ਅੰਮ੍ਰਿਤਸਰ 13 ਜੂਨ :- ਕੇਂਦਰੀ ਸਿੱਖਿਆ ਰਾਜ ਮੰਤਰੀ ਡਾ. ਸੁਭਾਸ਼ ਸਰਕਾਰ ਦੀ ਅੰਮ੍ਰਿਤਸਰ ਫੇਰੀ ਦੇ ਦੂਜੇ ਦਿਨ ਉਨ੍ਹਾਂ ਨੇ ਗੋਲ ਬਾਗ਼ ਪਾਰਕ ਵਿਚ ਆਯੋਜਿਤ ਕੀਤੇ ਗਏ ਯੋਗਾ ਸੈਸ਼ਨ ਵਿੱਚ ਹਿੱਸਾ ਲਿਆ। ਅੰਤਰਰਾਸ਼ਟਰੀ ਯੋਗ ਦਿਵਸ 2022 ਦੇ ਕਾਊਂਟਡਾਊਨ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਲੋਕਾਂ ਵੱਲੋਂ ਵੱਡੇ ਪੱਧਰ ਉੱਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਡਾ. ਸੁਭਾਸ਼ ਸਰਕਾਰ ਨੇ ਕਿਹਾ ਕਿ ਇਹ ਪ੍ਰੋਗਰਾਮ ਜਨਤਾ ਨੂੰ ਯੋਗ ਦੇ ਜ਼ਰੀਏ ਸਿਹਤਮੰਦ ਰਹਿਣ ਦਾ ਸੁਨੇਹਾ ਦੇਣ ਲਈ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਯੋਗ ਨੂੰ ਅਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਲੋੜ ਹੈ ਅਤੇ ਯੋਗ ਅਭਿਆਸ ਰੋਜ਼ਾਨਾ ਕੀਤਾ ਜਾਣਾ ਚਾਹੀਦਾ ਹੈ। ਕੇਂਦਰੀ ਸਿੱਖਿਆ ਰਾਜ ਮੰਤਰੀ ਨੇ ਕਿਹਾ ਕਿ ਜੇ ਸੰਭਵ ਹੋ ਸਕੇ ਤਾਂ ਹਰ ਵਿਅਕਤੀ ਨੂੰ ਇਕੱਠੇ ਅਪਣੇ ਪਰਿਵਾਰ ਨਾਲ ਯੋਗਾ ਕਰਨੀ ਚਾਹੀਦੀ ਹੈ। ਇਸ ਮੌਕੇ ਮਾਣਯੋਗ ਮੰਤਰੀ ਨੇ ਸਵੱਛ ਭਾਰਤ ਅਭਿਆਨ ਨੂੰ ਹੁੰਗਾਰਾ ਦਿੰਦਿਆਂ ਖੁਦ ਹੱਥ ਵਿਚ ਝਾੜੂ ਫੜ ਕੇ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ। ਉਹਨਾਂ ਕਿਹਾ ਕਿ ਸਾਲ 2014 ਤੋਂ ਸਵੱਛ ਭਾਰਤ ਅਭਿਆਨ ਇਕ ਜਨ ਅੰਦੋਲਨ ਦੀ ਤਰਾਂ ਦੇਸ਼ ਭਰ ਵਿਚ ਚਲ ਰਿਹਾ ਹੈ। ਡਾ. ਸੁਭਾਸ਼ ਸਰਕਾਰ ਵਲੋਂ ਅਪੀਲ ਕੀਤੀ ਗਈ ਕਿ ਗਿੱਲਾ ਅਤੇ ਸੁੱਕਾ ਕੂੜਾ ਵੱਖੋ ਵੱਖ ਕੂੜੇਦਾਨਾਂ ਵਿੱਚ ਸੁੱਟਿਆ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਕੇਂਦਰੀ ਸਿੱਖਿਆ ਰਾਜ ਮੰਤਰੀ ਨੇ ਕੇਂਦਰ ਸਰਕਾਰ ਦੀਆਂ ਵੱਖੋ ਵੱਖ ਸਕੀਮਾਂ ਦੀ ਸਮੀਖਿਆ ਲਈ ਜ਼ਿਲ੍ਹਾ ਵਿਕਾਸ ਕੌਰਡੀਨੇਸ਼ਨ ਅਤੇ ਮੋਨੀਟਰਿੰਗ ਕਮੇਟੀ (ਦਿਸ਼ਾ) ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਉਨ੍ਹਾਂ ਵਲੋਂ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਸੰਬੰਧ ਵਿੱਚ ਲੋੜੀਂਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ। ਇਸ ਮੀਟਿੰਗ ਵਿੱਚ ਡੀ.ਸੀ. ਹਰਪ੍ਰੀਤ ਸਿੰਘ ਸੂਦਨ, ਏਡੀਸੀ ਰਣਬੀਰ ਸਿੰਘ ਮੂਧਲ ਤੇ ਮਿਉਂਸਪਲ ਕਾਰਪੋਰੇਸ਼ਨ ਦੇ ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਸਣੇ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਡਾ. ਸੁਭਾਸ਼ ਸਰਕਾਰ ਵਲੋਂ ਬੰਡਾਲਾ ਵਿੱਚ ਸਥਿਤ ਹੈਲਥ ਐਂਡ ਵੈਲਨੈਸ ਸੈਂਟਰ ਦਾ ਦੌਰਾ ਵੀ ਕੀਤਾ ਗਿਆ ਅਤੇ ਆਯੁਸ਼ਮਾਨ ਭਾਰਤ ਸਣੇ ਕੇਂਦਰ ਸਰਕਾਰ ਦੀਆਂ ਸਿਹਤ ਸੰਬੰਧੀ ਯੋਜਨਾਵਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ। ਇਸਦੇ ਨਾਲ ਵੀ ਮਾਨਯੋਗ ਮੰਤਰੀ ਵੱਲੋਂ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਫਾਇਦਾ ਚੁੱਕ ਰਹੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਗਈ।