ਮੇਰਾ ਘਰ ਮੇਰੇ ਨਾਮ/ਸਵਾਮਿਤਵਾ ਸਕੀਮ ਤਹਿਤ ਕੀਤੇ ਜਾ ਰਹੇ ਕੰਮਾਂ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ

ਨਵਾਂਸ਼ਹਿਰ, 10 ਅਗਸਤ :- ਪੰਜਾਬ ਸਰਕਾਰ ਵੱਲੋਂ ਲੱਖਾਂ ਪਰਿਵਾਰਾਂ ਖਾਸਕਰ ਸਮਾਜ ਦੇ
ਕਮਜ਼ੋਰ ਅਤੇ ਪਛੜੇ
ਵਰਗਾਂ ਦੇ ਪਰਿਵਾਰਾਂ ਲਈ ਵੱਡੀ ਰਾਹਤ ਵਜੋਂ ਲਾਲ ਲਕੀਰ ਦੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ
ਨੂੰ ਮਲਕੀਅਤ ਦੇ ਹੱਕ ਦੇਣ ਲਈ ਮੇਰਾ ਘਰ ਮੇਰੇ ਨਾਮ/ਸਵਾਮਿਤਵਾ ਸਕੀਮ ਚਲਾਈ ਗਈ ਹੈ। ਇਸ ਸਕੀਮ
ਤਹਿਤ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਅੱਜ ਸ਼੍ਰੀ ਨਵਜੋਤ ਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ
ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਦੇ ਮੀਟਿੰਗ ਹਾਲ ਵਿਖੇ ਇੱਕ
ਰੀਵਿਊ ਮੀਟਿੰਗ ਆਯੋਜਿਤ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਬੰਧਤ
ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੇਰਾ ਘਰ ਮੇਰੇ ਨਾਮ/ ਸਵਾਮਿਤਵਾ ਸਕੀਮ ਤਹਿਤ ਡਿਊਟੀ 'ਤੇ
ਤਾਇਨਾਤ ਕੀਤੇ ਗਏ ਅਧਿਕਾਰੀਆਂ ਦੀ ਇੱਕ ਵਰਕਸ਼ਾਪ ਆਯੋਜਿਤ ਕਰਕੇ ਟ੍ਰੇਨਿੰਗ ਮੁਹੱਈਆ ਕਰਵਾਈ
ਜਾਵੇ ਤਾਂ ਜੋ ਨਿਰਪੱਖ ਅਤੇ ਸਹੀ ਢੰਗ ਨਾਲ ਕੰਮ ਨੂੰ ਨੇਪਰੇ ਚਾੜਿਆ ਜਾ ਸਕੇ। ਮੀਟਿੰਗ ਵਿੱਚ
ਡਿਜੀਟਲ ਨੇਵੀਗੇਸ਼ਨ ਲਈ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਡਰੋਨ ਸਰਵੇਖਣ ਦੇ ਕੰਮ 'ਤੇ ਚਰਚਾ
ਕੀਤੀ ਗਈ ਅਤੇ ਵੱਖ-ਵੱਖ ਅਧਿਕਾਰੀਆਂ ਵੱਲੋਂ ਇਸ ਸਬੰਧੀ ਆਪਣੇ ਸੁਝਾਅ ਵੀ ਪੇਸ਼ ਕੀਤੇ ਗਏ।
ਮੀਟਿੰਗ ਵਿੱਚ ਮੇਰਾ ਘਰ ਮੇਰੇ ਨਾਮ/ਸਵਾਮਿਤਵਾ ਸਕੀਮ ਤਹਿਤ ਕੀਤੇ
ਜਾ ਰਹੇ ਕੰਮ ਵਿੱਚ ਆ ਰਹੀਆਂ ਸਮੱਸਿਆਵਾਂ ਤੇ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ ਅਤੇ ਇਹ
ਸਮੱਸਿਆਵਾਂ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਸਬੰਧੀ ਆਦੇਸ਼ ਵੀ ਜਾਰੀ ਕੀਤੇ ਗਏ ਤਾਂ
ਜੋ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ
ਸਰਕਾਰ ਵੱਲੋਂ ਚਲਾਈ ਜਾ ਰਹੀ ਮੇਰਾ ਘਰ ਮੇਰੇ ਨਾਮ/ਸਵਾਮਿਤਵਾ ਸਕੀਮ ਬਹੁਤ ਹੀ ਵਧੀਆ ਹੈ, ਇਸ
ਸਕੀਮ ਨਾਲ ਉਹ ਸਾਰੇ ਲੋਕ ਜੋ ਲਾਲ ਲਕੀਰ ਦੇ ਘਰਾਂ ਵਿੱਚ ਪੀੜ੍ਹੀ ਦਰ ਪੀੜ੍ਹੀ ਰਹਿ ਰਹੇ ਹਨ
ਨੂੰ ਮਾਲਕਾਨਾਂ ਹੱਕ ਮਿਲ ਜਾਵੇਗਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਰਾਜੀਵ
ਵਰਮਾ ਵਧੀਕ ਡਿਪਟੀ ਕਮਿਸ਼ਨਰ (ਜ), ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ. ਨਵਾਂਸ਼ਹਿਰ, ਵਿਕਰਮਜੀਤ
ਸਿੰਘ ਐਸ.ਡੀ.ਐਮ. ਬਲਾਚੌਰ, ਜ਼ਿਲ੍ਹਾ ਰੈਵੀਨਿਊ ਅਫ਼ਸਰ ਮਨਦੀਪ ਸਿੰਘ ਮਾਨ, ਤਹਿਸੀਲਦਾਰ ਨਵਾਂਸ਼ਹਿਰ
ਪ੍ਰਵੀਨ ਸਿਬਰ, ਤਹਿਸੀਲਦਾਰ ਬਲਾਚੌਰ ਕਰਨ ਗੁਪਤਾ, ਨਾਇਬ ਤਹਿਸੀਲਦਾਰ ਅਮਰਪ੍ਰੀਤ ਸਿੰਘ, ਸਰਦ
ਕਾਨੁਗੋ ਕੁਲਵਿੰਦਰ ਸਿੰਘ, ਅਤੇ ਸਬੰਧਤ ਬੀ.ਡੀ.ਪੀ.ਓਜ਼ ਹਾਜ਼ਰ ਸਨ।