ਨਗਰ ਨਿਗਮ ਦੀ ਟੀਮ ਨੇ ਹੁਸ਼ਿਆਰਪੁਰ ਸ਼ਹਿਰ ਤੋਂ ਮੰਗੂਵਾਲ ਬੈਰੀਅਰ ਤੱਕ ਸੜਕ ਦੇ ਦੋਵੇਂ ਪਾਸੇ
ਕੀਤੀ ਸਫ਼ਾਈ
ਹੁਸ਼ਿਆਰਪੁਰ, 26 ਅਗਸਤ: ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਨੇ ਜਾਣਕਾਰੀ
ਦਿੰਦੇ ਹੋਏ ਦੱਸਿਆ ਕਿ ਡਿਪਟੀ
ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਕੋਮਲ ਮਿੱਤਲ ਦੀ ਅਗਵਾਈ ਵਿਚ ਨਗਰ ਨਿਗਮ ਦੀ ਟੀਮ
ਵਲੋਂ ਲੋਕਾਂ ਦੀ ਸੁਵਿਧਾ ਲਈ ਮੰਗੂਵਾਲ ਬੈਰੀਅਰ ਤੱਕ ਸਾਫ਼-ਸਫ਼ਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ
ਗਿਆ ਹੈ। ਉਨ੍ਹਾਂ ਦੱਸਿਆ ਕਿ 25 ਅਗਸਤ ਨੂੰ ਮੇਲਾ ਸਮਾਪਤ ਹੋਣ ਤੋਂ ਬਾਅਦ ਜਨਹਿੱਤ ਦੇ
ਮੱਦੇਨਜ਼ਰ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ, ਜਿਸ ਵਿਚ ਸੈਨੇਟਰੀ ਇੰਸਪੈਕਟਰ
ਜਨਕ ਰਾਜ, ਰਾਜੇਸ਼ ਕੁਮਾਰ ਅਤੇ ਵੱਖ-ਵੱਖ ਸੈਨੇਟਰੀ ਸੁਪਰਵਾਈਜ਼ਰ ਸ਼ਾਮਿਲ ਸਨ, ਵਲੋਂ ਸਵੇਰੇ 6
ਵਜੇ ਤੋਂ ਹੁਸ਼ਿਆਰਪੁਰ ਸ਼ਹਿਰ ਤੋਂ ਮੰਗੂਵਾਲ ਬੈਰੀਅਰ ਤੱਕ ਸੜਕ ਦੇ ਦੋਵੇਂ ਪਾਸੇ ਮੁਕੰਮਲ ਸਫ਼ਾਈ
ਕਰਵਾਈ ਗਈ, ਤਾਂ ਜੋ ਸ਼ਹਿਰ ਵਾਸੀਆਂ ਨੂੰ ਇਕ ਤੰਦਰੁਸਤ ਅਤੇ ਸਿਹਤਮੰਦ ਵਾਤਾਵਰਣ ਮੁਹੱਈਆ
ਕਰਵਾਇਆ ਜਾ ਸਕੇ।
ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਮਾਤਾ ਚਿੰਤਪੁਰਨੀ ਦੇ ਮੇਲੇ ਦੌਰਾਨ ਹਜ਼ਾਰਾਂ ਸ਼ਰਧਾਲੂ
ਹੁਸ਼ਿਆਰਪੁਰ ਸ਼ਹਿਰ ਤੋਂ ਲੰਘਦੇ ਹਨ ਅਤੇ ਉਨ੍ਹਾਂ ਦੀ ਸੁਵਿਧਾ ਲਈ ਕਾਫ਼ੀ ਗਿਣਤੀ ਵਿਚ ਲੰਗਰ ਵੀ
ਲਗਾਏ ਜਾਂਦੇ ਹਨ। ਇਸੇ ਵਿਚ ਸਫ਼ਾਈ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਮੇਲੇ ਦੌਰਾਨ ਅਤੇ ਮੇਲੇ
ਤੋਂ ਬਾਅਦ ਵੀ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ
ਪੱਕੇ ਤੌਰ 'ਤੇ ਸਮੇਂ-ਸਮੇਂ 'ਤੇ ਲੰਗਰਾਂ ਦੇ ਆਸ-ਪਾਸ ਕੂੜੇ ਨੂੰ ਚੁੱਕਣ ਲਈ ਵਿਸ਼ੇਸ਼ ਤੌਰ 'ਤੇ
ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਸੀ, ਜੋ ਕਿ 24 ਘੰਟੇ ਇਨ੍ਹਾਂ ਰੂਟਾਂ 'ਤੇ ਤਾਇਨਾਤ ਰੱਖੀਆਂ
ਗਈਆਂ ਸਨ।
ਸੰਦੀਪ ਤਿਵਾੜੀ ਨੇ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਅਤੇ ਮੌਕੇ 'ਤੇ
ਸਥਿਤੀ ਨੂੰ ਕਾਬੂ ਕਰਨ ਲਈ ਮੇਲੇ ਦੌਰਾਨ 2 ਫਾਇਰ ਟੈਂਡਰ ਸਟਾਫ ਸਮੇਤ 24 ਘੰਟੇ ਤਾਇਨਾਤ ਕੀਤੇ
ਗਏ ਸਨ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸੁਵਿਧਾ ਲਈ 2 ਮੋਬਾਇਲ ਪਖਾਨੇ ਵੀ 24 ਘੰਟੇ ਤਾਇਨਾਤ
ਸਨ। ਉਨ੍ਹਾਂ ਦੱਸਿਆ ਕਿ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਲੰਗਰ ਸੁਸਾਇਟੀਆਂ ਨੂੰ ਲੰਗਰ
ਵਾਲੀਆਂ ਥਾਵਾਂ 'ਤੇ ਵੇਸਟ ਸੁੱਟਣ ਲਈ ਡਸਟਬਿਨ ਮੁਹੱਈਆ ਕਰਵਾਏ ਗਏ ਸਨ ਅਤੇ ਹਰ ਲੰਗਰ
ਸੁਸਾਇਟੀ ਨੂੰ ਪਾਬੰਦ ਕੀਤਾ ਗਿਆ ਸੀ, ਕਿ ਉਹ ਲੰਗਰ ਵਿਚ ਸਿੰਗਲ ਯੂਜ਼ ਪਲਾਸਟਿਕ ਦੀ ਬਿਲਕੁਲ
ਵਰਤੋਂ ਨਾ ਕਰਨ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਇਹ ਰਹੀ ਕਿ ਲੰਗਰ ਸੁਸਾਇਟੀਆਂ ਨੇ ਪੂਰਨ
ਸਹਿਯੋਗ ਦਿੰਦੇ ਹੋਏ ਲੰਗਰ ਵਿਚ ਪਤਲਾਂ ਅਤੇ ਸਟੀਲ ਦੇ ਬਰਤਨਾਂ ਦੀ ਵਰਤੋਂ ਕੀਤੀ ਹੈ।