ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਮਨਾਇਆ ਤੀਆਂ ਦਾ
ਤਿਉਹਾਰ
ਹੁਸ਼ਿਆਰਪੁਰ, 22 ਅਗਸਤ : ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ
ਸੁਸਾਇਟੀ ਕੋਮਲ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦਫ਼ਤਰ ਵਿਖੇ
ਤੀਆਂ ਦਾ ਤਿਉਹਾਰ ਮਨਾਇਆ ਗਿਆ। ਡਿਪਟੀ
ਕਮਿਸ਼ਨਰ ਨੇ ਕੇਕ ਕੱਟ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਰੈੱਡ ਕਰਾਸ ਵਿਖੇ
ਟ੍ਰੇਨਿੰਗ ਲੈ ਰਹੀਆਂ 200 ਦੇ ਕਰੀਬ ਬੱਚੀਆਂ ਤੋਂ ਇਲਾਵਾ ਅਧਿਆਪਕਾਂ ਅਤੇ ਸਟਾਫ ਮੈਂਬਰਾਂ
ਨੇ ਵੀ ਵੱਧ-ਚੜ੍ਹ ਕੇ ਸ਼ਿਰਕਤ ਕੀਤੀ ਅਤੇ ਸੱਭਿਆਚਾਰਕ ਵੰਨਗੀਆਂ ਰਾਹੀਂ ਖੂਬ ਰੰਗ ਬੰਨ੍ਹਿਆ
ਅਤੇ ਗਿੱਧੇ ਦੀਆਂ ਧਮਾਲਾਂ ਪਈਆਂ। ਡਿਪਟੀ ਕਮਿਸ਼ਨਰ ਨੇ ਸਭਨਾ ਨੂੰ ਤੇਜ ਦੀਆਂ ਵਧਾਈਆਂ
ਦਿੱਤੀਆਂ ਅਤੇ ਵਿਦਿਆਰਥਣਾਂ ਨਾਲ ਰਲ ਕੇ ਗਿੱਧਾ ਵੀ ਪਾਇਆ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਸਾਡੇ ਰਵਾਇਤੀ ਤਿਉਹਾਰ ਸਾਨੂੰ ਆਪਣੇ ਵਿਰਸੇ ਅਤੇ
ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੰਦੇ ਹਨ, ਜਿਸ ਕਾਰਨ ਸਾਡਾ ਸੱਭਿਆਚਾਰ ਦਿਨੋਂ-ਦਿਨ
ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਸਾਨੂੰ ਆਪਸੀ ਪਿਆਰ ਅਤੇ ਸਦਭਾਵਨਾ
ਨਾਲ ਮਿਲ ਬੈਠਣ ਦਾ ਮੌਕਾ ਵੀ ਪ੍ਰਦਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ
ਸੁਸਾਇਟੀ ਵੱਲੋਂ ਜਿਥੇ ਲੋੜਵੰਦਾਂ ਅਤੇ ਦਿਵਿਆਂਗਜਨ ਦੀ ਮਦਦ ਲਈ ਕਈ ਸਮਾਜ ਭਲਾਈ ਸਕੀਮਾਂ
ਚਲਾਈਆਂ ਜਾ ਰਹੀਆਂ ਹਨ, ਉੱਥੇ ਹੀ ਵਿਦਿਆਰਥੀਆਂ ਲਈ ਕਿੱਤਾ ਮੁਖੀ ਸਿਖਲਾਈ ਕੇਂਦਰ ਵੀ ਚਲਾਏ
ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਇਸ ਵੇਲੇ ਰੈੱਡ ਕਰਾਸ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ
ਕਿੱਤਾ ਮੁਖੀ ਕੋਰਸਾਂ ਵਿਚ 200 ਦੇ ਕਰੀਬ ਬੱਚੀਆਂ ਟ੍ਰੇਨਿੰਗ ਲੈ ਰਹੀਆਂ ਹਨ। ਇਸ ਮੌਕੇ ਰੇਡ
ਕ੍ਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ, ਕਰੀਅਰ ਕਾਊਂਸਲਰ ਰੋਜ਼ਗਾਰ ਦਫ਼ਤਰ ਅਦੱਤਿਆ ਰਾਣਾ
ਅਤੇ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।