸਾਈਕਲ ਰੈਲੀ ਨੂੰ ਰਵਾਨਾ
ਸਿਹਤਮੰਦ ਜੀਵਨ ਦੇ ਨਾਲ ਅਜ਼ਾਦੀ ਦੇ 75 ਸਾਲਾਂ ਦੀ ਅਮੀਰ ਗਾਥਾ ਨੂੰ ਯਾਦ ਰੱਖਣ ਦਾ ਦਿੱਤਾ ਸੰਦੇਸ਼

ਬੰਗਾ, 3 ਜੂਨ,:ਜ਼ਿਲ੍ਹੇ ਵਿੱਚ ਵਿਸ਼ਵ ਸਾਈਕਲ ਦਿਵਸ 2022 ਮੌਕੇ ਅਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ ਸਾਈਕਲ ਰੈਲੀ ਸ਼ੁੱਕਰਵਾਰ ਸਵੇਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਦੇ ਖੇਡ ਸਟੇਡੀਅਮ ਤੋਂ ਆਰੰਭੀ ਗਈ।
      ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਕਾਹਮਾ ਸਕੂਲ ਤੋਂ ਖਟਕੜ ਕਲਾਂ ਲਈ ਇਸ ਸਾਈਕਲ ਰੈਲੀ ਨੂੰ ਰਵਾਨਾ ਕਰਦੇ ਹੋਏ ਨੌਜੁਆਨਾਂ ਨੂੰ ਦੱਸਿਆ ਕਿ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਦੀ ਪਹਿਲ ਕਦਮੀ ਤੇ ਕੱਢੀ ਗਈ ਇਸ ਸਾਈਕਲ ਦਾ ਮੰਤਵ ਸਿਹਤਮੰਦ ਜੀਵਨ ਜਾਚ ਦੇ ਸੁਨੇਹੇ ਦੇ ਨਾਲ ਨਾਲ, ਦੇਸ਼ ਦੇ ਅਜ਼ਾਦੀ ਦੇ 75 ਸਾਲਾਂ ਅਮੀਰ ਇਤਿਹਾਸ ਨਾਲ ਵੀ ਜੋੜਨਾ ਹੈ। ਉਨ੍ਹਾਂ ਕਿਹਾ ਕਿ ਅੱਜ 3 ਜੂਨ 2022 ਨੂੰ ਵਿਸ਼ਵ ਸਾਈਕਲ ਦਿਵਸ, ਵਿਸ਼ਵ ਭਰ 'ਚ ਸਾਈਕਲਿੰਗ ਦੀ ਮਹੱਤਤਾ ਨੂੰ ਦਰਸਾਉਣ ਲਈ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦੌਰ ਵਿੱਚ ਲੋਕ ਆਪਣੇ ਘਰਾਂ ਵਿੱਚ ਹੀ ਰਹੇ ਅਤੇ ਉਨ੍ਹਾਂ ਦੀ ਸਿਹਤ ਵੀ ਪ੍ਰਭਾਵਿਤ ਹੋਈ। ਅਜਿਹੇ 'ਚ ਲੋਕਾਂ ਨੂੰ ਫਿੱਟ ਰਹਿਣ ਲਈ ਹਰ ਰੋਜ਼ ਸਾਈਕਲਿੰਗ ਕਰਨੀ ਚਾਹੀਦੀ ਹੈ ਅਤੇ ਸੈਰ ਕਰਨੀ ਚਾਹੀਦੀ ਹੈ ਅਤੇ ਸਾਈਕਲ ਦੀ ਵਰਤੋਂ ਨਾਲ ਗਲੋਬਲ ਵਾਰਮਿੰਗ 'ਤੇ ਵੀ ਅਸਰ ਪਵੇਗਾ ਅਤੇ ਰੋਜ਼ਾਨਾ ਸੈਂਕੜੇ ਲੀਟਰ ਪੈਟਰੋਲ ਦੀ ਖਪਤ ਵੀ ਘੱਟ ਜਾਵੇਗੀ, ਇਸ ਲਈ ਸਾਨੂੰ ਸਾਈਕਲ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।
