ਨਵਾਂਸ਼ਹਿਰ, 25 ਨਵੰਬਰ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਸਮਾਜਿਕ ਸੁਰੱਖਿਆ, ਇਸਤਰੀ
ਤੇ ਬਾਲ ਵਿਕਾਸ ਵਿਭਾਗ ਵੱਲੋਂ ਵੱਖ-ਵੱਖ ਵਰਗਾਂ ਲਈ ਚਲਾਈਆਂ ਜਾ ਰਹੀਆਂ ਪੈਨਸ਼ਨ ਤੇ
ਵਿੱਤੀ ਸਹਾਇਤਾ ਸਕੀਮਾਂ ਤਹਿਤ ਅਕਤੂਬਰ ਮਹੀਨੇ ਲਈ 74441 ਲਾਭਪਾਤਰੀਆਂ ਨੂੰ ਵਿੱਤੀ
ਲਾਭ ਦਿੱਤਾ ਗਿਆ ਹੈ।
ਵਿਭਾਗ ਦੀਆਂ ਵੱਖ-ਵੱਖ ਲਾਭਕਾਰੀ ਸਕੀਮਾਂ ਅਤੇ ਕਮੇਟੀਆਂ ਦੀ ਮਾਸਿਕ ਪ੍ਰਗਤੀ ਦੀ
ਸਮੀਖਿਆ ਉਪਰੰਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ
ਦੱਸਿਆ ਕਿ ਵਿਭਾਗ ਵੱਲੋਂ ਇਨ੍ਹਾਂ ਲਾਭਪਾਤਰੀਆਂ ਨੂੰ ਅਕਤੂਬਰ ਮਹੀਨੇ ਦੇ
11,16,61,500 ਰੁਪਏ ਦੇ ਵਿੱਤੀ ਲਾਭ/ਸਹਾਇਤਾ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ
ਕਿ ਵਿਭਾਗ ਵੱਲੋਂ ਪੇਸ਼ ਕੀਤੀ ਪ੍ਰਗਤੀ ਰਿਪੋਰਟ ਅਨੁਸਾਰ ਅਕਤੂਬਰ ਮਹੀਨੇ ਦੌਰਨ ਵਿਭਾਗ
ਨਾਲ ਸਬੰਧਤ ਪੈਨਸ਼ਨ ਸਕੀਮਾਂ/ਵਿੱਤੀ ਸਹਾਇਤਾ ਸਕੀਮਾਂ ਦਾ ਲਾਭ ਲੈਣ ਹਿੱਤ ਪ੍ਰਾਪਤ
ਹੋਈਆਂ 1062 ਅਰਜ਼ੀਆਂ 'ਚੋਂ ਯੋਗ ਪਾਈਆਂ ਗਈਆਂ 1027 ਅਰਜ਼ੀਆਂ ਮਨਜੂਰ ਕੀਤੀਆਂ ਗਈਆਂ।
ਉਨ੍ਹਾਂ ਇਸ ਮੌਕੇ ਜ਼ਿਲ੍ਹੇ 'ਚ ਸਰਗਰਮ ਦਿਵਿਆਂਗਜਨਾਂ ਦੀ ਭਲਾਈ ਲਈ ਵੱਖ-ਵੱਖ ਸਵੈ-ਸੇਵੀ
ਸੰਸਥਾਂਵਾਂ ਨੂੰ ਆਰ ਪੀ ਡਬਲਯੂ ਡੀ ਐਕਟ-2016 ਤਹਿਤ ਰਜਿਸਟ੍ਰੇਸ਼ਨ ਲਈ ਦਫ਼ਤਰ ਸਮਾਜਿਕ
ਸੁਰੱਖਿਆ ਵਿਭਾਗ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਨਵਾਂਸ਼ਹਿਰ ਵਿਖੇ ਸੰਪਰਕ ਕਰਨ ਲਈ ਵੀ
ਆਖਿਆ।
ਇਸ ਮੌਕੇ ਜ਼ਿਲ੍ਹਾ ਪੱਧਰੀ ਦਿਵਿਆਂਗਜਨ ਕਮੇਟੀ ਦੀ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ
