ਨਗਰ ਨਿਗਮ ਹੁਸ਼ਿਆਰਪੁਰ ਨੇ ਮਹਿਜ਼ ਇਕ ਸਾਲ ਵਿਚ ਹੀ ਰਿਕਾਰਡ ਕੰਮ ਕਰਵਾਏ : ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, 22 ਅਗਸਤ:ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ
ਭਗਵੰਤ ਮਾਨ ਦੀ ਰਹਿਨੁਮਾਈ
ਹੇਠ ਜਿਥੇ ਪੰਜਾਬ ਭਰ ਵਿਚ ਜੰਗੀ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉਥੇ ਨਗਰ ਨਿਗਮ
ਹੁਸ਼ਿਆਰਪੁਰ ਵੱਲੋਂ ਮਹਿਜ਼ ਇਕ ਸਾਲ ਵਿਚ ਹੀ ਰਿਕਾਰਡ ਕੰਮ ਕਰਵਾਏ ਹਨ। ਉਨ੍ਹਾਂ ਕਿਹਾ ਕਿ ਇਸ
ਦੌਰਾਨ ਸ਼ਹਿਰ ਦੇ ਜਿਥੇ ਵੱਖ-ਵੱਖ ਵਾਰਡਾਂ ਵਿਚ ਕਰੀਬ 14 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ
ਗਏ ਹਨ ਉਥੇ 11 ਤੋਂ ਵੱਧ ਟਿਊਬਵੈੱਲ ਲਗਾ ਕੇ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਗਈ
ਹੈ। ਉਨ੍ਹਾਂ ਕਿਹਾ ਸਭਨਾਂ ਦੇ ਸਹਿਯੋਗ ਨਾਲ ਜਲਦ ਹੀ ਹੁਸ਼ਿਆਰਪੁਰ ਨੂੰ ਵਿਕਾਸ ਦੀਆਂ
ਬੁਲੰਦੀਆਂ 'ਤੇ ਪਹੁੰਚਾਇਆ ਜਾਵੇਗਾ। ਕੈਬਨਿਟ ਮੰਤਰੀ ਵਾਰਡ ਨੰਬਰ 23 ਵਿਚ 21 ਲੱਖ 31 ਹਜ਼ਾਰ
ਰੁਪਏ ਦੀ ਲਾਗਤ ਨਾਲ ਸੜਕ ਦੇ ਕੰਮ ਦੀ ਸ਼ੁਰੂਆਤ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਵਿਕਾਸ ਕੰਮ ਇਸੇ ਤਰ੍ਹਾਂ ਜਾਰੀ ਰਹਿਣਗੇ, ਤਾਂ ਜੋ
ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਸ ਦੌਰਾਨ
ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੜਕ ਦੇ ਨਿਰਮਾਣ ਕਾਰਜ ਨੂੰ ਨਿਰਧਾਰਤ ਸਮੇਂ ਵਿਚ ਪੂਰਾ ਕਰਨ
ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕੰਮ ਦੀ ਗੁਣਵੱਤਾ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ
ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਹਮੇਸ਼ਾ ਤੋਂ ਹੀ ਪਹਿਲ
ਰਹੀ ਹੈ ਕਿ ਲੋਕਾਂ ਨੂੰ ਸਮੇਂ ਸਿਰ ਬੁਨਿਆਦੀ ਸੁਵਿਧਾਵਾਂ ਪਹੁੰਚਾਈਆਂ ਜਾਣ। ਇਸ ਮੌਕੇ ਮੇਅਰ
ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਰੂਬੀ
ਤੁਲੀ, ਹਰਬਿੰਦਰ ਬਿੰਦਰ, ਮਨਮੀਤ ਕੌਰ ਤੋਂ ਇਲਾਵਾ ਮੁਹੱਲਾ ਨਿਵਾਸੀ ਵੱਡੀ ਗਿਣਤੀ ਵਿਚ ਮੌਜੂਦ
ਸਨ।