ਕੈਬਨਿਟ ਮੰਤਰੀ ਨੇ 20.23 ਲੱਖ ਰੁਪਏ ਦੀ ਲਾਗਤ ਲਾਲ ਪਿੰਡ ਸ਼ੇਰਪੁਰ ਬਾਹਤੀਆਂ 'ਚ ਰੱਖਿਆ
ਪਾਰਕ ਦਾ ਨੀਂਹ ਪੱਥਰ
ਹੁਸ਼ਿਆਰਪੁਰ, 27 ਅਗਸਤ: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪਿੰਡਾਂ ਦੀ
ਤਰੱਕੀ ਨੂੰ ਲੈ ਕੇ ਪੰਜਾਬ ਸਰਕਾਰ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ ਅਤੇ ਇਥੇ ਬੁਨਿਆਦੀ
ਸਹੂਲਤਾਂ ਤੋਂ ਲੈ ਕੇ ਹੋਰ ਜ਼ਰੂਰੀ ਸੁਵਿਧਾਵਾਂ ਪਹੁੰਚਾ ਰਹੀ ਹੈ। ਉਹ ਪਿੰਡ ਸ਼ੇਰਪੁਰ
ਬਾਹਤੀਆਂ ਵਿਚ 20.23 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਾਰਕ ਦਾ ਨੀਂਹ ਪੱਥਰ ਰੱਖਣ
ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਹਰ ਪਿੰਡ
ਵਿਚ ਇਕ ਇਸ ਤਰ੍ਹਾਂ ਦੀ ਥਾਂ ਹੋਵੇ ਜਿਥੇ ਵੱਡੇ ਸੈਰ ਕਰਨ ਅਤੇ ਬੱਚੇ ਖੇਡਣ-ਕੁੱਦਣ।
ਉਨ੍ਹਾਂ ਕਿਹਾ ਕਿ ਇਸੇ ਤਹਿਤ ਪਿੰਡਾਂ ਵਿਚ ਅਤਿ-ਆਧੁਨਿਕ ਪਾਰਕ ਬਣਾਏ ਜਾ ਰਹੇ ਹਨ, ਜੋ
ਕਿ ਵਿਸ਼ੇਸ਼ ਤੌਰ 'ਤੇ ਡਿਜ਼ਾਇਨ ਕੀਤੇ ਗਏ ਹਨ। ਇਨ੍ਹਾਂ ਥਾਵਾਂ 'ਤੇ ਚੰਗੀ ਸੈਰਗਾਹ ਦੇ
ਨਾਲ਼-ਨਾਲ਼ ਬੱਚਿਆਂ ਦੇ ਖੇਡਣ ਲਈ ਵੀ ਢੁੱਕਵੀਆਂ ਥਾਵਾਂ ਬਣਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪਾਰਕ ਤਿਆਰ ਹੋਣ ਤੋਂ ਬਾਅਦ ਇਸ ਦੀ ਸੰਭਾਲ ਵੀ ਪਿੰਡ ਦੀ ਪੰਚਾਇਤ
ਵਲੋਂ ਕੀਤੀ ਜਾਵੇਗੀ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪਿੰਡ ਦੇ ਨੌਜਵਾਨਾਂ ਨੂੰ
ਖੇਡਾਂ ਦੇ ਨਾਲ ਜੋੜਨ ਲਈ ਵੀ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਆਉਣ ਸਮੇਂ ਵਿਚ
ਨੌਜਵਾਨਾਂ ਨੂੰ ਵੀ ਪਿੰਡ ਵਿਚ ਹੀ ਬਿਹਤਰੀਨ ਸੁਵਿਧਾਵਾ ਪ੍ਰਦਾਨ ਕੀਤੀਆਂ ਜਾਣਗੀਆਂ।
ਇਸ ਮੌਕੇ ਚੇਅਰਮੈਨ ਦਿ ਹੁਸ਼ਿਆਰਪੁਰ ਸੈਂਟਰਲ ਕੋਆਪਰੇਟਿਵ ਬੈਂਕ ਵਿਕਰਮ ਸ਼ਰਮਾ,
ਬੀ.ਡੀ.ਪੀ.ਓ ਸੁਖਜਿੰਦਰ ਸਿੰਘ, ਐਸ.ਡੀ.ਓ ਪੰਚਾਇਤੀ ਰਾਜ ਅਮਰਜੀਤ ਸਿੰਘ, ਜੇ.ਈ ਗੁਰਦੀਪ
ਸਿੰਘ, ਵਰਿੰਦਰ ਸ਼ਰਮਾ ਬਿੰਦੂ, ਪ੍ਰਿਤਪਾਲ, ਰਾਜਨ ਸੈਣੀ, ਅਵਤਾਰ ਸਿੰਘ ਤੋਂ ਇਲਾਵਾ ਹੋਰ
ਪਤਵੰਤੇ ਵੀ ਮੌਜੂਦ ਸਨ।