ਨਵਾਂਸ਼ਹਿਰ, 13 ਜੂਨ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਸ਼ਹਿਰ ਦੇ ਵਿਰਾਸਤੀ ਸਥਾਨ ਬਾਰਾਂਦਰੀ ਬਾਗ਼ ਦਾ ਦੌਰਾ ਕੀਤਾ। ਉਨ੍ਹਾਂ ਇਸ ਮੌਕੇ ਬਾਗ਼ ਵਿੱਚ ਮੌਜੂਦ ਇਮਾਰਤਾਂ ਅਤੇ ਉਸਾਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਲਾਇਬ੍ਰੇਰੀ ਅਤੇ ਬਾਗ਼ ਵਿੱਚ ਚੱਲ ਰਹੇ ਕੁੱਝ ਕੁ ਅਦਾਰਿਆਂ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਇਸ ਮੌਕੇ ਆਖਿਆ ਕਿ ਬਾਰਾਂਦਰੀ ਬਾਗ਼ ਦਾ ਅਮੀਰ ਇਤਿਹਾਸ ਹੈ ਅਤੇ ਇਸ ਨੂੰ ਸ਼ਹਿਰ ਦੀ ਵਿਰਾਸਤ ਵਜੋਂ ਸੰਭਾਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿੱਚ ਕਰੀਬ 5 ਏਕੜ 'ਚ ਸਥਿਤ ਇਹ ਰਮਣੀਕ ਸਥਾਨ ਜਿੱਥੇ ਲੋਕਾਂ ਲਈ ਸਵੇਰ ਅਤੇ ਸ਼ਾਮ ਦੀ ਸੈਰ ਲਈ ਵਧੀਆ ਥਾਂ ਹੈ, ਉੱਥੇ ਬਜ਼ੁਰਗਾਂ ਅਤੇ ਮਹਿਲਾਵਾਂ ਲਈ ਇੱਥੇ ਬੈਠ ਕੇ ਆਪਣੀ ਸਾਂਝ ਵਧਾਉਣ ਦਾ ਵੀ ਵਧੀਆ ਸਥਾਨ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਗ਼ ਦੀ ਨਿਯਮਿਤ ਸਾਫ਼-ਸਫ਼ਾਈ, ਫ਼ੁਹਾਰਿਆਂ ਆਦਿ ਨੂੰ ਚਲਦਾ ਰੱਖਣ ਲਈ ਉਹ ਜਲਦ ਹੀ ਇਸ ਦੀ ਸਾਂਭ-ਸੰਭਾਲ ਕਰਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਥਾਨਕ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਰੱਖਣਗੇ ਅਤੇ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦੇਣਗੇ। ਡਿਪਟੀ ਕਮਿਸ਼ਨਰ ਅਨੁਸਾਰ ਬਾਗ਼ ਭਾਵੇਂ ਰਮਣੀਕ ਸਥਾਨ ਹੈ ਪਰੰਤੂ ਇਸ ਦੀ ਹਰਿਆਲੀ ਵੀ ਪੌਦੇ ਲਾ ਕੇ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ, ਜਿਸ ਲਈ ਵਣ ਵਿਭਾਗ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਸ਼ਹਿਰ ਦੇ ਇਸ ਵਿਰਾਸਤੀ ਸਥਾਨ ਦੀ ਨਿਯਮਿਤ ਸਾਂਭ-ਸੰਭਾਲ ਹੁੰਦੀ ਰਹੇ ਅਤੇ ਸ਼ਹਿਰ ਦੇ ਲੋਕ ਅਤੇ ਬੱਚੇ ਇਸ ਦਾ ਸੈਰ ਆਦਿ ਲਈ ਸਦਉਪਯੋਗ ਕਰਦੇ ਰਹਿਣ।