ਪੈਸੇ ਮੰਗਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ, ਵੀਡੀਓ ਵਾਲੀ ਸਬੰਧਤ ਸੇਵਾ ਤਹਿਸੀਲਦਾਰ ਦੇ
ਅਧਿਕਾਰ ਖੇਤਰ 'ਚ ਹੀ ਨਹੀਂ
ਰਾਜਪੁਰਾ, 27 ਅਗਸਤ: ਉਪ ਮੰਡਲ ਮੈਜਿਸਟਰੇਟ ਰਾਜਪੁਰਾ, ਤਰਸੇਮ ਚੰਦ ਨੇ ਅਣਪਛਾਤੇ
ਵਿਅਕਤੀ ਵਲੋਂ ਤਹਿਸੀਲਦਾਰ
ਰਾਜਪੁਰਾ ਦੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੇ ਜਾਣ ਦੀ ਮੁੱਢਲੀ
ਪੜਤਾਲ ਕੀਤੀ ਹੈ।ਐਸ.ਡੀ.ਐਮ ਵਲੋਂ ਕੀਤੀ ਗਈ ਮੁੱਢਲੀ ਪੜਤਾਲੀ ਵਿੱਚ ਸਾਹਮਣੇ ਆਇਆ ਹੈ
ਕਿ ਵੀਡੀਓ ਵਿਚ ਕਥਿਤ ਵਿਅਕਤੀ ਵਲੋਂ ਇਹ ਕਹਿਣਾ ਕਿ ਬਿਨ੍ਹਾਂ ਪੈਸੇ ਤੋਂ ਸੇਵਾਦਾਰ
ਅੰਦਰ ਵੀ ਨਹੀਂ ਜਾਣ ਦਿੰਦੇ, ਸਬੰਧੀ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਉਂਦਾ, ਜਿਸ ਤੋਂ
ਇਹ ਸਾਬਤ ਹੁੰਦਾ ਹੋਵੇ ਕਿ ਉਸ ਪਾਸੋਂ ਕਿਸੇ ਨੇ ਪੈਸੇ ਮੰਗੇ ਹੋਣ। ਇਹ ਵੀ ਵਰਣਨਯੋਗ ਹੈ
ਕਿ ਤਹਿਸੀਲਦਾਰ ਪਾਸ ਪਹਿਲਾਂ ਹੀ ਇੱਕ ਵਿਅਕਤੀ ਅੰਦਰ ਗਿਆ ਹੋਇਆ ਸੀ, ਉਸਦੇ ਬਾਹਰ ਆਉਣ
'ਤੇ ਉਸਨੂੰ ਅੰਦਰ ਭੇਜਿਆ ਜਾ ਸਕਦਾ ਸੀ। ਜਦਕਿ ਕਿਸੇ ਵੀ ਅਫਸਰ ਨੂੰ ਮਿਲਣ ਲਈ ਆਉਣ
ਵਾਲੇ ਨੂੰ ਆਪਣੀ ਸਲਿੱਪ ਦੇਣ ਲਈ ਕਹਿਣਾ ਨਜਾਇਜ਼ ਨਹੀਂ ਹੈ। ਇਸ ਤੋਂ ਬਿਨ੍ਹਾਂ
ਤਹਿਸੀਲਦਾਰ ਵਲੋਂ ਦਸਤਾਵੇਜ਼ ਦੇਖ ਕੇ ਇਹ ਕਹਿਣਾ ਕਿ ਇਹ ਸਰਵਿਸ ਉਨ੍ਹਾਂ ਵਲੋਂ ਨਹੀਂ
ਦਿੱਤੀ ਜਾਂਦੀ, ਠੀਕ ਹੈ। ਕਿਉਂਕਿ ਯੂ ਆਈ ਡੀ ਏ ਆਈ ਦੀਆਂ ਸੇਵਾਵਾਂ ਜਿਵੇਂ ਆਧਾਰ
ਕਾਰਡ ਸਬੰਧੀ ਕੋਈ ਵੀ ਸੇਵਾ (ਸਿਵਾਏ ਐਡਰੈਸ ਤਬਦੀਲ ਕਰਨ ਦੇ) ਸੁਵਿਧਾ ਸੈਂਟਰਾਂ/ਕਾਮਨ
ਸਰਵਿਸ ਸੈਟਰਾਂ/ਬੈਂਕਾਂ/ਡਾਕਖਾਨਿਆਂ ਵਿੱਚੋਂ ਮਿਲਦੀਆਂ ਹਨ। ਜਿਥੋਂ ਤੱਕ ਐਡਰੈਸ ਬਦਲਣ