ਦਿਵਿਆਂਗਜਨਾਂ ਨੂੰ ਸਰਕਾਰ ਵੱਲੋਂ ਉਪਲਬਧ ਵੱਖ-ਵੱਖ ਸੁਵਿਧਾਵਾਂ ਯਕੀਨੀ ਬਣਾਉਣ ਦੇ ਲਈ
ਵੱਖ-ਵੱਖ ਵਿਭਾਗਾਂ ਨਾਲ ਚਰਚਾ ਕੀਤੀ ਗਈ। ਇਨ੍ਹਾਂ 'ਚ ਯੂ ਡੀ ਆਈ ਡੀ ਕਾਰਡ, ਦਿਵਿਆਂਗ
ਪੈਨਸ਼ਨ ਅਤੇ ਦਿਵਿਆਂਗਤਾ ਸਰਟੀਫ਼ਿਕੇਟ ਵਿੱਚ ਜ਼ਿਲ੍ਹਾ ਪੱਧਰ 'ਤੇ ਆਉਂਦੀਆਂ ਮੁਸ਼ਕਿਲਾਂ
'ਤੇ ਵੀ ਵਿਚਾਰ ਕੀਤਾ ਗਿਆ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵੱਲੋਂ ਦੱਸਿਆ ਗਿਆ ਕਿ
ਹੁਣ ਤੱਕ ਪੋਰਟਲ 'ਤੇ 10426 ਦਿਵਿਆਂਗਜਨ ਰਜਿਸਟਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ
'ਚੋਂ 7752 ਦੇ ਯੂ ਡੀ ਆਈ ਡੀ ਕਾਰਡ ਬਣਾਏ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਦਿਵਿਆਂਗਤਾ ਕਾਰਡ ਬਣਾਉਣ ਲਈ ਸਬੰਧਤ ਬਿਨੇਕਾਰ ਦੀ ਜ਼ਿਲ੍ਹੇ ਤੋਂ
ਬਾਹਰ ਵੱਡੀਆਂ ਸਿਹਤ ਸੰਸਥਾਂਵਾਂ/ਮਾਹਿਰਾਂ ਪਾਸੋਂ ਮੁਲਾਂਕਣ ਲਈ ਲੰਬਿਤ ਵੱਖ-ਵੱਖ
ਅਰਜ਼ੀਆਂ ਦੇ ਵੇਰਵੇ ਮੰਗੇ ਤਾਂ ਜੋ ਉਨ੍ਹਾਂ ਦੀ ਦਿਵਿਆਂਗਤਾ ਦੇ ਪੱਧਰ ਨੂੰ ਜਾਂਚ ਜਾਂਚਣ
ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ।
ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਐਪੀਡੋਮੋਲੋਜਿਸਟ ਡਾ.
ਰਾਕੇਸ਼ ਪਾਲ, ਜ਼ਿਲ੍ਹਾ ਹਸਪਤਾਲ ਦੇ ਮਨੋਰੋਗ ਮਾਹਿਰ ਡਾ. ਨਵਰੀਤ, ਜ਼ਿਲ੍ਹਾ ਸਮਾਜਿਕ
ਸੁਰੱਖਿਆ ਅਫ਼ਸਰ ਰਾਜਕਿਰਨ ਕੌਰ, ਉੱਪ ਜ਼ਿਲ੍ਹਾ ਸਿਖਿਆ ਅਫ਼ਸਰ ਵਰਿੰਦਰ ਕੁਮਾਰ ਤੇ ਯੂ ਡੀ
ਆਈ ਡੀ ਨਾਲ ਸਬੰਧਤ ਡਾਟਾ ਐਂਟਰੀ ਅਪਰੇਟਰ ਰੇਖਾ ਤੇ ਹੋਰ ਕਮੇਟੀ ਮੈਂਬਰ ਮੌਜੂਦ ਸਨ।