ਕੁਦਰਤ ਦੇ ਨਾਲ ਕਿਸੇ ਨੂੰ ਖੇਡਣਾ ਨਹੀਂ ਚਾਹੀਦਾ
ਨਵਾਂਸ਼ਹਿਰ, 7 ਅਗਸਤ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬਲਾਕ ਔੜ ਦੇ ਪਿੰਡ ਮਾਹਲ
ਖੁਰਦ ਦਾ ਦੌਰਾ ਕਰਦੇ ਹੋਏ ਪਿੰਡ ਵਾਸੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬੀਤੇ ਦਿਨੀ ਹੋਈ
ਬਰਸਾਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਾਣੀ ਨੇ ਹਮੇਸ਼ਾਂ ਆਪਣੀ ਢਲਾਣ ਲੈਣੀ ਹੈ, ਪਾਣੀ ਦੇ
ਰੱਸਤੇ ਦੇ ਵਿੱਚ ਜਿੰਨੀਆਂ ਵੀ ਸੜਕਾਂ, ਨਾਲੀਆਂ ਜਾਂ ਗਲੀਆਂ ਆਈਆਂ ਹਨ, ਪਾਣੀ ਇਨ੍ਹਾਂ ਨੂੰ
ਕੱਟ ਕੇ ਨਿਕਲ ਜਾਂਦਾ ਹੈ। ਕੁਦਰਤ ਦੇ ਨਾਲ ਕਿਸੇ ਨੂੰ ਖੇਡਣਾ ਨਹੀਂ ਚਾਹੀਦਾ। ਜੇਕਰ ਪਾਣੀ ਦੇ
ਰੱਸਤੇ ਦੇ ਵਿੱਚ ਕੁਝ ਆਉਂਦਾ ਹੈ, ਤਾਂ ਪਾਣੀ ਪਲਟ ਕੇ ਦੂਸਰਿਆਂ ਰੱਸਤਿਆਂ ਰਾਹੀਂ ਨਿਕਲਦਾ
ਹੈ, ਜਿਸਦਾ ਨਤੀਜਾ ਅਸੀਂ ਸਾਰਿਆਂ ਨੇ ਦੇਖਿਆ ਹੈ, ਜਿਸ ਨਾਲ ਸਾਰਿਆਂ ਦਾ ਨੁਕਸਾਨ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡ ਦੇ ਵਿੱਚ ਜਿਹੜੀਆਂ ਵੀ ਸਮੱਸਿਆਵਾਂ ਹਨ,
ਇਨ੍ਹਾਂ ਸਮੱਸਿਆ ਦਾ ਹੱਲ ਇਕ ਜੁੱਟ ਹੋ ਕੇ ਸਾਰਿਆਂ ਦੀ ਸਹਿਮਤੀ ਦੇ ਨਾਲ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਕੂੜਾ ਕਰਕਟ ਦੀ ਸਮੱਸਿਆ ਲਈ ਆਧੁਨਿਕ ਤਰੀਕੇ ਅਪਣਾਉਣ
ਦੀ ਜ਼ਰੂਰਤ ਹੈ। ਆਧੁਨਿਕ ਅਤੇ ਹੋਰ ਤਰੀਕਿਆਂ ਰਾਹੀਂ ਗਿੱਲੇ ਅਤੇ ਸੁੱਕੇ ਕੂੜੇ ਦੀ
ਸਾਂਭ-ਸੰਭਾਲ ਕੀਤੀ ਜਾ ਸਕਦੀ ਹੈ, ਇਸਦੇ ਲਈ ਸਰਕਾਰ ਵਲੋਂ ਵੀ ਸਮੇਂ-ਸਮੇਂ 'ਤੇ ਜਾਗਰੂਕਤਾ
ਪ੍ਰੋਗਰਾਮ ਵੀ ਚਲਾਏ ਜਾਂਦੇ ਹਨ, ਜਿਸ ਵਿੱਚ ਕੂੜੇ ਦੀ ਸਾਂਭ ਸੰਭਾਲ ਲਈ ਜਾਣਕਾਰੀ ਦਿੱਤੀ
ਜਾਂਦੀ ਹੈ। ਸਾਨੂੰ ਬਰਸਾਤੀ ਪਾਣੀ ਦੇ ਨਿਕਾਸ ਅਤੇ ਕੂੜੇ ਦੀ ਸਾਂਭ ਸੰਭਾਲ ਲਈ ਆਧੁਨਿਕ
ਤਰੀਕਿਆਂ ਨੂੰ ਅਪਣਾਉਣ ਦੀ ਜ਼ਰੂਰਤ ਹੈ। ਇਸ ਦੌਰਾਨ ਉਨ੍ਹਾਂ ਨੇ ਪਿੰਡ ਵਾਸੀਆਂ ਦੀਆਂ
ਸਮੱਸਿਆਵਾਂ ਵੀ ਸੁਣੀਆਂ ਅਤੇ ਇਨ੍ਹਾਂ ਸਮੱਸਿਆਵਾਂ ਸਬੰਧੀ ਮਿਲ-ਜੁਲ ਕੇ ਹੱਲ ਕੱਢਣ ਸਬੰਧੀ
ਜਾਗਰੂਕ ਕੀਤਾ।
ਫੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਬਲਾਕ ਔੜ ਦੇ ਪਿੰਡ ਮਾਹਲ ਖੁਰਦ
ਵਿਖੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ।