ਅਜਨਾਲਾ, 6 ਅਗਸਤ – ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਸ਼ਹਿਰ ਦੀਆਂ
ਬੁਨਿਆਦੀ ਲੋੜਾਂ, ਜੋ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਪੂਰੀਆਂ ਨਹੀਂ ਹੋ ਸਕੀਆਂ ਨੂੰ ਆਉਂਦੇ
ਚੰਦ ਮਹੀਨਿਆਂ ਵਿਚ ਪੂਰੇ ਕਰਨ ਦਾ ਐਲਾਨ ਕਰਦੇ ਕਿਹਾ ਕਿ ਅਜਨਾਲਾ ਸ਼ਹਿਰ ਦੀ ਕਾਇਆ ਕਲਪ ਕਰਨ
ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨਾਂ ਅਜਨਾਲਾ ਸ਼ਹਿਰ ਵਿਚ ਲੋਕਾਂ ਨੂੰ ਸਾਫ ਤੇ ਠੰਡਾ
ਪਾਣੀ ਮੁਹੱਇਆ ਕਰਵਾਉਣ ਲਈ 6 ਵਾਟਰ ਕੂਲਰ ਲਗਾਉਣ ਦੀ ਸ਼ੁਰੂਆਤ ਸ਼ਹੀਦਾਂ ਵਾਲੇ ਗੁਰਦੁਆਰੇ ਤੋਂ
ਕਰਨ ਮਗਰੋਂ ਇਸ ਗੁਰੂ ਘਰ ਲਈ ਇਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨਾਂ ਕਿਹਾ ਕਿ ਛੇਤੀ
ਹੀ ਇਥੇ ਸਿਹਤ ਸਹੂਲਤਾਂ ਦੀ ਲੋੜ ਪੂਰੀ ਕਰਨ ਲਈ ਡਿਸਪੈਂਸਰੀ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਸ.
ਧਾਲੀਵਾਲ ਨੇ ਕਿਹਾ ਕਿ ਅਜਨਾਲਾ ਸ਼ਹਿਰ ਦੀ ਸੁਰੱਖਿਆ ਲਈ ਸੜਕਾਂ ਦੇ ਨਾਲ-ਨਾਲ ਕੈਮਰੇ, ਲਾਇਟਾਂ
ਲਗਾਉਣ ਦਾ ਕੰਮ ਵੀ ਪੂਰਾ ਕੀਤਾ ਜਾਵੇਗਾ। ਉਨਾਂ ਇਸ ਮੌਕੇ ਕਾਂਗਰਸੀ ਆਗੂ ਸ੍ਰੀ ਜਗਦੀਸ਼ ਟਾਈਟਲਰ
ਨੂੰ ਸਿੱਖ ਕਤਲੇਆਮ ਕੇਸ ਵਿਚ ਅਦਾਲਤ ਵੱਲੋਂ ਦਿੱਤੀ ਜਮਾਨਤ ਉਤੇ ਪ੍ਰਤੀਕਰਮ ਦਿੰਦੇ ਕਿਹਾ ਕਿ
ਬੜੀ ਮਾੜੀ ਗੱਲ ਹੈ ਕਿ 40 ਸਾਲ ਹੋ ਚੱਲੇ ਹਨ, ਪਰ ਅਜੇ ਤੱਕ ਸਾਨੂੰ ਇਸ ਕੇਸ ਵਿਚ ਇਨਸਾਫ ਨਹੀਂ
ਮਿਲਿਆ। ਉਨਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਕਿਸੇ ਆਗੂ ਨੇ ਕਦੇ ਵੀ ਇਸ ਮੁੱਦੇ ਉਤੇ ਸਿੱਖਾਂ
ਦੀ ਅਵਾਜ਼ ਨਹੀਂ ਚੁੱਕੀ।