-ਡਿਪਟੀ ਕਮਿਸ਼ਨਰ ਨੇ ਤਾਜੋਵਾਲ ਬੰਨ ਦਾ ਕੀਤਾ ਦੌਰਾ
ਨਵਾਂਸ਼ਹਿਰ, 4 ਅਗਸਤ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਪਿੰਡ ਤਾਜੋਵਾਲ ਵਿਖੇ ਦਰਿਆ 'ਤੇ ਬਣਾਏ ਗਏ ਬੰਨ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਤਾਜੋਵਾਲ ਵਿਖੇ ਸਤਲੁਜ ਦਰਿਆ ਦੇ ਕਿਨਾਰੇ ਬਣਾਇਆ ਗਿਆ ਬੰਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਇਸ ਨੂੰ ਹੋਰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਣੀ ਦੇ ਬਹਾਅ ਦੇ ਕਾਰਨ ਦਰਿਆ ਵਿੱਚ ਬਹਿੰਦਾ ਹੋਇਆ ਪਾਣੀ ਸਿੱਧੇ ਤੌਰ 'ਤੇ ਬੰਨ ਦੇ ਨਾਲ ਟਕਰਾਅ ਕੇ ਅੱਗੇ ਵਧਦਾ ਹੈ, ਜਿਸਦੇ ਕਾਰਨ ਬੰਨ ਦੇ ਉਪਰ ਜ਼ਿਆਦਾ ਜ਼ੋਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਮੇਂ-ਸਮੇਂ 'ਤੇ ਇਸ ਬੰਨ ਦਾ ਨਰੀਖਣ ਕਰਦੇ ਰਹਿਣ। ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਬੰਨ ਨੂੰ ਬੋਰਿਆਂ ਅਤੇ ਜਾਲ ਰਾਹੀਂ ਹੋਰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਜੇਕਰ ਪਾਣੀ ਪਿਛੋ ਜ਼ਿਆਦਾ ਮਾਤਰਾ ਵਿੱਚ ਆਉਂਦਾ ਹੈ ਤਾਂ ਬੰਨ 'ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਾ ਹੋਵੇ ਅਤੇ ਪਾਣੀ ਬੰਨ ਦੇ ਨਾਲ ਟਕਰਾਉਂਦਾ ਹੋਇਆ ਅੱਗੇ ਨਿਕਲ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਦਰਿਆ ਦੇ ਨਾਲ ਲੱਗਦੇ ਮੀਂਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਵੀ ਦੌਰਾ ਕੀਤਾ ਗਿਆ ਹੈ ਅਤੇ ਸਬੰਧਤ ਵਿਭਾਗ ਦੇ ਅਧਿਆਕਰੀਆਂ ਨੂੰ ਸਮੇਂ ਸਿਰ ਗਿਰਦਾਵਰੀ ਦਾ ਕੰਮ ਮੁਕੰਮਲ ਕਰਕੇ ਰਿਪੋਰਟ ਭੇਜਣ ਸਬੰਧੀ ਨਿਰਦੇਸ਼ ਦਿੱਤੇ ਗਏ ਹਨ।