ਬਲਾਚੌਰ, 31, ਅਗਸਤ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ ਤਹਿਤ ਲੋੜ
ਅਨੁਸਾਰ ਪਿੰਡ ਤੇ ਸ਼ਹਿਰ ਵਿੱਚ ਮਹੁੱਲਾ ਕਲੀਨਿਕ ਬਣਾਏ ਜਾ ਰਹੇ ਹਨ। ਉਸੇ ਲੜੀ ਤਹਿਤ ਬਲਾਚੌਰ
ਸ਼ਹਿਰ ਵਾਸੀਆਂ ਦੀ ਪੁਰਜੋਰ ਮੰਗ 'ਤੇ ਪੁਰਾਣੇ ਹਸਪਤਾਲ ਗਹੂੰਣ ਰੋਡ ਬਲਾਚੌਰ ਵਿਖੇ ਮੁਹੱਲਾ
ਕਲੀਨਿਕ ਦੀ ਇਮਾਰਤ ਦਾ ਕੰਮ ਸਤੰਬਰ ਮਹੀਨੇ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਅਕਤੂਬਰ ਮਹੀਨੇ
ਤੱਕ ਇਸ ਦੇ ਚਾਲੂ ਕਰਨ ਦੀ ਯੋਜਨਾ ਬਣਾਈ ਗਈ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬਲਾਚੌਰ ਬੀਬੀ ਸੰਤੋਸ਼ ਕਟਾਰੀਆ ਨੇ
ਪੁਰਾਣੇ ਹਸਪਤਾਲ ਗਹੂੰਣ ਰੋਡ ਬਲਾਚੌਰ ਵਿਖੇ ਹਸਪਤਾਲ ਦੀ ਇਮਾਰਤ ਦਾ ਨਿਰੀਖਣ ਕਰਨ ਉਪਰੰਤ ਕੀਤਾ
। ਉਨ੍ਹਾਂ ਕਿਹਾ ਕਿ ਪਹਿਲਾਂ ਜੋ ਸਿਆਣੇ ਵਿਖੇ ਹਸਪਤਾਲ ਹੈ, ਉਹ ਸ਼ਹਿਰ ਤੋਂ 2 ਤੋਂ 3
ਕਿਲੋਮੀਟਰ ਦੂਰ ਹੈ ਸ਼ਹਿਰ ਵਾਸੀਆਂ ਨੂੰ ਉੱਥੇ ਇਲਾਜ ਕਰਵਾਉਣ ਜਾਣ ਲਈ ਬਹੁਤ ਮੁਸ਼ਕਿਲਾਂ ਦਾ
ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਮੁੱਖ ਮੰਤਰੀ ਦੇ ਧਿਆਨ ਵਿੱਚ ਇਸ ਸਮੱਸਿਆ ਨੂੰ ਲਿਆਉਣ
ਉਪਰੰਤ ਇਸ ਮਹੁੱਲਾ ਕਲੀਨਿਕ ਵਾਸਤੇ 25 ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਗਈ ਹੈ।
ਇਸ ਮੌਕੇ ਸੀਨੀਅਰ ਨੇਤਾ ਅਸ਼ੋਕ ਕਟਾਰੀਆ ਨੇ ਕਿਹਾ ਕਿ ਵਿਧਾਇਕ ਸੰਤੋਸ਼
ਕਟਾਰੀਆ ਹਰ ਸਮੇਂ ਹਲਕੇ ਦੇ ਵਿਕਾਸ ਬਾਰੇ ਸੋਚਦੇ ਹਨ, ਤਾਂ ਜੋ ਹਲਕਾ ਵਾਸੀਆਂ ਨੂੰ ਕਿਸੇ ਵੀ
ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਸ ਮਹੱਲਾ ਕਲੀਨਿਕ ਵਿੱਚ ਸਾਰੇ ਟੈਸਟ
ਤੇ ਇਲਾਜ ਮੁਫਤ ਹੋਣਗੇ।
ਇਸ ਦੌਰਾਨ ਚੰਦਰ ਮੋਹਨ ਜੇਡੀ ਹਲਕਾ ਬਲਾਚੌਰ ਤੇ ਜਿਲ੍ਹਾ ਮੀਡੀਆ ਇੰਚਾਰਜ ਨੇ ਵੀ
ਵਿਧਾਇਕ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਲੰਬੇ ਸਮੇਂ ਤੋਂ ਆਮ ਆਦਮੀ ਕਲੀਨਿਕ
ਖੋਲ੍ਹਣ ਸਬੰਧੀ ਸ਼ਹਿਰ ਵਾਸੀਆਂ ਦੀ ਮੰਗ ਸੀ। ਬਲਾਚੌਰ ਦਾ ਸਿਵਲ ਹਸਪਤਾਲ ਸ਼ਹਿਰ ਤੋਂ ਬਾਹਰ ਹੋਣ
ਕਰਕੇ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਪੈਂਦਾ ਸੀ ਜੋ ਕਿ ਬਹੁਤ
ਮਹਿੰਗਾ ਹੋਣ ਕਰਕੇ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ ਅਤੇ ਬੀਬੀ ਸੰਤੋਸ਼ ਕਟਾਰੀਆ ਦੇ ਯਤਨਾਂ
ਸਦਕਾ ਲੋਕਾਂ ਨੂੰ ਇਹ ਤੌਹਫਾ ਮਿਲਣ ਜਾ ਰਿਹਾ ਹੈ।