ਦਾ ਸਬੰਧ ਹੈ, ਉਸ ਫਾਰਮ ਨੂੰ ਕੋਈ ਵੀ ਗਜਟਿਡ ਅਫਸਰ ਗਰੁੱਪ ਏ ਅਤੇ ਬੀ/ ਪੰਚਾਇਤ ਹੈਡ/
ਐਮ.ਪੀ./ਐਮ.ਐਲ.ਏ/ਐਮ.ਸੀ/ਤਹਿਸੀਲਦਾਰ ਆਦਿ ਵੀ ਤਸਦੀਕ ਕਰ ਸਕਦਾ ਹੈ, ਬਸ਼ਰਤੇ ਉਹ
ਨਾਗਰਿਕ ਨੂੰ
ਨਿਜੀ ਤੌਰ 'ਤੇ ਜਾਣਦਾ ਹੋਵੇ ਜਾਂ ਉਸ ਪਾਸ ਅਜਿਹੇ ਦਸਤਾਵੇਜ਼ ਹੋਣ ਜਿਸ 'ਤੇ ਅਧਿਕਾਰੀ
ਦੀ ਤਸੱਲੀ ਹੋਵੇ ਤੱਦ ਹੀ ਉਹ ਹਸਤਾਖਰ ਕਰਦੇ ਹਨ, ਕਿਉਂਕਿ ਬਹੁਤ ਸਾਰੇ ਲੋਕ ਫਰਾਡ ਕਰਕੇ
ਵੀ ਅਜਿਹੇ ਕੰਮ ਕਰਵਾਉਂਦੇ ਹਨ। 18 ਸਾਲ ਤੋਂ ਵੱਧ ਉਮਰ ਦੇ ਜੋ ਨਵੇਂ ਆਧਾਰ ਕਾਰਡ ਬਣਨੇ
ਹਨ, ਉਹ ਵੀ ਐਸ.ਡੀ.ਐਮ. ਪੱਧਰ ਤੱਕ ਦੀ ਆਈ.ਡੀ. ਰਾਹੀਂ ਹੁੰਦਾ ਹੈ। ਪੜਤਾਲ ਵਿਚ ਇਹ ਵੀ
ਪਤਾ ਲੱਗਾ ਹੈ ਕਿ ਕਥਿਤ ਪ੍ਰਾਰਥੀ ਆਪਣੀ ਉਮਰ ਠੀਕ ਕਰਵਾਉਣਾ ਚਾਹੁੰਦਾ ਸੀ, ਜੋ ਕਿ
ਤਹਿਸੀਲਦਾਰ ਦੇ ਅਧਿਕਾਰ
ਵਿੱਚ ਹੀ ਨਹੀਂ ਆਉਂਦੀ। ਇਸ ਤੋਂ ਬਿਨ੍ਹਾਂ ਕਥਿਤ ਵੀਡੀਓ ਵੇਖਣ 'ਤੇ ਇਹ ਵੀ ਜਾਪਦਾ ਹੈ
ਕਿ ਇਹ ਵੀਡੀਓ ਐਡਿਟ ਕੀਤੀ ਗਈ
ਹੈ, ਫਿਲਹਾਲ ਇਹ ਵੀਡੀਓ ਬਿਨ੍ਹਾਂ ਕਿਸੇ ਅਧਿਕਾਰੀ/ਕਰਮਚਾਰੀ ਵਲੋਂ ਪੈਸੇ ਮੰਗਣ ਦੇ
ਸਬੂਤ ਦੇ ਹੀ ਅਪਲੋਡ ਕੀਤੀ ਗਈ ਜਾਪਦੀ ਹੈ ਅਤੇ ਇਸ ਪਿਛੇ ਕਿਸੇ ਅਧਿਕਾਰੀ ਨੂੰ ਬਦਨਾਮ
ਕਰਨ ਦੀ ਸ਼ਾਜਿਸ਼ ਵੀ ਹੋ ਸਕਦੀ ਹੈ। ਇਸ ਸਬੰਧੀ ਰਾਜਪੁਰਾ ਪੁਲਿਸ ਵਲੋਂ ਅਲੱਗ ਤੌਰ 'ਤੇ
ਸਾਈਬਰ ਸੈਲ ਰਾਹੀਂ ਪੜਤਾਲ ਕੀਤੀ ਜਾ ਰਹੀ ਹੈ। ਉਪ ਮੰਡਲ ਮੈਜਿਸਟਰੇਟ ਰਾਜਪੁਰਾ, ਤਰਸੇਮ
ਚੰਦ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ਿਕਾਇਤ ਬਾਬਤ ਸਿੱਧੇ ਤੌਰ 'ਤੇ
ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।