ਨਵਾਂਸ਼ਹਿਰ, 6 ਜੂਨ, :- ਜ਼ਿਲ੍ਹਾ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਵੱਲੋਂ ਅੱਜ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ, ਐਸ ਐਸ ਪੀ ਸੰਦੀਪ ਸ਼ਰਮਾ ਅਤੇ ਜੁਡੀਸ਼ੀਅਲ ਅਫਸਰਾਂ ਸਮੇਤ ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ ਵਿੱਚ ਨਵੇਂ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ।
ਉਨ੍ਹਾਂ ਇਸ ਮੌਕੇ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਮੰਤਵ ਵਾਤਾਵਰਣ ਵਿੱਚ ਆ ਰਹੇ ਵਿਗਾੜ ਬਾਰੇ ਜਾਗਰੂਕ ਕਰਦਿਆਂ ਲੋਕਾਂ ਨੂੰ ਸਕਾਰਾਤਮਕ ਕਾਰਵਾਈਆਂ ਕਰਨ ਲਈ ਸੁਚੇਤ ਕਰਨਾ ਅਤੇ ਬਿਹਤਰ ਭਵਿੱਖ ਬਣਾਉਣ ਵਿੱਚ ਮਦਦ ਕਰਨ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਾਤਾਵਰਣ ਪ੍ਰਤੀ ਚਿੰਤਾ ਜੇਕਰ ਹੁਣ ਤੋਂ ਹੀ ਨਾ ਕੀਤੀ ਗਈ ਤਾਂ ਸਾਨੂੰ ਅੱਗੇ ਜਾ ਕੇ ਬਹੁਤ ਪਛਤਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮੌਨਸੂਨ ਸੀਜ਼ਨ ਦੌਰਾਨ ਸਾਰੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ, ਜਿਸ ਨਾਲ ਹਰਿਆਵਲ ਵਿਚ ਵਾਧਾ ਹੀ ਨਹੀਂ ਹੋਵੇਗਾ ਸਗੋਂ ਸਾਡੀਆਂ ਆਉਣ ਵਾਲੀਆ ਪੀੜੀਆ ਨੂੰ ਧਰਤੀ ਤੇ ਵਧੀਆ ਸਥਾਨ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਦਰੱਖ਼ਤ ਆਲਮੀ ਤਪਸ਼ ਦੇ ਪ੍ਰਭਾਵ ਤੇ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਲੋਕਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਸਾਫ਼-ਸੁਥਰਾ ਵਾਤਾਵਰਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੰਦੇ ਹੋਏ ਮਾਨਵਤਾ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਵਾਸਤੇ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਦੂਜਿਆ ਨੂੰ ਵੀ ਵਾਤਾਵਰਣ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ।
ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਕਲ੍ਹ ਵਾਤਾਵਰਣ ਸੰਭਾਲ ਲਈ ਇੱਕ ਮਹੱਤਵਪੂਰਨ ਐਲਾਨ ਕਰਦੇ ਹੋਏ ਰਾਜ ਵਿੱਚ ' ਸਿੰਗਲ ਯੂਜ਼ ਪਲਾਸਟਿਕ' ਦੀ ਵਰਤੋਂ ਤੇ ਇੱਕ ਜੁਲਾਈ ਤੋਂ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਰੁੱਖ ਲਾਉਣਾ ਅਤੇ ਪਲਾਸਟਿਕ ਦੀ ਵਰਤੋਂ ਬੰਦ ਕਰਨਾ, ਸਾਡੇ ਵਾਤਾਵਰਣ ਅਤੇ ਚੌਗਿਰਦੇ ਦੀ ਸੰਭਾਲ ਲਈ ਬਹੁਤ ਹੀ ਮਹੱਤਵਪੂਰਨ ਕਦਮ ਹਨ, ਜਿਹੜੇ ਸਾਨੂੰ ਬਿਨਾਂ ਦੇਰੀ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸੁਧਾਰ ਜਾਂ ਸਮਾਜਿਕ ਕ੍ਰਾਂਤੀ ਲੋਕਾਂ ਦੀ ਭਾਗੀਦਾਰੀ ਤੋਂ ਬਿਨਾਂ ਨਹੀਂ ਆ ਸਕਦੀ, ਇਸ ਲਈ ਲੋਕਾਂ ਨੂੰ ਇਸ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਐਨ ਜੀ ਓਜ਼, ਧਾਰਮਿਕ ਸੰਸਥਾਵਾਂ ਅਤੇ ਪੰਚਾਇਤਾਂ ਮਹਤਵਪੂਰਨ ਭੂਮਿਕਾ ਅਦਾ ਕਰ ਸਕਦੀਆਂ ਹਨ।
ਐਸ ਐਸ ਪੀ ਸੰਦੀਪ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਬਾਜਵਾ ਵੱਲੋਂ ਆਰੰਭੇ ਇਸ ਕਾਜ਼ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਆਪਣਾ ਆਲਾ ਦੁਆਲਾ ਹਰਿਆ ਭਰਿਆ ਬਣਾਉਣ ਅਤੇ ਪਲਾਸਟਿਕ ਮੁਕਤ ਬਣਾਉਣ ਲਈ ਸਾਂਝੇ ਤੌਰ ਤੇ ਕਦਮ ਚੁੱਕਣ ਦੀ ਲੋੜ ਹੈ।