ਲੇਖਿਕਾ ਕੰਵਲਜੀਤ ਕੌਰ ਜੁਨੇਜਾ ਦੀ ਪੁਸਤਕ 'ਲਾਹ-ਪਾਹ ਕੀਤੀ ਗਈ ਲੋਕ ਅਰਪਣ: ਰਾਜਬੀਰ ਕੌਰ ਗਰੇਵਾਲ
ਅੰਮ੍ਰਿਤਸਰ, 14 ਅਗਸਤ 2023--ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ, ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਯੂ.ਕੇ ਦੇ ਚੇਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਵੱਲੋਂ ਮੈਡਮ ਕੰਵਲਜੀਤ ਕੌਰ ਜੁਨੇਜਾ ਦੀ ਕਹਾਣੀ ਪੁਸਤਕ 'ਲਾਹ ਪਾਹ' ਲੋਕ-ਅਰਪਣ ਸਮੇਂ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਚੀਫ ਲਾਇਬ੍ਰੇਰੀਅਨ ਡਾ. ਪ੍ਰਭਜੋਤ ਕੌਰ ਦੇ ਵਿਹੜੇ ਕਾਮਰੇਡ ਸੋਹਨ ਸਿੰਘ ਜੋਸ਼ ਜ਼ਿਲ੍ਹਾ ਲਾਇਬ੍ਰੇਰੀ ਵਿੱਚ ਰੱਖਿਆ ਗਿਆl ਇਸ ਵਿੱਚ ਮੁੱਖ ਮਹਿਮਾਨ ਡਾ. ਪਰਮਜੀਤ ਸਿੰਘ ਕਲਸੀ (ਸਟੇਟ ਐਵਾਰਡੀ), ਡਾ ਰਾਣੀ (ਡੀਨ ਤੇ ਮੁਖੀ) ਪੰਜਾਬੀ ਵਿਭਾਗ ਬੀ.ਬੀ.ਕੇ.ਡੀ.ਏ.ਵੀ ਕਾਲਜ ਅਤੇ ਡਾ ਪ੍ਰਭਜੋਤ ਕੌਰ ਚੀਫ ਲਾਇਬ੍ਰੇਰੀਅਨ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ।
ਯੂ.ਕੇ ਮੰਚ ਦੇ ਪੰਜਾਬ ਪ੍ਰਧਾਨ ਮੈਡਮ ਰਾਜਬੀਰ ਕੋਰ ਗਰੇਵਾਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ l ਕਵੀ ਦਰਬਾਰ ਦੀ ਸ਼ੁਰੂਆਤ ਪੰਥਕ ਕਵੀ ਸ: ਕੁਲਦੀਪ ਸਿੰਘ ਦਰਾਜਕੇ ਦੀ ਕਵਿਤਾ ਸਾਵਣ ਨਾਲ ਹੋਈ l ਉਸ ਤੋਂ ਬਾਅਦ ਸ: ਸਤਿੰਦਰ ਸਿੰਘ ਓਠੀ, ਪੰਜਾਬੀ ਸਾਹਿਤ ਸਭਾ ਚੁਗਾਵਾਂ ਦੇ ਪ੍ਰਧਾਨ ਸ: ਧਰਵਿੰਦਰ ਸਿੰਘ ਔਲਖ, ਡਾ. ਕਸ਼ਮੀਰ ਸਿੰਘ ਖੁੰਡਾ,ਡਾ. ਬਲਜੀਤ ਸਿੰਘ, ਰਜਿੰਦਰ ਸਿੰਘ ਭਕਨਾ, ਅਜੀਤ ਸਿੰਘ ਨਬੀਪੁਰ, ਬੀਬੀ ਬਲਵਿੰਦਰ ਕੌਰ ਪੰਧੇਰ, ਭਗਤ ਨਰਾਇਣ, ਐੱਸ. ਪ੍ਰਸ਼ੋਤਮ ਅਜਨਾਲਾ, ਸ: ਮਨਮੋਹਨ ਸਿੰਘ ਬਾਸਰਕੇ, ਸੁਰਿੰਦਰ ਕੌਰ ਸਰਾਏ, ਸਤਿੰਦਰਜੀਤ ਕੌਰ ਤੇ ਰਾਜਬੀਰ ਕੌਰ ਗਰੇਵਾਲ ਸਮੇੇਤ ਸਾਰੇ ਕਵੀਆਂ ਨੇ ਬਾਕਮਾਲ ਕਵਿਤਾਵਾਂ ਪੇਸ਼ ਕਰਕੇ ਖੂਬਰੰਗ ਬੰਨਿਆ ਤੇ ਪ੍ਰੋਗਰਾਮ ਨੂੰ ਯਾਦਗਾਰੀ ਬਣਾ ਦਿੱਤਾ।