       ਜ਼ਿਲ੍ਹਾ ਯੁਵਕ ਅਫ਼ਸਰ, ਨਹਿਰੂ ਯੁਵਾ ਕੇਂਦਰ, ਸ਼੍ਰੀਮਤੀ ਵੰਦਨਾ ਲੌ ਨੇ ਇਸ ਮੌਕੇ ਦੱਸਿਆ ਕਿ ਮਾਮਲੇ ਅਤੇ ਖੇਡਾਂ ਬਾਰੇ ਮੰਤਰਾਲੇ ਵੱਲੋਂ 3 ਜੂਨ 2022 ਨੂੰ ਆਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਤਹਿਤ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਵਿੱਚ ਸਾਈਕਲ ਰੈਲੀ ਕਰਨ ਦਾ  ਦਿੱਤਾ ਗਿਆ ਸੀ, ਜਿਸ ਤਹਿਤ ਕਾਹਮਾ ਪਿੰਡ ਤੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਮਿਊਜ਼ੀਅਮ, ਖਟਕੜ ਕਲਾਂ ਸ਼ਹੀਦ ਭਗਤ ਸਿੰਘ ਨਗਰ ਤੱਕ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਭਾਗ ਲਿਆ।
     ਕਾਹਮਾ ਤੋਂ ਖਟਕੜ ਕਲਾਂ ਮਿਊਜ਼ੀਅਮ ਪਹੁੰਚੇ ਇਨ੍ਹਾਂ ਵਲੰਟੀਅਰਜ਼ ਦਾ ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਵਾਗਤ ਕੀਤਾ। ਇਸ ਮੌਕੇ ਨੌਜੁਆਨਾਂ ਨੂੰ ਨਸ਼ਿਆਂ ਖ਼ਿਲਾਫ਼ ਲਹਿਰ ਬਣਾਉਣ ਅਤੇ ਦੂਰ ਰਹਿਣ ਦਾ ਸੁਨੇਹਾ ਦਿੰਦੀ ਸਕਿਟ ਪ੍ਰਵਾਸ ਰੰਗ ਮੰਚ ਵੱਲੋਂ ਪੇਸ਼ ਕੀਤੀ ਗਈ  ਡਿਪਟੀ ਕਮਿਸ਼ਨਰ ਸ੍ਰੀ ਰੰਧਾਵਾ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਵਿਚ ਜ਼ਿਲ੍ਹਾ ਪ੍ਰਸ਼ਾਸਨ d ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਤਾਂ ਜੋ ਸ਼ਹੀਦ ਭਗਤ ਸਿੰਘ ਦੇ ਨਾਮ ਨਾਲ ਜਾਣੇ ਜਾਂਦੇ ਸਾਡੇ ਜ਼ਿਲ੍ਹੇ ਦਾ ਮਾਣ ਹੋਏ ਉੱਚਾ ਹੋ ਸਕੇ।
     ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ, ਸ਼ਹੀਦ ਭਗਤ ਸਿੰਘ ਨਗਰ ਦੇ ਯੂਥ ਕਲੱਬ ਦੇ ਮੈਂਬਰ, ਗ੍ਰਾਮ ਪੰਚਾਇਤ,  ਯੂਥ ਕਲੱਬ ਕਾਹਮਾ ਦੇ ਪ੍ਰਧਾਨ ਸਤਨਾਮ ਸਿੰਘ ਕਾਹਮਾ, ਜ਼ਿਲ੍ਹਾ ਖੇਡ ਦਫ਼ਤਰ ਤੋਂ ਕੋਚ ਮਲਕੀਤ ਸਿੰਘ ਗੋਸਲ, ਬਲਵੰਤ ਰਾਏ ਤੇ ਹੋਰਨਾਂ ਨੇ ਵੀ ਸ਼ਮੂਲੀਅਤ ਕੀਤੀ।