ਹਿਮਾਚਲ ਪ੍ਰਦੇਸ਼ ਨਾਲ ਲਗਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਫੈਕਟਰੀ ਕਾਮਿਆਂ ਨੂੰ 12 ਨਵੰਬਰ ਨੂੰ ਮਤਦਾਨ ਲਈ ਮਿਲੇਗੀ ਛੁੱਟੀ

ਨਵਾਂਸ਼ਹਿਰ, 11 ਨਵੰਬਰ : ਪੰਜਾਬ ਦੇ ਕਿਰਤ ਵਿਭਾਗ ਵੱਲੋਂ ਪੰਜਾਬ ਦੀਆਂ ਫੈਕਟਰੀਆਂ 'ਚ ਕੰਮ ਕਰਦੇ ਹਿਮਾਚਲ ਦੇ ਕਰਮਚਾਰੀਆਂ ਨੂੰ 12 ਨਵੰਬਰ, 2022 ਦੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਮਤਦਾਨ ਵਾਸਤੇ 12 ਨਵੰਬਰ, 2022 ਦੀ 'ਪੇਡ ਛੁੱਟੀ' ਐਲਾਨੀ ਗਈ ਹੈ। ਇਹ ਛੁੱਟੀ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਮਾਲ ਜ਼ਿਲ੍ਹਿਆਂ ਦੀ ਹਦੂਦ ਵਿੱਚ ਹੋਵੇਗੀ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ, ਨਵਜੋਤ ਪਾਲ ਸਿੰਘ ਰੰਧਾਵਾ ਅਨੁਸਾਰ ਪੰਜਾਬ ਸਰਕਾਰ ਦੇ ਸਕੱਤਰ ਕਿਰਤ ਵਿਭਾਗ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਦੀਆਂ ਫੈਕਟਰੀਆਂ 'ਚ ਕੰਮ ਕਰਦੇ ਹਿਮਾਚਲ ਪ੍ਰਦੇਸ਼ ਦੇ ਮਤਦਾਤਾ ਕਰਮੀਆਂ ਲਈ 12 ਨਵੰਬਰ, 2022 ਦਾ ਦਿਨ 'ਕਲੋਜ਼ਡ ਡੇਅ' ਨੀਯਤ ਕੀਤਾ ਗਿਆ ਹੈ।