ਮਾਣ ਪੰਜਾਬੀਆਂ ਤੇ ਅੰਤਰ ਰਾਸ਼ਟਰੀ ਸਾਹਿਤਕ ਮੰਚ ਯੂਕੇ ਦੇ ਚੇਅਰਮੈਨ ਸ: ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਨੇ ਮੈਡਮ ਕੰਵਲਜੀਤ ਕੌਰ ਜਨੇਜਾ ਨੂੰ ਉਹਨਾਂ ਦੀ ਪੁਸਤਕ ਲੋਕ ਅਰਪਣ ਕਰਨ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਸ: ਮਨਮੋਹਨ ਸਿੰਘ ਬਸਰਕੇ ਵੱਲੋਂ ਆਪਣਾ ਨਾਵਲ ਖਾਰਾ ਪਾਣੀ ਭੇਟ ਕਰਨ ਸਮੇਂ ਜ਼ਿਲ੍ਹਾ ਭਾਸ਼ਾ ਅਫਸਰ ਡਾ. ਪਰਮਜੀਤ ਸਿੰਘ ਕਲਸੀ , ਮੈਡਮ ਪ੍ਭਜੋਤ ਕੌਰ , ਸਤਿੰਦਰ ਸਿੰਘ ਓਠੀ, ਐੱਸ ਪਰਸੋਤਮ ਸਿੰਘ ਅਜਨਾਲਾ ਤੇ ਰਾਜਬੀਰ ਕੌਰ ਗਰੇਵਾਲ ਹਾਜਰ ਸਨ। ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂਕੇ ਵੱਲੋਂ ਡਾਕਟਰ ਪਰਮਜੀਤ ਸਿੰਘ ਕਲਸੀ , ਡਾ. ਰਾਣੀ, ਡਾ.ਪ੍ਰਭਜੋਤ ਕੌਰ, ਅਮਰੀਕ ਸਿੰਘ ਹਰਿਆਣਾ, ਨਵਜੋਤ ਸਿੰਘ ਖੁਰਾਣਾ ਤੇ ਗੁਰਪ੍ਰੀਤ ਕੌਰ ਨੂੰ ਯੂ.ਕੇ ਮੰਚ ਵਲੋਂ ਸਨਮਾਨ ਪੱਤਰ ਤੇ ਸਿਰੋਪਾੳ ਦੇ ਕੇ ਨਿਵਾਜਿਆ ਗਿਆ । ਸਾਰੇ ਕਵੀਆਂ ਤੇ ਮੈਡਮ ਕੰਵਲਜੀਤ ਕੌਰ ਜਨੇਜਾ ਨੂੰ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਵਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਮੈਡਮ ਪ੍ਰਭਜੋਤ ਕੌਰ ਨੇ ਦੱਸਿਆ ਕਿ ਅੱਜ ਲਾਇਬ੍ਰੇਰੀ ਸਾਇੰਸ ਦੇ ਪਿਤਾਮਾ ਡਾ.ਐਸ.ਆਰ. ਰੰਗਾਨਾਥਨ ਦੀ ਜਨਮ ਐਨੀਵਰਸਰੀ ਤੇ ਕਵੀ ਦਰਬਾਰ ਤੇ ਬੁੱਕ ਰਿਲੀਜ਼ ਸਮਾਰੋਹ ਤੇ ਇਹ ਦਿਨ ਹੋਰ ਵੀ ਯਾਦਗਾਰੀ ਬਣ ਗਿਆ। ਅੰਤ ਵਿੱਚ ਮੈਡਮ ਕਵਲਜੀਤ ਕੌਰ ਜਨੇਜਾ ਜੀ ਨੇ ਡਾ. ਪਰਮਜੀਤ ਸਿੰਘ ਕਲਸੀ ਤੇ ਯੂਕੇ ਮੰਚ ਦਾ ਧੰਨਵਾਦ ਕੀਤਾ ਕਿ ਉਹਨਾਂ ਦੀ ਜੋ ਦਿਲੀ ਇੱਛਾ ਸੀ ਕੀ ਮੇਰੀ ਪੁਸਤਕ ਗੁਰੂ ਦੀ ਨਗਰੀ ਵਿੱਚ ਲੋਕ ਅਰਪਣ ਹੋਏ ਉਹ ਪੂਰੀ ਹੋ ਗਈ ਹੈ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਰਾਜਬੀਰ ਕੌਰ ਗਰੇਵਾਲ (ਪੰਜਾਬ ਪ੍ਰਧਾਨ) ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ.ਕੇ ਵਲੋਂ ਬਾਖੂਬੀ ਨਿਭਾਈ ਗਈ। ਅੰਤ ਵਿੱਚ ਪਰਮਜੀਤ ਸਿੰਘ ਕਲਸੀ ਨੇ ਆਏ ਹੋਏ ਕਵੀਆਂ ਦੀਆਂ ਰਚਨਾਵਾਂ ਦੀ ਪ੍ਰਸੰਸਾ ਕੀਤੀ ਤੇ ਭਵਿੱਖ ਵਿੱਚ ਵੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਰਸਾਰ ਕਰਨ ਲਈ ਅਜਿਹੇ ਪ੍ਰੋਗਰਾਮ ਕਰਨ ਲਈ ਪ੍ਰੇਰਿਆ।