-ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਵਿਰੁੱਧ ਬੇਭਰੋਸਗੀ ਮਤਾ ਰੱਦ
-ਸਦਨ ਦੀ ਵਿਸ਼ੇਸ਼ ਬੈਠਕ 'ਚ ਵਿਰੋਧੀ ਧਿਰ ਦੋ ਤਿਹਾਈ ਬਹੁਮਤ ਸਾਬਤ ਨਹੀਂ ਕਰ ਸਕੀ
ਹੁਸ਼ਿਆਰਪੁਰ, 19 ਅਗਸਤ :ਮੇਅਰ ਨਗਰ ਨਿਗਮ ਹੁਸ਼ਿਆਰਪੁਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ 18 ਅਗਸਤ ਨੂੰ ਨਗਰ ਨਿਗਮ ਦੇ ਬੀ.ਆਰ ਅੰਬੇਦਕਰ ਮੀਟਿੰਗ ਹਾਲ ਵਿਚ ਹਾਊਸ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਕੁੱਲ 45 ਕੌਂਸਲਰ ਹਾਜ਼ਰ ਹੋਏ ਅਤੇ ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਹਮ ਸ਼ੰਕਰ ਜਿੰਪਾ, ਜੋ ਕਿ ਹੁਸ਼ਿਆਰਪੁਰ ਹਲਕੇ ਤੋਂ ਵਿਧਾਇਕ ਵੀ ਹਨ, ਨੇ ਵੀ ਬਤੌਰ ਮੈਂਬਰ ਹਾਜ਼ਰੀ ਭਰੀ। ਇਸ ਤਰ੍ਹਾਂ ਇਸ ਮੀਟਿੰਗ ਵਿਚ ਕੁੱਲ 46 ਮੈਂਬਰਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਮੀਟਿੰਗ ਕੁੱਲ 18 ਕੌਂਸਲਰਾਂ ਵੱਲੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਵਿਰੁੱਧ 7 ਅਗਸਤ 2023 ਨੂੰ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਨੂੰ ਲਿਖਤੀ ਰੂਪ ਵਿਚ ਦਿੱਤੀ ਗਈ ਰਿਕੂਜੀਸ਼ਨ ਦੇ ਸਬੰਧ ਵਿਚ ਰੱਖੀ ਗਈ ਸੀ।
ਇਸ ਰਿਕੂਜੀਸ਼ਨ ਦੇ ਸਬੰਧ ਵਿਚ ਨਗਰ ਨਿਗਮ ਵੱਲੋਂ ਸਮੂਹ ਮੈਂਬਰਾਂ ਅਤੇ ਹਲਕਾ ਹੁਸ਼ਿਆਰਪੁਰ ਦੇ ਵਿਧਾਇਕ ਨੂੰ ਇਕ ਵਿਸ਼ੇਸ਼ ਮੀਟਿੰਗ ਸਬੰਧੀ ਨੋਟਿਸ ਭੇਜਿਆ ਗਿਆ ਸੀ, ਜਿਸ ਵਿਚ ਉਨ੍ਹਾਂ ਨੂੰ 18 ਅਗਸਤ ਨੂੰ ਦੁਪਹਿਰ 12 ਵਜੇ ਇਸ ਵਿਸ਼ੇਸ਼ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੂਚਿਤ ਕੀਤਾ ਗਿਆ।
ਕਮਿਸ਼ਨਰ ਨਗਰ ਨਿਗਮ ਦੀ ਤਰਫੋਂ ਸਦਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਵਿਸ਼ੇਸ਼ ਮੀਟਿੰਗ ਇਸ ਲਈ ਬੁਲਾਈ ਗਈ ਹੈ ਕਿਉਂਕਿ ਕੌਂਸਲਰਾਂ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ, ਇਸ ਲਈ ਇਸ ਰਿਕੂਜੀਸ਼ਨ ਨੂੰ ਨੋ ਕੌਨਫੀਡੈਂਸ ਮੋਸ਼ਨ ਮੰਨਦਿਆਂ ਨਗਰ ਨਿਗਮ ਐਕਟ 1976 ਦੀ ਧਾਰਾ 39 ਦੇ ਤਹਿਤ ਮੀਟਿੰਗ ਬੁਲਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦੇਣ ਤੋਂ ਬਾਅਦ ਕਮਿਸ਼ਨਰ ਨਗਰ ਨਿਗਮ ਨੇ ਸਦਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਕੌਂਸਲਰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਖਿਲਾਫ ਹਨ, ਉਹ ਆਪਣਾ ਸਮਰਥਨ ਵਾਪਸ ਲੈਂਦੇ ਹੋਏ ਹੱਥ ਖੜ੍ਹੇ ਕਰਨ ਅਤੇ 19 ਕੌਂਸਲਰਾਂ ਨੇ ਹੱਥ ਖੜ੍ਹੇ ਕੀਤੇ ਗਏ ਅਤੇ ਬਕਾਇਦਾ ਇਸ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਨਿਯਮਾਂ ਅਨੁਸਾਰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਵਿਰੁੱਧ 7 ਅਗਸਤ 2023 ਨੂੰ ਪ੍ਰਾਪਤ ਹੋਈ ਰਿਕੂਜੀਸ਼ਨ ਨਾਲ ਸਬੰਧਤ ਕੌਂਸਲਰਾਂ ਵੱਲੋਂ ਪੇਸ਼ ਕੀਤਾ ਗਿਆ ਬੇਭਰੋਸਗੀ ਮਤਾ ਦੋ ਤਿਹਾਈ ਬਹੁਮਤ ਨਾ ਹੋਣ ਕਾਰਨ ਰੱਦ ਕਰ ਦਿੱਤਾ ਗਿਆ।