ਜ਼ਿਲ੍ਹਾ ਭਾਸ਼ਾ ਦਫ਼ਤਰਰ ਵੱਲੋਂ ਕਰਵਾਏ ਗਏ ਬਾਲ ਗਿਆਨ ਕੁਇਜ਼ ਮੁਕਾਬਲੇ
ਨਵਾਂਸ਼ਹਿਰ, 23 ਅਗਸਤ: ਭਾਸ਼ਾ ਵਿਭਾਗ, ਪੰਜਾਬ ਵਲੋਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਪ੍ਰਚਾਰ, ਪ੍ਰਸਾਰ ਲਈ ਸਮੇਂ-ਸਮੇਂ 'ਤੇ ਗਤੀਵਿਧੀਆਂ ਉਲੀਕੀਆਂ ਜਾਂਦੀਆਂ ਹਨ । ਇਸੇ ਤਹਿਤ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਡਾ. ਵੀਰਪਾਲ ਕੌਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਅਫ਼ਸਰ ਸੰਦੀਪ ਸਿੰਘ ਦੀ ਅਗਵਾਈ ਵਿੱਚ ਸਥਾਨਕ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਵੱਖ-ਵੱਖ ਵਰਗਾਂ ਦੇ ਬਾਲ-ਗਿਆਨ ਕੁਇਜ਼ ਮੁਕਾਬਲੇ ਕਰਵਾਏ ਗਏ|
ਸਮਾਗਮ ਦੀ ਸ਼ੁਰੂਆਤ ਵਿੱਚ ਸਕੂਲ ਵਾਈਸ ਪ੍ਰਿੰਸੀਪਲ ਸਤਿੰਦਰ ਸਿੰਘ ਕਾਹਲੋਂ ਨੇ ਸਾਰਿਆਂ ਦਾ ਸੁਵਾਗਤ ਕੀਤਾ। ਛੇਵੀਂ ਤੋਂ ਅੱਠਵੀਂ ਉਮਰ ਵਰਗ ਵਿੱਚ ਸਰਕਾਰੀ ਮਿਡਲ ਸਕੂਲ, ਭੰਗਲ ਖੁਰਦ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੈਲ ਮਾਜਰਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਦੂਜਾ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਹਿਮਾਨੀ ਅਰੋੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ| ਇਸੇ ਪ੍ਰਕਾਰ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂੰਢ ਮੁਕਸੂਦਪੁਰ ਦੀ ਵਿਦਿਆਥਣ ਕੋਮਲਜੀਤ ਕੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਦੀ ਵਿਦਿਆਰਥਣ ਅੰਕਿਤਾ ਨੇ ਦੂਜਾ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਢਾਹਾਂ ਕਲੇਰਾਂ ਦੀ ਵਿਦਿਆਰਥਣ ਸੁਖਮਨੀ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ| ਇਸੇ ਤਰ੍ਹਾਂ ਗ੍ਰੇਜੁਏਸ਼ਨ ਪੱਧਰ ਦੇ ਕਰਵਾਏ ਗਏ ਮੁਕਾਬਲਿਆਂ ਵਿੱਚ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਟ ਕਾਲਜ ਬਲਾਚੌਰ ਦੀ ਵਿਦਿਆਥਣ ਕੰਚਨ ਨੇ ਪਹਿਲਾ ਅਤੇ ਉਸੇ ਹੀ ਕਾਲਜ ਦੀ ਵਿਦਿਆਰਥਣ ਸੋਨੀਆ ਦੇਵੀ ਨੇ ਦੂਜਾ ਅਤੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਵਿਦਿਆਰਥੀ ਧਰਮਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ|
ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਰੱਖੇ ਸਮਾਗਮ ਵਿੱਚ ਪ੍ਰਿੰਸੀਪਲ ਡਾ. ਸੁਨੀਲ ਖੋਸਲਾ, ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਟ ਕਾਲਜ, ਬਲਾਚੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਜੇਤੂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਅਤੇ ਨਕਦ ਰਾਸ਼ੀ ਨਾਲ਼ ਸਨਮਾਨਿਤ ਕੀਤਾ ਗਿਆ| ਇਸ ਮੌਕੇ 'ਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸੰਦੀਪ ਸਿੰਘ ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਇਹ ਉਪਰਾਲਾ ਵਿਦਿਆਰਥੀਆਂ ਦੀ ਆਪਣੇ ਵਿਰਸੇ ਨਾਲ਼ ਸਾਂਝ ਹੋਰ ਪੱਕੀ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਮੌਕੇ ਭਾਸ਼ਾ ਵਿਭਾਗ ਤੋਂ ਗਗਨਦੀਪ ਸਿੰਘ, ਹਰਪ੍ਰੀਤ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।